ਐਸ.ਆਈ.ਟੀ. ਦੀਆਂ ਜਾਂਚ ਰੀਪੋਰਟਾਂ ਨੂੰ ਰੱਦ ਕਰਨ ਦੇ ਫ਼ੈਸਲੇ ਦੇ ਵਿਰੋਧ ’ਚ ਭੜਕੇ ਪੰਥਦਰਦੀ
ਸੂਬਾ ਸਰਕਾਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਵਾਲੀ ਜਾਂਚ ਰਿਪੋਰਟ ਨੂੰ ਜਨਤਕ ਕਰੇ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ
ਕੋਟਕਪੂਰਾ (ਗੁਰਿੰਦਰ ਸਿੰਘ) : ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਐਸ.ਆਈ.ਟੀ ਅਤੇ ਜਾਂਚ ਰੀਪੋਰਟਾਂ ਨੂੰ ਰੱਦ ਕਰਨ ਦੇ ਹਾਈ ਕੋਰਟ ਦੇ ਫ਼ੈਸਲੇ ਦੇ ਵਿਰੋਧ ਵਿਚ ਪੰਥਕ ਜਥੇਬੰਦੀਆਂ ਨੇ ਸੈਸ਼ਨ ਕੋਰਟ ਫ਼ਰੀਦਕੋਟ ਦੇ ਬਾਹਰ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਦਿਆਂ ਹਾਈ ਕੋਰਟ ਦੇ ਜਸਟਿਸ ਅਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਦੇ ਨਾਂਅ ਮੰਗ ਪੱਤਰ ਪ੍ਰਸ਼ਾਸਨ ਨੂੰ ਸੌਂਪਿਆ।
ਅਪਣੇ ਸੰਬੋਧਨ ਦੌਰਾਨ ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਅਤੇ ਹੋਰ ਬੁਲਾਰਿਆਂ ਨੇ ਆਖਿਆ ਕਿ ਬਾਦਲ ਸਰਕਾਰ ਨੇ ਇਕ ਸੋਚੀ ਸਮਝੀ ਸਾਜ਼ਸ਼ ਤਹਿਤ ਪਹਿਲਾਂ ਬੇਅਦਬੀ ਕਾਂਡ ਨੂੰ ਅੰਜਾਮ ਦਿਤਾ ਤੇ ਫਿਰ ਕੋਟਕਪੂਰਾ ਅਤੇ ਬਹਿਬਲ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਪੁਲਸੀਆ ਅਤਿਆਚਾਰ ਢਾਹਿਆ।
ਉਨ੍ਹਾਂ ਆਖਿਆ ਕਿ ਲਗਾਤਾਰ ਕਮਿਸ਼ਨਾਂ ਅਤੇ ਐਸਆਈਟੀਜ਼ ਦਾ ਗਠਨ ਹੋਣ, ਵਾਰ ਵਾਰ ਪੀੜਤ ਪ੍ਰਵਾਰਾਂ ਦੇ ਬਿਆਨ ਦਰਜ ਕਰ ਕੇ ਜ਼ਲੀਲ ਕਰਨ ਅਤੇ ਇਨਸਾਫ਼ ਮਿਲਣ ਦੀ ਕਗਾਰ ’ਤੇ ਆਉਣ ਮੌਕੇ ਐਸ.ਆਈ.ਟੀ. ਸਮੇਤ ਜਾਂਚ ਰਿਪੋਰਟਾਂ ਨੂੰ ਰੱਦ ਕਰਨ ਦੇ ਅਦਾਲਤ ਦੇ ਫ਼ੈਸਲੇ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਨਿਰਾਸ਼ ਹੀ ਨਹੀਂ ਕੀਤਾ ਬਲਕਿ ਉਨ੍ਹਾਂ ਦੇ ਹਿਰਦੇ ਵੀ ਵਲੂੰਧਰ ਕੇ ਰੱਖ ਦਿੱਤੇ ਹਨ।
ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਵਾਲੀ ਜਾਂਚ ਰਿਪੋਰਟ ਨੂੰ ਜਨਤਕ ਕਰੇ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ।
ਹਰਪਾਲ ਸਿੰਘ, ਗੁਰਦੀਪ ਸਿੰਘ, ਬਲਕਾਰ ਸਿੰਘ, ਦਰਸ਼ਨ ਸਿੰਘ, ਲਖਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਬਲਰਾਜ ਸਿੰਘ, ਹਰਪਾਲ ਸਿੰਘ ਆਦਿ ਨੇ ਕਿਹਾ ਕਿ ਹਾਈ ਕੋਰਟ ਦੇ ਫ਼ੈਸਲੇ ਵਿਰੁਧ 19 ਅਪ੍ਰੈਲ ਨੂੰ ਹਾਈ ਕੋਰਟ ਮੂਹਰੇ ਵਿਸ਼ਾਲ ਧਰਨਾ ਦਿਤਾ ਜਾਵੇਗਾ
ਤਾਂ ਜੋ 6 ਸਾਲ ਤੋਂ ਇਨਸਾਫ ਦੀ ਉਡੀਕ ’ਚ ਬੈਠੀਆਂ ਸੰਗਤਾਂ ਨੂੰ ਇਨਸਾਫ਼ ਮਿਲ ਸਕੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਸਿੰਘ, ਗੁਰਤੇਜ ਸਿੰਘ, ਬੀਬੀ ਸੁਖਜੀਤ ਕੌਰ, ਹਰਭਜਨ ਸਿੰਘ, ਗੁਰਚਰਨ ਸਿੰਘ, ਕੁਲਵਿੰਦਰ ਸਿੰਘ, ਸੁਵਰਾਜ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।