'ਗੁਰਦਵਾਰੇ ਦੇ ਸੇਵਾਦਾਰ ਵਿਰੁਧ ਝੂਠੇ ਦੋਸ਼ ਲਗਾਉਣ ਵਾਲੀ ਔਰਤ ਵਿਰੁਧ ਹੋਵੇ ਕਾਰਵਾਈ' 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

, ਨੇੜਲੇ ਪਿੰਡ ਫ਼ਰੀਦ ਵਿਖੇ ਬੀਤੇ ਦਿਨੀ ਪਿੰਡ ਦੀ ਹੀ ਇਕ ਔਰਤ ਨੇ ਪਿਛਲੇ ਕਈ ਸਾਲਾ ਤੋਂ ਸਿੱਖੀ ਦਾ ਪ੍ਰਚਾਰ ਕਰ ਰਹੇ ਗੁਰਦਵਾਰੇ ਦੇ ਸੇਵਾਦਾਰ ਵਿਰੁਧ ਝੂਠੇ...

People Protesting

ਸ੍ਰੀ ਚਮਕੌਰ ਸਾਹਿਬ, ਨੇੜਲੇ ਪਿੰਡ ਫ਼ਰੀਦ ਵਿਖੇ ਬੀਤੇ ਦਿਨੀ ਪਿੰਡ ਦੀ ਹੀ ਇਕ ਔਰਤ ਨੇ ਪਿਛਲੇ ਕਈ ਸਾਲਾ ਤੋਂ ਸਿੱਖੀ ਦਾ ਪ੍ਰਚਾਰ ਕਰ ਰਹੇ ਗੁਰਦਵਾਰੇ ਦੇ ਸੇਵਾਦਾਰ ਵਿਰੁਧ ਝੂਠੇ ਦੋਸ਼ ਲਗਾ ਕੇ ਬੇਲਾ ਪੁਲਿਸ ਕੋਲ ਸ਼ਿਕਾਇਤ ਕਰ ਦਿਤੀ ਜਿਸ 'ਤੇ ਪੁਲਿਸ ਨੇ ਬਿਨਾਂ ਜਾਂਚ ਕੀਤੇ ਹੀ ਸੇਵਾਦਾਰ ਨੂੰ ਗੁਰਦਵਾਰੇ ਵਿਚ ਸੇਵਾ ਨਾ ਕਰਨ ਅਤੇ ਪਿੰਡ ਨਾ ਵੜਣ ਦਾ ਰਾਜ਼ੀਨਾਮਾ ਕਰਵਾ ਦਿਤਾ। ਗੁਰਦਵਾਰੇ ਵਿਖੇ ਕੋਈ ਸੇਵਾਦਾਰ ਨਾ ਹੋਣ ਕਰ ਕੇ ਪਿਛਲੇ ਦੋ ਦਿਨ ਤੋਂ ਗੁਰਦਵਾਰਾ ਬੰਦ ਪਿਆ ਹੈ ਅਤੇ ਕੋਈ ਨਿਤਨੇਮ ਨਹੀਂ ਹੋਇਆ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਝੂਠਾ ਮਾਮਲਾ ਦਰਜ ਕਰਵਾਉਣ ਵਾਲੀ ਔਰਤ ਵਿਰੁਧ ਕਾਰਵਾਈ ਕੀਤੀ ਜਾਵੇ। 

