ਉਡੀਕ ਦੀਆਂ ਘੜੀਆਂ ਛੇਤੀ ਹੋਣਗੀਆਂ ਖ਼ਤਮ : 9 ਨਵੰਬਰ ਨੂੰ ਖੋਲ੍ਹ ਦਿਤਾ ਜਾਵੇਗਾ ਕਰਤਾਰਪੁਰ ਲਾਂਘਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਕਿਸਤਾਨੀ ਅਧਿਕਾਰੀ ਨੇ ਕਰਤਾਰਪੁਰ ਗਏ ਪੱਤਰਕਾਰਾਂ ਕੋਲ ਕੀਤਾ ਐਲਾਨ

Kartarpur Corridor to be inaugurated on Nov 9

ਲਾਹੌਰ : ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਤਸੁਕਤਾ ਨਾਲ ਉਡੀਕੇ ਜਾ ਰਹੇ ਕਰਤਾਰਪੁਰ ਲਾਂਘੇ ਨੂੰ ਨੌਂ ਨਵੰਬਰ ਨੂੰ ਭਾਰਤੀ ਸਿੱਖ ਸ਼ਰਧਾਲੂਆਂ ਲਈ ਖੋਲ੍ਹ ਦਿਤਾ ਜਾਵੇਗਾ। ਪਾਕਿਸਤਾਨ ਨੇ ਇਹ ਐਲਾਨ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਵਾਪਸ ਲੈਣ ਦੇ ਭਾਰਤ ਸਰਕਾਰ ਦੇ ਫ਼ੈਸਲੇ ਮਗਰੋਂ ਭਾਰਤ ਨਾਲ ਪੈਦਾ ਹੋਏ ਤਣਾਅ ਵਿਚਾਲੇ ਕੀਤਾ ਹੈ। ਸਥਾਨਕ ਅਤੇ ਵਿਦੇਸ਼ੀ ਪੱਤਰਕਾਰ ਪਹਿਲੀ ਵਾਰ ਲਾਹੌਰ ਤੋਂ ਲਗਭਗ 125 ਕਿਲੋਮੀਟਰ ਦੂਰ ਨਰੋਵਾਲ ਵਿਚ ਬਣ ਰਹੇ ਕਰਤਾਰਪੁਰ ਲਾਂਘੇ ਦੀ ਯਾਤਰਾ 'ਤੇ ਗਏ ਤੇ ਉਨ੍ਹਾਂ ਕੋਲ ਹੀ ਇਹ ਐਲਾਨ ਕੀਤਾ ਗਿਆ।

ਪ੍ਰਾਜੈਕਟ ਦੇ ਨਿਰਦੇਸ਼ਕ ਆਤਿਫ਼ ਮਾਜਿਦ ਨੇ ਦੌਰੇ 'ਤੇ ਆਏ ਪੱਤਰਕਾਰਾਂ ਨੂੰ ਦਸਿਆ ਕਿ ਹੁਣ ਤਕ ਲਾਂਘੇ ਦਾ 86 ਫ਼ੀ ਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਇਸ ਨੂੰ ਨੌਂ ਨਵੰਬਰ ਨੂੰ ਖੋਲ੍ਹ ਦਿਤਾ ਜਾਵੇਗਾ। ਮਾਜਿਦ ਨੇ ਕਿਹਾ ਕਿ ਹਰ ਦਿਨ ਭਾਰਤ ਤੋਂ ਪੰਜ ਹਜ਼ਾਰ ਸਿੱਖ ਤੀਰਥ ਯਾਤਰੀਆਂ ਦੀ ਆਮਦ ਲਈ ਲਗਭਗ 76 ਆਵਾਜਾਈ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ ਇਥੇ ਹਰ ਰੋਜ਼ ਆਉਣ ਵਾਲੇ 10 ਹਜ਼ਾਰ ਤੀਰਥ ਯਾਤਰੀਆਂ ਲਈ 152 ਆਵਾਜਾਈ ਕੇਂਦਰ ਸਥਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ੁਰੂ ਵਿਚ ਭਾਰਤ ਤੋਂ ਰੋਜ਼ਾਨਾ ਪੰਜ ਹਜ਼ਾਰ ਸਿੱਖ ਸ਼ਰਧਾਲੂ ਆਉਣਗੇ ਅਤੇ ਬਾਅਦ ਵਿਚ ਇਹ ਗਿਣਤੀ ਵਧਾ ਕੇ 10 ਹਜ਼ਾਰ ਕੀਤੀ ਜਾਵੇਗੀ।

ਇਹ ਲਾਂਘਾ ਪਾਕਿਸਤਾਨ ਦੇ ਗੁਰਦਵਾਰਾ ਕਰਤਾਰਪੁਰ ਸਾਹਿਬ ਅਤੇ ਭਾਰਤ ਦੇ ਡੇਰਾ ਬਾਬਾ ਨਾਨਕ ਨੂੰ ਜੋੜੇਗਾ। ਕਰਤਾਰਪੁਰ ਸਾਹਿਬ ਗੁਰਦਵਾਰੇ ਦੀ ਸਥਾਪਨਾ ਬਾਬਾ ਨਾਨਕ ਨੇ 1522 ਵਿਚ ਕੀਤੀ ਸੀ। ਭਾਰਤੀ ਸ਼ਰਧਾਲੂ ਵੀਜ਼ਾ ਲਏ ਬਿਨਾਂ ਸਿਰਫ਼ ਪਰਮਿਟ ਹਾਸਲ ਕਰ ਕੇ ਕਰਤਾਰਪੁਰ ਸਾਹਿਬ ਜਾ ਸਕਣਗੇ।

1947 ਮਗਰੋਂ ਪਹਿਲਾਂ ਵੀਜ਼ਾ-ਮੁਕਤ ਲਾਂਘਾ :
ਪਾਕਿਸਤਾਨ ਕਰਤਾਰਪੁਰ ਵਿਚ ਗੁਰਦਵਾਰਾ ਦਰਬਾਰ ਸਾਹਿਬ ਤਕ ਲਈ ਭਾਰਤੀ ਸਰਹੱਦ ਤਕ ਲਾਂਘਾ ਬਣਾ ਰਿਹਾ ਹੈ ਜਦਕਿ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਪੈਂਦੇ ਡੇਰਾ ਬਾਬਾ ਨਾਨਕ ਤੋਂ ਦੂਜੇ ਹਿੱਸੇ ਦਾ ਨਿਰਮਾਣ ਭਾਰਤ ਦੁਆਰਾ ਕੀਤਾ ਜਾ ਰਿਹਾ ਹੈ। ਦੋਵੇਂ ਦੇਸ਼ ਇਸ ਗੱਲ 'ਤੇ ਸਹਿਮਤ ਹੋਏ ਹਨ ਕਿ ਪਾਕਿਸਤਾਨ ਲਾਂਘੇ ਜ਼ਰੀਏ ਹਰ ਰੋਜ਼ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਅਪਣੇ ਵਲ ਆਉਣ ਦੀ ਇਜਾਜ਼ਤ ਦੇਵੇਗਾ। ਇਹ ਭਾਰਤ-ਪਾਕਿਸਤਾਨ ਵਿਚਾਲੇ 1947 ਮਗਰੋਂ ਹੁਣ ਤਕ ਦਾ ਪਹਿਲਾ ਵੀਜ਼ਾ-ਮੁਕਤ ਲਾਂਘਾ ਹੋਵੇਗਾ।