ਵਿਜੀਲੈਂਸ ਵਲੋਂ ਕੋਲਿਆਂਵਾਲੀ ਵਿਰੁਧ ਐਲ.ਓ.ਸੀ ਜਾਰੀ, ਵਿਦੇਸ਼ ਭੱਜਣ ਦਾ ਖ਼ਦਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਜੀਲੈਂਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਿਆਲ ਸਿੰਘ ਕੋਲਿਆਂਵਾਲੀ ਵਿਰੁਧ ਐਲ.ਓ.ਸੀ (ਲੁੱਕ ਆਉਟ ਸਰਕਲ) ਜਾਰੀ ਕਰ ਦਿਤਾ ਹੈ। ਸੂਤਰਾਂ ਅਨੁਸਾਰ ...

Dyal Singh Kolianwali

ਬਠਿੰਡਾ,  ਵਿਜੀਲੈਂਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਿਆਲ ਸਿੰਘ ਕੋਲਿਆਂਵਾਲੀ ਵਿਰੁਧ ਐਲ.ਓ.ਸੀ (ਲੁੱਕ ਆਉਟ ਸਰਕਲ) ਜਾਰੀ ਕਰ ਦਿਤਾ ਹੈ।
ਸੂਤਰਾਂ ਅਨੁਸਾਰ ਪਰਚਾ ਦਰਜ ਹੋਣ ਤੋਂ ਬਾਅਦ ਜਥੇਦਾਰ ਕੋਲਿਆਂਵਾਲੀ ਰੂਪੋਸ਼ ਚਲਿਆ ਆ ਰਿਹਾ ਹੈ। ਵਿਜੀਲੈਂਸ ਅਧਿਕਾਰੀਆਂ ਵਲੋਂ ਖ਼ਦਸ਼ਾ  ਜਤਾਇਆ ਜਾ ਰਿਹਾ ਹੈ ਕਿ ਅਦਾਲਤ ਵਲੋਂ ਅਗਾਊਂ ਜਮਾਨਤ ਨਾ ਮਿਲਣ ਦੀ ਸੰਭਾਵਨਾ ਦੇ ਚਲਦੇ ਉਕਤ ਆਗੂ ਵਿਦੇਸ਼ ਫ਼ਰਾਰ ਨਾ ਹੋ ਜਾਵੇ।

ਉਂਜ ਵਿਜੀਲੈਂਸ ਨੂੰ ਹਾਲੇ ਤਕ ਦਿਆਲ ਸਿੰਘ ਕੋਲਿਆਂਵਾਲੀ ਦੀ ਪਟੀਸ਼ਨ ਉਪਰ ਜਮਾਨਤ ਦਾ ਕੋਈ ਨੋਟਿਸ ਵੀ ਨਹੀਂ ਮਿਲਿਆ ਹੈ। ਉਧਰ ਇਹ ਵੀ ਪਤਾ ਚਲਿਆ ਹੈ ਕਿ ਕੁੱਝ ਦਿਨ ਪਹਿਲਾਂ ਅਕਾਲੀ ਦਲ-ਭਾਜਪਾ ਦੇ ਆਗੂਆਂ ਦੇ ਪ੍ਰਧਾਨ ਮੰਤਰੀ ਦੀ ਧਨਵਾਦ ਰੈਲੀ ਵਿਚ ਉਲਝੇ ਹੋਣ ਦਾ ਫ਼ਾਇਦਾ ਉਠਾਉਂਦਿਆਂ ਦਿਆਲ ਸਿੰਘ ਕੋਲਿਆਂਵਾਲੀ ਦੀ ਪਿੰਡ 'ਚ ਸਥਿਤ ਮਹਿਲਨੁਮਾ ਕੋਠੀ ਦੀ ਤਲਾਸ਼ੀ ਵੀ ਲਈ ਗਈ ਸੀ। ਹਾਲਾਂਕਿ ਇਸ ਮੌਕੇ ਕੋਲਿਆਂਵਾਲੀ ਦਾ ਪੂਰਾ ਪ੍ਰਵਾਰ ਗਾਇਬ ਸੀ ਤੇ ਤਲਾਸ਼ੀ ਦੌਰਾਨ ਉਨ੍ਹਾਂ ਦਾ ਕੁੜਮ ਹਰਜਿੰਦਰ ਸਿੰਘ ਝੰਡੂਵਾਲੀ ਹੀ ਹਾਜ਼ਰ ਸੀ। 

