ਬਲਵੰਤ ਸਿੰਘ ਰਾਜੋਆਣਾ ਨੇ ਜੇਲ੍ਹ ਅੰਦਰੋਂ ਲਿਖੀ ਚਿੱਠੀ, ਕਿਹਾ- ਬੰਦੀ ਸਿੰਘਾਂ ਦੀ ਰਿਹਾਈ ਲਈ ਪਾਓ ਆਪਣੀ ਕੀਮਤੀ ਵੋਟ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ਹੱਕ ’ਚ ਪਾਈ ਹੋਈ ਇਕ-ਇਕ ਵੋਟ ਤੁਹਾਡੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਿਆ ਹੋਇਆ ਹਾਅ ਦਾ ਨਾਅਰਾ ਹੋਵੇਗੀ- ਰਾਜੋਆਣਾ

Balwant Singh Rajoana

 


ਪਟਿਆਲਾ: ਸੰਗਰੂਰ ਜ਼ਿਮਨੀ ਚੋਣ ਤੋਂ ਪਹਿਲਾਂ ਬਲਵੰਤ ਸਿੰਘ ਰਾਜੋਆਣਾ ਨੇ ਕੇਂਦਰੀ ਜੇਲ੍ਹ ਪਟਿਆਲਾ ਅੰਦਰੋਂ ਸੰਗਰੂਰ ਵਾਸੀਆਂ ਦੇ ਨਾਂ ਚਿੱਠੀ ਲਿਖੀ ਹੈ। ਉਹਨਾਂ ਨੇ ਸੰਗਰੂਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ਹੱਕ ’ਚ ਪਾਈ ਹੋਈ ਇਕ-ਇਕ ਵੋਟ ਤੁਹਾਡੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਿਆ ਹੋਇਆ ਹਾਅ ਦਾ ਨਾਅਰਾ ਹੋਵੇਗੀ। ਉਹਨਾਂ ਕਿਹਾ ਕਿ ਸਿੱਖਾਂ ਨਾਲ ਹੋਈਆਂ ਬੇਇਨਸਾਫ਼ੀਆਂ ਦਾ ਹਿਸਾਬ ਲੈਣ ਲਈ ਹੀ ਸਾਰੀਆਂ ਪੰਥਕ ਧਿਰਾਂ ਤੇ ਸਿੱਖ ਜਥੇਬੰਦੀਆਂ ਨੇ ਸੰਗਰੂਰ ਲੋਕ ਸਭਾ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ ਲਈ ਮੇਰੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਤਾਂ ਕਿ ਪਾਰਲੀਮੈਂਟ ਦੇ ਅੰਦਰ ਜਾ ਕੇ ਇਹਨਾਂ ਬੇਇਨਸਾਫ਼ੀਆਂ ਦਾ ਹਿਸਾਬ ਮੰਗਿਆ ਜਾ ਸਕੇ। ਮੇਰੀ ਸੰਗਰੂਰ ਹਲਕੇ ਦੇ ਸਾਰੇ ਧਰਮਾਂ ਵਰਗਾਂ ਦੇ ਲੋਕਾਂ ਨੂੰ ਇਹ ਅਪੀਲ ਹੈ ਕਿ ਅਸੀਂ ਇਸ ਧਰਤੀ ਤੇ ਸਾਰੇ ਇਕੱਠੇ ਇਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਹਾਂ। ਜਦੋਂ ਵੀ ਕਿਸੇ ਨਾਲ ਕੋਈ ਬੇਇਨਸਾਫੀ ਹੁੰਦੀ ਹੈ ਤਾਂ ਅਸੀਂ ਇਕੱਠੇ ਹੋ ਕੇ ਉਸ ਬੇਇਨਸਾਫ਼ੀ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਹਾਂ।

