ਦਹਾਕਿਆਂ ਬੱਧੀ ਸ਼੍ਰੋ੍ਰਮਣੀ ਕਮੇਟੀ ਤੇ ਕਾਬਜ਼ ਲੋਕਾਂ ਨੇ ਨਰੈਣੂ ਮਹੰਤ ਨੂੰ ਮਾਤ ਪਾਈ : ਭਾਈ ਰਣਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਤੇ ਕਾਬਜ਼ ਲੋਕਾਂ ਨੇ ਨਰੈਣੂ......

Bhai Ranjit Singh

ਸੁਨਾਮ ਊਧਮ ਸਿੰਘ ਵਾਲਾ : ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਤੇ ਕਾਬਜ਼ ਲੋਕਾਂ ਨੇ ਨਰੈਣੂ ਮਹੰਤ ਨੂੰ ਮਾਤ ਪਾ ਦਿਤੀ ਹੈ। ਉਨਾ ਕਿਹਾ ਕਿ ਸੌ ਸਾਲ ਦੇ ਅਰਸੇ ਦੌਰਾਨ ਸ਼੍ਰੋਮਣੀ ਕਮੇਟੀ ਨੇ ਪੜ੍ਹਾਈ ਲਈ ਕਿਸੇ ਵੀ ਲੋੜਵੰਦ ਸਿੱਖ ਪਰਵਾਰ ਦੇ ਬੱਚੇ ਦੀ ਫ਼ੀਸ ਨਹੀਂ ਦਿਤੀ ਸਿਰਫ ਦੋ ਵਕਤ ਦੇ ਪ੍ਰਸ਼ਾਦੇ ਤੋਂ ਬਗੈਰ ਹੋਰ ਕੁਝ ਨਹੀਂ ਕੀਤਾ। ਭਾਈ ਰਣਜੀਤ ਸਿੰਘ ਚੀਮਾਂ ਮੰਡੀ ਵਿਖੇ ਬਾਬਾ ਜੈਵਿੰਦਰ ਸਿੰਘ ਦੀ ਮਾਤਾ ਦੇ ਨਮਿੱਤ ਰੱਖੇ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਲ ਹੋਣ ਲਈ ਆਏ ਸਨ।

ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਨਰੈਣੂ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਕੋਈ ਵੀ ਸਿੱਖ ਪੰਥਕ ਲਹਿਰ ਵਿਚ ਸ਼ਾਮਲ ਹੋ ਸਕਦਾ ਹੈ ਬੇਸ਼ੱਕ ਉਹ ਕਿਸੇ ਵੀ ਪਾਰਟੀ ਵਿਚ ਕੰਮ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਰਾਜਸੀ ਇੱਛਾ ਰੱਖਣ ਵਾਲੇ ਲਈ ਪੰਥਕ ਲਹਿਰ ਵਿਚ ਕੋਈ ਥਾਂ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗਰੁਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਵਿਚ ਖੜਾ ਹੈ।

ਅਕਾਲੀਆਂ ਦੇ ਰਾਜ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਭਾਈ ਰਣਜੀਤ ਸਿੰਘ ਨੇ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਖ਼ਾਲਿਸਤਾਨੀ ਸਾਹਿਤ ਰੱਖਣ ਦੇ ਦੋਸ਼ 'ਚ ਦਿਤੀ ਉਮਰ ਕੈਦ ਦੀ ਸਜ਼ਾ ਸਬੰਧੀ ਬੋਲਦਿਆਂ ਕਿਹਾ ਕਿ ਸਿੱਖਾਂ ਨੂੰ ਇਸ ਬਾਰੇ ਘਬਰਾਉਣ ਦੀ ਲੋੜ ਨਹੀਂ ਉਕਤ ਫ਼ੈਸਲੇ ਵਿਰੁਧ ਹਾਈਕੋਰਟ ਵਿਚ ਪਟੀਸ਼ਨ ਦਾਖਲ ਹੋਣ ਤੋਂ ਬਾਅਦ ਸਿੱਖਾਂ ਨੂੰ ਇੰਨਸਾਫ਼ ਮਿਲੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦੀ ਇਕ ਅਦਾਲਤ ਨੇ ਮੇਰੇ ਨਾਲ ਵੀ ਅਜਿਹਾ ਹੀ ਕੀਤਾ ਸੀ ਅਤੇ ਉੱਪਰਲੀ ਅਦਾਲਤ ਵਲੋਂ ਫ਼ੈਸਲਾ ਬਦਲ ਦਿਤੇ ਜਾਣ ਤੋਂ ਬਾਅਦ ਜੱਜ ਨੂੰ ਦਿੱਲੀ ਵਿਚ ਕੋਈ ਜਗ੍ਹਾ ਨਹੀਂ ਮਿਲੀ ਸੀ।