ਵਿਜੀਲੈਂਸ ਦੇ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਬੇਸ਼ੱਕ ਤਲਾਸ਼ੀ ਤੋਂ ਪਹਿਲਾਂ ਜਥੇਦਾਰ ਦੇ ਪ੍ਰਵਾਰ ਵਲੋਂ ਕੀਮਤੀ ਦਸਤਾਵੇਜ਼ ਤੇ ਹੋਰ ਸਾਜੋ-ਸਮਾਨ ਇਧਰ-ਉਧਰ ਕਰ ਦਿਤਾ ਹੈ ਪ੍ਰੰਤੂ ਫ਼ਿਰ ਵੀ ਘਰ ਵਿਚ ਪਿਆ ਲੱਖਾਂ ਰੁਪਇਆ ਦਾ ਕੀਮਤੀ ਫ਼ਰਨੀਚਰ ਤੇ ਹੋਰ ਸਮਾਨ ਹਰੇਕ ਦਾ ਧਿਆਨ ਅਪਣੇ ਵੱਲ ਜਰੂਰ ਖਿੱਚਦਾ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਵਿਜੀਲੈਂਸ ਵਲੋਂ ਘਰ ਦੀ ਤਲਾਸ਼ੀ ਲੈਣੀ ਚਾਹੀ ਸੀ ਪ੍ਰੰਤੂ ਵੱਡੀ ਪੱਧਰ 'ਤੇ ਅਕਾਲੀ ਆਗੂ ਤੇ ਵਰਕਰ ਲਗਾਤਾਰ ਕਈ ਦਿਨ ਉਨ੍ਹਾਂ ਦੀ ਕੋਠੀ ਅੱਗੇ ਪਹਿਰਾ ਦਿੰਦੇ ਰਹੇ ਹਨ। ਗੌਰਤਲਬ ਹੈ

ਕਿ ਵਿਜੀਲੈਂਸ ਬਿਊਰੋ ਮੋਹਾਲੀ ਵਲੋਂ ਲੰਘੀ 30 ਜੂਨ ਨੂੰ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਵਿਰੁਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਕੇਸ ਦਰਜ਼ ਕੀਤਾ ਸੀ। ਕੇਸ ਦਰਜ ਕਰਨ ਤੋਂ ਪਹਿਲਾਂ ਵਿਜੀਲੈਂਸ ਵਲੋਂ ਕੀਤੀ ਗਈ ਗੁਪਤ ਪੜਤਾਲ ਦੌਰਾਨ ਜਥੇਦਾਰ ਕੋਲਿਆਂਵਾਲੀ ਵਲੋਂ ਜਨ-ਸੇਵਕ ਹੁੰਦਿਆਂ ਆਮਦਨ ਦੇ ਸਰੋਤਾਂ ਤੋਂ ਕਿਤੇ ਵੱਧ ਜਾਇਦਾਦ ਬਣਾਉਣ ਦਾ ਪਤਾ ਚੱਲਿਆ ਸੀ। 

ਜਥੇਦਾਰ ਕੋਲਿਆਂਵਾਲੀ ਪਿੰਡ ਦੇ ਸਾਬਕਾ ਸਰਪੰਚ ਤੋਂ ਇਲਾਵਾ ਐਸ.ਐਸ.ਬੋਰਡ ਦੇ ਮੈਂਬਰ ਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਵੀ ਰਹਿ ਚੁੱਕੇ ਹਨ। ਵਿਜੀਲੈਂਸ ਵਲੋਂ 23 ਮਈ 2018 ਨੂੰ ਦਰਜ਼ ਕੀਤੀ ਵਿਜੀਲੈਂਸ ਪੜਤਾਲ ਦੌਰਾਨ ਪਾਇਆ ਸੀ ਕਿ ਉਕਤ ਆਗੂ ਨੇ ਅਪਣੇ ਰੁਤਬੇ ਦਾ ਇਸਤੇਮਾਲ ਕਰਦਿਆਂ ਸਰਕਾਰੀ ਗੱਡੀਆਂ ਦੀ ਦੁਰਵਰਤੋਂ ਕੀਤੀ ਅਤੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਬਦਲੀਆਂ ਕਰਵਾਉਣ ਬਦਲੇ ਭਾਰੀ ਰਕਮਾਂ ਹਾਸਲ ਕੀਤੀਆਂ। 