Balwant Singh Rajoana

ਰਾਜੋਆਣਾ ਨੇ ਅੱਗੇ ਲਿਖਿਆ ਕਿ ਸਾਡਾ ਸੰਘਰਸ਼ ਕਿਸੇ ਧਰਮ ਜਾਂ ਵਰਗ ਦੇ ਖ਼ਿਲਾਫ਼ ਨਹੀਂ ਸੀ। ਸਾਡਾ ਸੰਘਰਸ਼ ਤਾਂ ਕਾਂਗਰਸ ਪਾਰਟੀ ਵੱਲੋਂ ਸਿਰਫ਼ ਸੱਤਾ ਦੀ ਪ੍ਰਾਪਤੀ ਕਰਨ ਲਈ ਇਸ ਧਰਤੀ ਤੇ ਵੱਸਦੇ ਲੋਕਾਂ ਦੇ ਖ਼ਿਲਾਫ਼ ਰਚੀਆਂ ਗਈਆਂ ਸਾਜ਼ਿਸ਼ਾਂ ਦੇ ਖ਼ਿਲਾਫ਼ ਸੀ,ਜ਼ੁਲਮ ਨੂੰ ਰੋਕਣ ਲਈ ਸੀ। ਅਸੀਂ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਹੈ ਕਿ ਤੁਸੀਂ ਇਸ ਵਾਰ ਆਪਣੀ ਇਕ ਇਕ ਕੀਮਤੀ ਵੋਟ ਸੱਚ ਲਈ, ਇਨਸਾਫ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਰਨਾ। ਤੁਹਾਡੇ ਵੱਲੋਂ ਮੇਰੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿਚ ਪਾਈ ਹੋਈ ਇਕ ਇਕ ਵੋਟ ਤੁਹਾਡੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਿਆ ਹੋਇਆ ਹਾਅ ਦਾ ਨਾਅਰਾ ਹੋਵੇਗੀ, ਕੇਂਦਰ ਸਰਕਾਰ ਨੂੰ ਇਕ ਸੁਨੇਹਾ ਹੋਵੇਗਾ ਅਤੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰੇਗੀ ਇਸ ਲਈ ਸੱਚ ਤੇ ਇਨਸਾਫ਼ ਦੇ ਇਸ ਸੰਘਰਸ਼ ਵਿਚ ਤੁਹਾਡੇ ਵੱਡਮੁੱਲੇ ਸਹਿਯੋਗ ਦੀ ਜ਼ਰੂਰਤ ਹੈ।

Kamaldeep Kaur Rajoana

ਉਹਨਾਂ ਨੇ ਸੰਗਰੂਰ ਹਲਕੇ ਦੇ ਸਾਰੇ ਧਰਮਾਂ-ਵਰਗਾਂ ਦੇ ਲੋਕਾਂ ਨੂੰ ਕਿਹਾ ਕਿ ਇਸ ਜ਼ਿਮਨੀ ਚੋਣ ਲਈ ਤੁਹਾਡੇ ਸਾਹਮਣੇ ਪੰਜ ਉਮੀਦਵਾਰ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਮਤਲਬ ਕੇਜਰੀਵਾਲ ਅਤੇ ਰਾਘਵ ਚੱਢਾ ਵਰਗੇ ਲੋਕਾਂ ਦੇ ਹੱਥ ਮਜ਼ਬੂਤ ਕਰਨਾ ਜਿਹੜੇ ਦਿੱਲੀ ਬੈਠ ਕੇ ਪੰਜਾਬ ਦੇ ਲੋਕਾਂ ਤੇ ਰਾਜ ਕਰ ਰਹੇ ਹਨ ਅਤੇ ਇਸ ਧਰਤੀ ਤੇ ਵੱਸਦੇ ਹੋਏ ਲੋਕਾਂ ਵੱਲੋਂ ਦਿੱਤੇ ਵੱਡੇ ਫ਼ਤਵੇ ਦਾ ਅਪਮਾਨ ਕਰ ਰਹੇ ਹਨ। ਦੂਸਰਾ ਕਾਂਗਰਸ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਮਤਲਬ ਗਾਂਧੀ ਪਰਿਵਾਰ ਦੇ ਹੱਥ ਮਜ਼ਬੂਤ ਕਰਨਾ ਹੈ ਜਿਨ੍ਹਾਂ ਨੇ ਸਾਡੇ ਧਾਰਮਿਕ ਅਸਥਾਨਾਂ ਤੇ ਹਮਲੇ ਕੀਤੇ, ਹਜ਼ਾਰਾਂ ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ। ਤੀਜਾ ਬੀ ਜੇ ਪੀ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਮਤਲਬ ਮੋਦੀ ਦੇ ਹੱਥ ਮਜ਼ਬੂਤ ਕਰਨਾ ਜਿਨ੍ਹਾਂ ਦੇ ਫ਼ੈਸਲਿਆਂ ਦੇ ਖ਼ਿਲਾਫ਼ ਹੁਣੇ ਹੀ ਤੁਸੀਂ ਦਿੱਲੀ ਦੇ ਬਾਰਡਰਾਂ ਤੇ ਬੈਠ ਕੇ 700 ਕਿਸਾਨ ਸ਼ਹੀਦ ਕਰਵਾ ਕੇ ਇਕ ਵੱਡਾ ਸੰਘਰਸ਼ ਕਰਕੇ ਆਏ ਹੋ ਅਤੇ ਜਿਹੜੇ ਬੰਦੀ ਸਿੰਘਾਂ ਦੇ ਕੇਸਾਂ ਦੇ ਫ਼ੈਸਲੇ ਕਰਨ ਤੇ ਰਿਹਾਈਆਂ ਕਰਨ ਤੋਂ ਮੁਨਕਰ ਹੋ ਰਹੇ ਹਨ।