ਇਸ ਸੰਬਧੀ ਸਰਪੰਚ ਸੁਰਜੀਤ ਸਿੰਘ, ਪੰਚਾਇਤ ਮੈਬਰਾਂ ਅਤੇ ਪਿੰਡ ਵਾਸੀਆ ਨੇ ਹਲਫ਼ੀਆ ਬਿਆਨ ਦਿੰਦੇ ਹੋਏ ਅਤੇ ਸਰਪੰਚ ਸੁਰਜੀਤ ਸਿੰਘ ਦੀ ਅਗਵਾਈ ਹੇਠ ਹੋਏ ਪਿੰਡ ਵਾਸੀਆਂ ਦੇ ਇਕੱਠ ਵਿਚ ਦਸਿਆ ਕਿ ਪਿੰਡ ਦੀ ਰਵਿੰਦਰ ਕੌਰ ਨੇ ਗੁਰਦਵਾਰੇ ਦੇ ਸੇਵਾਦਾਰ ਸ਼ਮਸ਼ੇਰ ਸਿੰਘ ਵਿਰੁਧ ਗੁਰਦਵਾਰੇ ਵਿਖੇ ਗ਼ਲਤ ਹਰਕਤ ਕਰਨ ਦਾ ਝੂਠਾ ਦੋਸ਼ ਲਗਾ ਕੇ ਕੈਬਨਿਟ ਮੰਤਰੀ ਅਤੇ ਉਨ੍ਹਾਂ ਦੇ ਪੀ ਏ ਦਾ ਨਾਂ ਲੈ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਬਿਨਾਂ ਜਾਂਚ ਕੀਤੇ ਹੀ ਦੂਜੇ ਦਿਨ ਸ਼ਮਸ਼ੇਰ ਸਿੰਘ ਕੋਲੋ ਪਿੰਡ ਫ਼ਰੀਦ ਵਿਚ ਨਾ ਵੜਣ ਅਤੇ ਗੁਰਦਵਾਰੇ ਦੀ ਸੇਵਾ ਤੋਂ ਅਸਤੀਫ਼ਾ ਲੈ ਕੇ ਆਪਸੀ ਰਾਜ਼ੀਨਾਮਾ ਕਰਵਾ ਕੇ ਛੱਡ ਦਿਤਾ।  

ਲੋਕਾਂ ਨੇ ਦਸਿਆ ਕਿ ਇਹ ਗੁਰਦਵਾਰਾ ਪਿਛਲੇ ਦੋ ਦਿਨ ਤੋਂ ਬੰਦ ਪਿਆ ਹੈ ਅਤੇ ਉਕਤ ਔਰਤ ਕੈਬਨਿਟ ਮੰਤਰੀ ਤੇ ਪੀਏ ਨਿਰਵੈਰ ਸਿੰਘ ਬਿੱਲਾ ਦੇ ਨਾਂ ਦਾ ਰੋਹਬ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਕੇ ਸਾਰੇ ਪਿੰਡ ਨੂੰ ਫਸਾ ਦੇਣ ਦੀਆਂ ਧਮਕੀਆਂ ਦਿੰਦੀ ਹੈ।   ਇਸ ਸੰਬਧੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੀ ਏ ਨਿਰਵੈਰ ਸਿੰਘ ਬਿੱਲਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਕੋਈ ਅਜਿਹਾ ਮਸਲਾ ਨਹੀਂ

ਅਤੇ ਉਹ ਮੰਤਰੀ ਸਾਹਿਬ ਦੇ ਹੁਕਮਾਂ ਤਹਿਤ ਪੁਲਿਸ ਦੇ ਕਿਸੇ ਕੰਮ ਵਿਚ ਦਖ਼ਲਅੰਦਾਜ਼ੀ ਨਹੀਂ ਕਰਦੇ। ਚੌਂਕੀ ਇੰਚਾਰਜ ਰੋਹਿਤ ਸ਼ਰਮਾ ਨੇ ਕਿਹਾ ਕਿ ਉਨ੍ਹਾ ਪੰਚਾਇਤ, ਸਰਪੰਚ ਜਾਂ ਕਿਸੇ ਵੀ ਵਿਅਕਤੀ ਨਾਲ ਕੋਈ ਗ਼ਲਤ ਵਿਵਹਾਰ ਨਹੀਂ ਕੀਤਾ। ਸਾਰੀ ਜਾਂਚ ਸਹੀ ਤਰੀਕੇ ਨਾਲ ਹੀ ਕੀਤੀ ਹੈ ਅਤੇ ਸ਼ਮਸ਼ੇਰ ਸਿੰਘ ਨੇ ਆਪ ਕਿਹਾ ਕਿ ਉਹ ਫ਼ਰੀਦ ਵਿਖੇ ਗੁਰਦਵਾਰਾ ਸਾਹਿਬ ਦੀ ਸੇਵਾ ਨਹੀਂ ਕਰਨਗੇ।