ਵਿਜੀਲੈਂਸ ਵਲੋਂ ਕੀਤੀ ਇਸ ਗੁਪਤ ਪੜਤਾਲ 'ਚ ਜਥੇਦਾਰ ਦੀ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ਵਿਚ ਖੇਤੀਬਾੜੀ ਜਾਇਦਾਦ, ਹੋਟਲ ਆਦਿ ਦੇ ਹੋਣ ਬਾਰੇ ਵੀ ਪਤਾ ਚਲਿਆ ਹੈ। ਇਸ ਤੋਂ ਇਲਾਵਾ ਉਸ ਵਲੋਂ ਅਪਣੇ ਪਿੰਡ ਵਿਚ ਪੰਜ ਏਕੜ ਜ਼ਮੀਨ 'ਚ ਪਾਏ ਮਹਿਲਨੁਮਾ ਘਰ ਉਪਰ ਹੋਇਆ ਖ਼ਰਚ ਵੀ ਕਈ ਤਰ੍ਹਾਂ ਦੇ ਸੰਕੇ ਖ਼ੜਾ ਕਰਦਾ ਹੈ। ਵਿਜੀਲੈਂਸ ਵਲੋਂ ਪੜਤਾਲ ਦੌਰਾਨ 1 ਅਪੈਲ 2009 ਤੋਂ ਲੈ ਕੇ 31 ਮਾਰਚ 2014 ਭਾਵ ਪੰਜ ਸਾਲ ਦੇ ਸਮੇਂ ਵਿਚ ਕੋਲਿਆਂਵਾਲੀ ਦੀ ਆਮਦਨ ਅਤੇ ਖ਼ਰਚ ਦੇ ਸਰੋਤ ਇਕੱਠੇ ਕੀਤੇ ਗਏ ਹਨ, ਜਿਸ ਵਿਚ ਭਾਰੀ ਅੰਤਰ ਪਾਇਆ ਗਿਆ। 

ਸੂਤਰਾਂ ਅਨੁਸਾਰ ਇਸ ਸਮੇਂ ਦੌਰਾਨ ਉਕਤ ਆਗੂ ਨੂੰ 2,39,42,854 ਰੁਪਏ ਦੀ ਆਮਦਨ ਹੋਈ ਪ੍ਰੰਤੂ ਖ਼ਰਚ 4,10,63,158 ਰੁਪਏ ਹੋਣਾ ਪਾਇਆ ਗਿਆ। ਆਮਦਨ ਤੇ ਖ਼ਰਚ ਵਿਚ ਪਏ 1,71,20,304 ਰੁਪਏ ਦੇ ਪਾੜੇ ਨੂੰ ਵਿਜੀਲੈਂਸ ਵਲੋਂ ਡੂੰਘਾਈ ਨਾਲ ਵਾਚਿਆ ਜਾ ਰਿਹਾ।ਗੌਰਤਲਬ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ 10 ਸਾਲ ਇਸ ਆਗੂ ਦੀ ਪੰਜਾਬ ਵਿਚ ਤੂਤੀ ਬੋਲਦੀ ਰਹੀ ਹੈ।

ਮਝੈਲਾਂ ਦੇ ਇਲਾਕੇ ਦਾ ਸਰਦਾਰ ਹੋਣ ਕਾਰਨ ਹਲਕਾ ਲੰਬੀ ਵਿਚੋਂ ਜਿੱਤਣ ਲਈ ਵੋਟਾਂ ਪ੍ਰਾਪਤ ਕਰਨ ਦੇ ਚੱਕਰ ਵਿਚ ਵਾਰ-ਵਾਰ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਬਾਦਲ ਪ੍ਰਵਾਰ ਵਲੋਂ ਇਸ ਆਗੂ ਨੂੰ ਕਦੇ ਵੀ ਨਹੀਂ ਟੋਕਿਆ ਗਿਆ। ਉਲਟਾ ਸਰਕਾਰ ਵਲੋਂ ਇਸ ਆਗੂ ਨੂੰ ਦੋ-ਦੋ ਸੁਰੱਖਿਆ ਪਾਇਲਟ ਜਿਪਸੀਆਂ ਦੇ ਕੇ ਇਸਦੇ ਸਿਰ ਉਪਰ ਹੱਥ ਰੱਖਿਆ ਗਿਆ ਸੀ।