ਚੌਥੇ ਨੰਬਰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਹਨ ਜਿਹੜੇ ਮਹਿਲਾਂ ਵਿਚ ਰਹਿੰਦੇ ਹਨ ਇਕ ਮਿੰਟ ਤੋਂ ਪਹਿਲਾਂ ਦੇਸ਼ ਦੀਆਂ ਏਜੰਸੀਆਂ ਉਹਨਾਂ ਨੂੰ ਸਾਰੇ ਦੇਸ਼ਾਂ ਦੇ ਵੀਜ਼ੇ ਦੇ ਦਿੰਦੀਆਂ ਹਨ ਅਤੇ ਉਹ ਆਪਣੇ ਆਪ ਨੂੰ ਸੰਘਰਸ਼ੀ ਹੋਣ ਦਾ ਦਾਅਵਾ ਕਰਦੇ ਹਨ ਜਿਹੜੇ 1989 ਤੋਂ ਲੈ ਕੇ ਹੁਣ ਤਕ ਸਾਰੀਆਂ ਚੋਣਾਂ ਲੜਦੇ ਰਹੇ ਚੋਣਾਂ ਲੜਨਾ ਜਿਨ੍ਹਾਂ ਦੀ ਡਿਊਟੀ ਹੈ ਇਹਨਾਂ ਨੂੰ ਵੋਟ ਪਾਉਣ ਦਾ ਮਤਲਬ ਬਸ ਕੁਝ ਵੀ ਨਹੀਂ ਹੈ ਐਵੇਂ ਆਪਣੀ ਵੋਟ ਖ਼ਰਾਬ ਕਰਨਾ। ਪੰਜਵੇਂ ਉਮੀਦਵਾਰ ਦੇ ਰੂਪ ਵਿਚ ਮੇਰੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਹੈ। ਜਿਸਨੇ ਖ਼ੁਦ ਇਸ ਧਰਤੀ ਤੇ ਮਾਣ ਸਨਮਾਨ ਦੇ ਸੰਘਰਸ਼ ਵਿਚ ਬਹੁਤ ਦੁੱਖ ਕਸ਼ਟ ਸਹੇ ਹਨ। ਜਿਹੜੀ ਅੱਜ ਵੀ ਆਪਣੇ ਉਹਨਾਂ ਭਰਾਵਾਂ ਲਈ ਸੰਘਰਸ਼ ਕਰ ਰਹੀ ਹੈ ਜਿਹੜੇ 25-25,30-30, 32-32 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਹਨ ਮੇਰੀ ਭੈਣ ਬੰਦੀ ਸਿੰਘਾਂ ਨੂੰ ਉਹਨਾਂ ਦੇ ਉੱਜੜੇ ਹੋਏ ਘਰਾਂ ਵਿਚ ਵਾਪਸ ਲਿਆਉਣ ਦੇ ਪਵਿੱਤਰ ਕਾਰਜ ਨੂੰ ਲੈ ਕੇ ਚੋਣਾਂ ਲੜ ਰਹੀ ਹੈ। ਤਾਂ ਕਿ ਉਹਨਾਂ ਬੰਦੀ ਸਿੰਘਾਂ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਦੇ ਖਿਲਾਫ ਪਾਰਲੀਮੈਂਟ ਵਿਚ ਆਵਾਜ਼ ਬੁਲੰਦ ਹੋ ਸਕੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਧੜੇਬੰਦੀ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਵੋਟ ਕਰਨਾ।