ਪ੍ਰਕਾਸ਼ ਪੁਰਬ ਮੌਕੇ ਗਿਆਨੀ ਇਕਬਾਲ ਸਿੰਘ ਨੇ ਨਿਤੀਸ਼ ਕੁਮਾਰ ਦੇ ਸੋਹਲੇ ਗਾਏ
ਨਿਤੀਸ਼ ਕੁਮਾਰ ਦੀ ਤੁਲਨਾ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੀ.......
ਅੰਮ੍ਰਿਤਸਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਦੇ ਨਾਲ-ਨਾਲ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਵੀ ਮਨਾਇਆ ਗਿਆ। ਇਹ ਪਹਿਲੀ ਵਾਰ ਸੀ ਜਿਥੇ ਗੁਰੂ ਸਾਹਿਬ ਦੀ ਗੱਲ ਕਰਨ ਦੀ ਬਜਾਏ ਤਖ਼ਤ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦਾ ਪੂਰਾ ਜ਼ੋਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਜੀ ਹਜ਼ੂਰੀ ਕਰਨ ਵਿਚ ਲੱਗਾ ਹੋਇਆ ਸੀ। ਤਖ਼ਤ ਸਾਹਿਬ ਤੋਂ ਅਕਸਰ ਗਿਆਨੀ ਇਕਬਾਲ ਸਿੰਘ ''ਸਰਦਾਰੀਆਂ'' ਵੰਡਦੇ ਹੀ ਰਹਿਦੇ ਹਨ ਇਸ ਪਾਵਨ ਦਿਹਾੜੇ 'ਤੇ ਵੀ ਉਨ੍ਹਾਂ ਅਪਣੀ ਆਦਤ ਮੁਤਾਬਕ ਪਹਿਲਾਂ ਨਿਤੀਸ਼ ਕੁਮਾਰ ਦੀ ਤੁਲਨਾ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੀ
ਤੇ ਫਿਰ ਉਨ੍ਹਾਂ ਨੂੰ ਸੇਵਾ ਰਤਨ ਦਾ ਐਵਾਰਡ ਆਪ ਹੀ ਜਾਰੀ ਕਰ ਦਿਤਾ। ਤਖ਼ਤ ਦੀ ਮਰਿਆਦਾ ਤਾਰ-ਤਾਰ ਕਰਦਿਆਂ ਗਿਆਨੀ ਇਕਬਾਲ ਸਿੰਘ ਨੇ ਸਾਰੇ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਅੰਮ੍ਰਿਤ ਵੇਲੇ ਅਰਦਾਸ ਕਰਦਿਆਂ ਵੀ ਬਿਹਾਰ ਦੇ ਮੁੱਖ ਮੰਤਰੀ ਦੇ ਸੋਹਲੇ ਗਾਉਣੇ ਜਾਰੀ ਰਖੇ। ਇਥੇ ਹੀ ਬਸ ਨਹੀਂ ਗਿਆਨੀ ਇਕਬਾਲ ਸਿੰਘ ਨੇ ਨਿਤੀਸ਼ ਕਮਾਰ ਦਾ ਨਾਮ ਲੈ ਕੇ ਵਿਸ਼ੇਸ਼ ਤੌਰ 'ਤੇ ਅਰਦਾਸ ਕੀਤੀ, ਜਦਕਿ ਤਖ਼ਤ ਤੋਂ ਬੇਅੰਮ੍ਰਿਤੀਏ, ਪਤਿਤ ਜਾਂ ਕਿਸੇ ਵੀ ਵਿਅਕਤੀ ਦਾ ਨਾਮ ਲੈ ਕੇ ਅਰਦਾਸ ਨਹੀਂ ਕੀਤੀ ਜਾਂਦੀ, ਪਰ ਨਿਤੀਸ਼ ਭਗਤੀ ਵਿਚ ਰੰਗੇ ਗਿਆਨੀ ਇਕਬਾਲ ਸਿੰਘ ਨੇ ਕਿਸੇ ਵੀ ਪ੍ਰੰਪਰਾ ਦਾ ਖ਼ਿਆਲ ਨਹੀਂ ਰਖਿਆ।