Panthak News: ਢਾਈ ਲੱਖ ਰੁਪਏ ਮਹੀਨੇ ਦੀ ਕਮਾਈ ਛੱਡ ਕੇ ਸਿੱਖੀ ਪ੍ਰਚਾਰ 'ਚ ਜੁਟਿਆ ਸਿੰਘ ਸੱਜਣ ਵਾਲਾ ਦਿਨੇਸ਼ ਸਿੰਘ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਨੌਜਵਾਨ ਦਿਨੇਸ਼ ਕੁਮਾਰ ਤੋਂ ਬਣਿਆ ਦਿਨੇਸ਼ ਸਿੰਘ

Dinesh Singh

Panthak News: ਚੰਡੀਗੜ੍ਹ (ਬਠਲਾਣਾ): ਬੀਤੇ ਦਿਨ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਉਦਘਾਟਨੀ ਸਮਾਗਮ ਵਿਚ ਦੇਸ਼ ਵਿਦੇਸ਼ ਤੋਂ ਆਏ ਵਿਦਵਾਨਾਂ ਨੇ ਅਪਣੇ ਵਿਚਾਰਾਂ ਰਾਹੀਂ ਇਸ ਪ੍ਰਾਜੈਕਟ ਨੂੰ ਨੇਪਰੇ ਚੜ੍ਹਾਉਣ ਲਈ ਸਪੋਕਸਮੈਨ ਟਰੱਸਟ ਦੇ ਮੈਂਬਰਾਂ ਦੇ ਸਿਦਕ ਦੀ ਪ੍ਰਸ਼ੰਸਾ ਕੀਤੀ।  ਇਨ੍ਹਾਂ ਹੀ ਬੁਲਾਰਿਆਂ ਵਿਚ ਜੋ ਸ਼ਖ਼ਸ ਸੱਭ ਤੋਂ ਵੱਧ ਸੰਗਤਾਂ ਦੇ ਸਤਿਕਾਰ ਦਾ ਪਾਤਰ ਬਣਿਆ ਉਹ ਖ਼ਾਸ ਬੰਦਾ ਸੀ, ਦਿਨੇਸ਼ ਸਿੰਘ। 

ਮੱਧ ਪ੍ਰਦੇਸ਼ ਦੇ ਜੰਮਪਾਲ ਦਿਨੇਸ਼ ਕੁਮਾਰ ਨੇ ਕਿਹਾ ਕਿ ਉਹ ਜੀਵਨ ਭਰ ਸਿੱਖੀ ਪ੍ਰਚਾਰ ਨੂੰ ਸਮਰਪਿਤ ਰਹੇਗਾ ਅਤੇ ਉਨ੍ਹਾਂ ਨੇ ਸਿੱਖੀ ਪ੍ਰਚਾਰ ਲਈ ਉੱਚਾ ਦਰ ਬਾਬੇ ਨਾਨਕ ਦੇ ਪ੍ਰਾਜੈਕਟ ਦੀ ਭੂਮਿਕਾ ਨੂੰ ਅਹਿਮ ਦਸਿਆ। ਸਮਾਗਮ ਦੇ ਇਕ ਪਾਸੇ ਸਪੋਕਸਮੈਨ ਦੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਸ ਨੇ ਬੀ ਐਸ ਸੀ, ਐਲ ਐਲ ਬੀ ਅਤੇ ਐਲ ਐਲ ਐਮ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਉਹ ਦਿੱਲੀ ਵਿਚ ਵਕਾਲਤ ਕਰ ਰਿਹਾ ਸੀ ਅਤੇ ਉਸ ਨੇ ਦਾਅਵਾ ਕੀਤਾ ਕਿ ਉਸ ਦੀ ਮਾਸਿਕ ਕਮਾਈ 2.50 ਲੱਖ ਰੁਪਏ ਸੀ। 

