ਮਤੇ ਦਾ ਵਿਰੋਧ ਕਰ ਕੇ ਬਾਦਲਕਿਆਂ ਨੇ ਸ਼੍ਰੋ. ਕਮੇਟੀ ਚੋਣਾਂ ਤੋਂ ਪਹਿਲਾਂ ਹੀ ਮੰਨੀ ਹਾਰ : ਮਾਝੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਦੀ ਚੋਣ ਛੇਤੀ ਕਰਵਾਉਣ ਲਈ ਵਿਧਾਨ ਸਭਾ 'ਚ ਪਾਸ ਹੋਏ ਮਤੇ ਦਾ ਸਵਾਗਤ ਕਰਦਿਆਂ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ.....

Bhai Harjinder Singh Majhi

ਕੋਟਕਪੂਰਾ : ਸ਼੍ਰੋਮਣੀ ਕਮੇਟੀ ਦੀ ਚੋਣ ਛੇਤੀ ਕਰਵਾਉਣ ਲਈ ਵਿਧਾਨ ਸਭਾ 'ਚ ਪਾਸ ਹੋਏ ਮਤੇ ਦਾ ਸਵਾਗਤ ਕਰਦਿਆਂ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ ਏ ਖਾਲਸਾ ਨੇ ਆਖਿਆ ਕਿ ਬਾਦਲਕਿਆਂ ਨੇ ਵਿਧਾਨ ਸਭਾ 'ਚ ਇਹ ਮਤਾ ਲਿਆਉਣ ਵਾਲੇ ਐਡਵੋਕੇਟ ਐਚ ਐਸ ਫੂਲਕਾ ਦਾ ਵਿਰੋਧ ਕਰ ਕੇ ਸ਼੍ਰੋਮਣੀ ਕਮੇਟੀ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਕਬੂਲ ਲਈ ਹੈ। ਉਨਾਂ ਕਿਹਾ ਕਿ ਸ਼੍ਰ੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੀ ਮਿਆਦ ਸਤੰਬਰ 2016 'ਚ ਪੂਰੀ ਹੋ ਚੁੱਕੀ ਹੈ। ਉਨਾਂ ਹੈਰਾਨੀ ਪ੍ਰਗਟਾਈ ਕਿ ਜਦੋਂ ਪੰਚਾਇਤੀ ਚੋਣਾਂ ਤੋਂ ਲੈ ਕੇ ਵਿਧਾਨ ਸਭਾ ਅਤੇ

ਲੋਕ ਸਭਾ ਚੋਣਾਂ ਤਕ ਸਾਰੀਆਂ ਚੋਣਾਂ ਨਿਸ਼ਚਿਤ ਸਮੇਂ 'ਤੇ ਹੁੰਦੀਆਂ ਹਨ ਤਾਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਐਨੀ ਦੇਰੀ ਕਿਉਂ ਕੀਤੀ ਜਾ ਰਹੀ ਹੈ? ਭਾਈ ਮਾਝੀ ਨੇ ਦਸਿਆ ਕਿ ਬਾਦਲਾਂ ਨੇ ਸੌਦਾ ਸਾਧ ਨੂੰ ਬਿਨ ਮੰਗਿਆਂ ਹੀਂ ਜਥੇਦਾਰਾਂ ਤੋਂ ਮੁਅਫ਼ੀ ਦਵਾ ਕੇ ਅਤੇ ਬੇਅਦਬੀ ਘਟਨਾਕ੍ਰਮ ਦਾ ਸ਼ਾਂਤਮਈ ਵਿਰੋਧ ਕਰਨ ਮੌਕੇ ਸਿੱਖਾਂ 'ਤੇ ਪੁਲਿਸ ਤੋਂ ਗੋਲੀਆਂ, ਡਾਂਗਾਂ ਨਾਲ ਕਹਿਰ ਢਾਉਂਦਿਆਂ 2 ਸਿੱਖ ਨੌਜਵਾਨਾ ਨੂੰ ਸ਼ਹੀਦ ਕਰਵਾ ਕੇ ਪੰਜਾਬੀਆਂ ਅਤੇ ਸਿੱਖਾਂ ਵਿਚੋਂ ਆਪਣਾ ਆਧਾਰ ਗਵਾ ਲਿਆ ਹੈ। ਜਿਸ ਦੇ ਫਲਸਰੂਪ ਸ਼੍ਰੋਮਣੀ ਕਮੇਟੀ ਚੋਣਾਂ 'ਚ ਵੀ ਉਨਾ ਨੂੰ ਵਿਧਾਨ ਸਭਾ ਵਾਲਾ ਹਸ਼ਰ ਹੋਣ ਦਾ ਡਰ ਸਤਾ ਰਿਹਾ ਹੈ।

ਇਸ ਲਈ ਇਹ ਗੈਰ ਕਾਨੂੰਨੀ ਢੰਗ ਨਾਲ ਹੀ ਗੁਰਧਾਮਾਂ 'ਤੇ ਕਾਬਜ਼ ਰਹਿਣਾ ਚਾਹੁੰਦੇ ਹਨ। ਭਾਈ ਮਾਝੀ ਨੇ ਕਿਹਾ ਕਿ ਨਵਾਂ ਸ਼ਹਿਰ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾ ਨੂੰ ਸੁਣਾਈ ਗਈ ਉਮਰ ਕੈਦ ਦਾ ਸਮੂਹ ਇੰਨਸਾਫ਼ ਪਸੰਦ ਲੋਕ ਤਾਂ ਵਿਰੋਧ ਕਰ ਰਹੇ ਹਨ ਪਰ ਬਾਦਲ ਪਰਿਵਾਰ, ਬਾਦਲ ਦਲ ਦੇ ਅਕਾਲੀ ਆਗੂ, ਸ਼੍ਰੋਮਣੀ ਕਮੇਟੀ ਅਤੇ ਲਿਫ਼ਾਫ਼ਿਆਂ 'ਚੋਂ ਨਿਕਲੇ ਜਥੇਦਾਰਾਂ ਨੇ ਬਿਲਕੁਲ ਚੁੱਪੀ ਧਾਰੀ ਹੋਈ ਹੈ, ਜਿਵੇਂ ਕੁਝ ਵੀ ਵਾਪਰਿਆ ਹੀ ਨਾ ਹੋਵੇ। ਉਨਾਂ ਕਿਹਾ ਕਿ ਬੇਅਦਬੀ ਘਟਨਾਕ੍ਰਮ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੌਦਾ ਸਾਧ ਦੇ ਚੇਲਿਆਂ

ਜਾਂ ਡੇਰਾ ਸਿਰਸਾ ਖ਼ਿਲਾਫ਼ ਵੀ ਕੋਈ ਸ਼ਬਦ ਇਨਾ ਦੇ ਮੂੰਹੋਂ ਅਜੇ ਤਕ ਨਹੀਂ ਨਿਕਲਿਆ। ਫਿਰ ਅਜੇ ਵੀ ਇਨਾਂ ਵਲੋਂ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਬਣਾਈ ਰੱਖਣ ਲਈ ਯਤਨਸ਼ੀਲ ਰਹਿਣ ਵਾਲੀਆਂ ਗੱਲ੍ਹਾਂ ਸਮਝ ਤੋਂ ਬਾਹਰ ਹਨ।