SGPC News: ਦਸਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੈਂਕਾਂ ਵਿਚ ਵੀ ਛੁੱਟੀ ਐਲਾਨੇ ਪੰਜਾਬ ਸਰਕਾਰ: ਐਡਵੋਕੇਟ ਧਾਮੀ
ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ
SGPC News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ 17 ਜਨਵਰੀ 2024 ਨੂੰ ਬੈਂਕਾਂ ਅੰਦਰ ਵੀ ਸਰਕਾਰੀ ਛੁੱਟੀ ਐਲਾਨਣ ਲਈ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ।
ਇਸ ਸਬੰਧ ਵਿਚ ਵੱਖ-ਵੱਖ ਬੈਂਕ ਐਸੋਸੀਏਸ਼ਨਾਂ ਅਤੇ ਯੂਨੀਅਨਾਂ ਵਲੋਂ ਸ਼੍ਰੋਮਣੀ ਕਮੇਟੀ ਕੋਲ ਮਾਮਲਾ ਉਠਾਉਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਅਹਿਮ ਮਾਮਲੇ ਵੱਲ ਗੌਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਸਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ’ਤੇ ਹਰ ਮੁਲਾਜ਼ਮ ਵਰਗ ਲਈ ਛੁੱਟੀ ਇਕਸਾਰ ਹੋਣੀ ਚਾਹੀਦੀ ਹੈ।
ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਵੱਖ-ਵੱਖ ਯੂਨੀਅਨਾਂ ਵਲੋਂ ਸ਼੍ਰੋਮਣੀ ਕਮੇਟੀ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਇਸ ਵਾਰ ਬੈਂਕਾਂ ਅੰਦਰ ਸਰਕਾਰ ਵਲੋਂ ਪ੍ਰਕਾਸ਼ ਗੁਰਪੁਰਬ ਦੀ ਛੁੱਟੀ ਨਹੀਂ ਐਲਾਨੀ ਗਈ, ਜਦਕਿ ਇਸ ਤੋਂ ਪਹਿਲਾਂ ਹਰ ਸਾਲ ਸਰਕਾਰੀ ਤੌਰ ’ਤੇ ਐਲਾਨੀ ਜਾਂਦੀ ਛੁੱਟੀ ਬੈਂਕਾਂ ਅੰਦਰ ਵੀ ਲਾਗੂ ਹੁੰਦੀ ਸੀ। ਉਨ੍ਹਾਂ ਮੁੱਖ ਸਕੱਤਰ ਨੂੰ ਕਿਹਾ ਕਿ ਇਸ ਸਬੰਧ ਵਿਚ ਲੋੜੀਂਦੀ ਕਾਰਵਾਈ ਕੀਤੀ ਜਾਵੇ, ਕਿਉਂਕਿ ਛੁੱਟੀ ਨਾ ਐਲਾਨਣ ਕਰਕੇ ਬੈਂਕਾਂ ਨਾਲ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਅੰਦਰ ਰੋਸ ਦੀ ਭਾਵਨਾ ਦੇ ਨਾਲ-ਨਾਲ ਚੱਲਦੀ ਆ ਰਹੀ ਰਵਾਇਤ ਦੀ ਵੀ ਉਲੰਘਣਾ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਜ਼ਰੂਰੀ ਅਤੇ ਪਹਿਲ ਦੇ ਆਧਾਰ ’ਤੇ ਲਿਆ ਜਾਵੇ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।