ਇਕ ਸਵਾਲ ਦੇ ਜਵਾਬ ਵਿਚ ਉਸ ਨੇ ਦਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਅਪਣਾ ਆਦਰਸ਼ ਮੰਨਦਾ ਹੈ ਜਿਨ੍ਹਾਂ ਨੇ ਸਮਾਜ ਦੇ ਲਿਤਾੜੇ ਲੋਕਾਂ ਨੂੰ ਸਮਾਨਤਾ ਦਾ ਦਰਜਾ ਦਿਤਾ ਅਤੇ ਸਰਦਾਰੀ ਬਖ਼ਸ਼ੀ। ਦਿਨੇਸ਼ ਸਿੰਘ ਨੇ ਖ਼ਾਲਸਾ ਸਾਜਨਾ ਦਿਵਸ ਨੂੰ ਦੁਨੀਆਂ ਦੀ ਸੱਭ ਤੋਂ ਵੱਡੀ ਕ੍ਰਾਂਤੀ ਦਸਿਆ।  ਦਿਨੇਸ਼ ਸਿੰਘ ਨੇ ਦੋਸ਼ ਲਾਇਆ ਕਿ ਦੁਨੀਆਂ ਦੇ ਸੱਭ ਤੋਂ ਵਿਗਿਆਨਕ ਅਤੇ ਆਧੁਨਿਕ ਧਰਮ ਦਾ ਪ੍ਰਚਾਰ ਨਾ ਹੋਣ ਕਰ ਕੇ ਇਹ ਦੁਨੀਆਂ ਵਿਚ ਬਹੁਤਾ ਨਹੀਂ ਵੱਧ ਫੁਲ ਸਕਿਆ। ਇਸ ਲਈ ਧਾਰਮਕ ਸੰਸਥਾਵਾਂ ਜ਼ਿੰਮੇਵਾਰ ਹਨ। ਉਸ ਨੇ ਦਸਿਆ ਕਿ ਉਹ ਹੁਣ ਤਕ ਐਮ ਪੀ, ਯੂ ਪੀ ਸਮੇਤ ਕਈ ਰਾਜਾਂ ਵਿਚ 25 ਪ੍ਰਵਾਰਾਂ ਨੂੰ ਸਿੱਖੀ ਨਾਲ ਜੋੜ ਚੁੱਕਾ ਹੈ ਅਤੇ ਉਸ ਦੇ ਅਪਣੇ ਪ੍ਰਵਾਰ ਵਿਚ ਉਸ ਦਾ ਛੋਟਾ ਭਰਾ ਮਨੋਜ ਕੁਮਾਰ ਤੋਂ ਮਨੇਜ ਸਿੰਘ ਬਣ ਗਿਆ ਹੈ ਅਤੇ ਪਿਤਾ ਜੋ ਡਾਕਟਰੀ ਪੇਸ਼ੇ ਵਿਚ ਹਨ ਉਹ ਵੀ ਸਿੱਖੀ ਸਿਧਾਂਤ ਨਾਲ ਜੁੜ ਗਏ ਹਨ। ਦਿਨੇਸ਼ ਸਿੰਘ ਜੋ ਹੁਣ ਤਕ ਪੀ ਡੀ ਐਫ਼ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 803 ਅੰਗ ਪੜ੍ਹ ਚੁੱਕੇ ਹਨ ਅਤੇ ਸਵੇਰੇ ਉਠ ਕੇ ਨਿਤਨੇਮ ਕਰਦੇ ਹਨ ਨੇ ਦੋਸ਼ ਲਾਇਆ ਕਿ ਸੱਜੇ ਪੱਖੀ ਉਸ ਨੂੰ ਸਿੱਖੀ ਪ੍ਰਚਾਰ ਤੋਂ ਰੋਕਦੇ ਹਨ ਅਤੇ ਉਸ ਤੇ ਜਾਨਲੇਵਾ ਹਮਲਾ ਵੀ ਕਰ ਚੁੱਕੇ ਹਨ ਅਤੇ ਉਸ ਦੀ ਚੁਨੌਤੀ ਆਰ ਐਸ ਐਸ ਵਰਗੀਆਂ ਸੰਸਥਾਵਾਂ ਵਿਚੋਂ ਦੱਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦੇ ਚੁੰਗਲ ਤੋਂ ਬਾਹਰ ਕੱਢਣ ਦੀ ਹੈ। ਦਿਨੇਸ਼ ਸਿੰਘ ਨੇ ਅਪਣੇ ਇਸ ਸਫ਼ਰ ਵਿਚ ਪਟਿਆਲਾ ਦੇ ਸ. ਜਸਬੀਰ ਸਿੰਘ ਅਤੇ ਰਾਜਪੁਰਾ ਦੇ ਸ. ਕਰਨੈਲ ਸਿੰਘ ਵਲੋਂ ਮਿਲੇ ਸਹਿਯੋਗ ਦਾ ਖ਼ਾਸ ਜ਼ਿਕਰ ਕੀਤਾ ਅਤੇ ਇਨ੍ਹਾਂ ਦੋਹਾਂ ਨੇ ਵੀ ਦਸਿਆ ਕਿ ਦਿਨੇਸ਼ ਸਿੰਘ ਦੇ ਫੇਸਬੁੱਕ ਤੋਂ ਜਾਣਕਾਰੀ ਮਿਲੀ ਕਿ ਅਸੀ ਬਹੁਤੇ ਪੰਜਾਬੀ ਖ਼ਾਸ ਕਰ ਕੇ ਸਿੱਖ ਗੁਰੂ ਸਿਧਾਂਤਾਂ ਬਾਰੇ ਅਣਜਾਣ ਹੀ ਹਨ।