ਪਾਵਨ ਸਰੂਪਾਂ ਦਾ ਮਾਮਲਾ: ਸਿੱਖ ਜਥੇਬੰਦੀਆਂ ਵੱਲੋਂ ਤੀਜੇ ਦਿਨ ਵੀ ਧਰਨਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੈਰੀਕੇਡ ਨਾ ਹਟਾਉਣ ਨੂੰ ਲੈ ਕੇ ਸਿੱਖਾਂ 'ਚ ਭਾਰੀ ਰੋਸ

Sikh's Protest

ਅੰਮ੍ਰਿਤਸਰ:  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਲਗਾਇਆ ਗਿਆ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚਾਲੇ ਅੰਦਰ ਜਾਣ ਨੂੰ ਲੈ ਕੇ ਝੜਪ ਹੋਈ।

ਬੀਤੀ ਸ਼ਾਮ ਸ੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਵਿਚਕਾਰ ਹੋਈ ਮੀਟਿੰਗ 'ਚ ਸ਼੍ਰੋਮਣੀ ਕਮੇਟੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਦੇਰ ਸ਼ਾਮ ਤੱਕ ਬੈਰੀਕੈਡ ਹਟਾ ਲਏ ਜਾਣਗੇ ਪਰ ਅੱਜ ਸਵੇਰ ਤੱਕ ਬੈਰੀਕੇਡ ਲਈ ਲਗਾਈਆਂ ਗਈਆਂ ਟੀਨਾ ਨੂੰ ਨਹੀਂ ਹਟਾਇਆ ਗਿਆ, ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ 'ਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ।

ਦੱਸ ਦਈਏ ਕਿ ਧਰਨਾ ਦੇ ਰਹੀਆਂ ਵੱਖ-ਵੱਖ ਸਿੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਸਿੱਖ ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗ਼ਾਇਬ ਹੋਏ ਸਰੂਪਾਂ ਦੇ ਮਸਲੇ ਨੂੰ ਲੈ ਕੇ ਦੋਸ਼ੀ ਪਾਏ ਗਏ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਬੀਤੇ ਦਿਨ ਸ਼ਾਂਤਮਈ ਢੰਗ ਨਾਲ ਚੱਲ ਰਹੇ ਇਸ ਮੋਰਚੇ 'ਤੇ ਬੈਠੀ ਸਿੱਖ ਸੰਗਤ ਨੂੰ ਖਦੇੜਨ ਲਈ ਐਸਜੀਪੀਸੀ ਦੀ ਟਾਸਕ ਫੋਰਸ ਵਲੋਂ ਆਪਣੀ ਸ਼ਕਤੀ ਦੀ ਵਰਤੋਂ ਕੀਤੀ ਗਈ।

ਟਾਸਕ ਫੋਰਸ ਵੱਲੋਂ ਸਿੱਖ ਸੰਗਤਾਂ ਨੂੰ ਧੱਕੇ ਨਾਲ ਉਸ ਜਗ੍ਹਾ ਤੋਂ ਉਠਾਇਆ ਗਿਆ ਅਤੇ ਸਿੱਖ ਸੰਗਤਾਂ ਦੀ ਕੁੱਟਮਾਰ ਕੀਤੀ ਗਈ। ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਨਾਲ ਮਾੜਾ ਵਰਤਾਅ ਕੀਤਾ ਗਿਆ ਅਤੇ ਉਹਨਾਂ 'ਤੇ ਲੱਤਾਂ ਅਤੇ ਡਾਂਗਾ ਵਰ੍ਹਾਈਆਂ ਗਈਆਂ। ਇਸ ਦੇ ਨਾਲ ਹੀ ਕਵਰੇਜ ਕਰਨ ਗਏ ਪੱਤਰਕਾਰਾਂ ਨਾਲ ਵੀ ਟਾਸਕ ਫੋਰਸ ਨੇ ਬਦਸਲੂਕੀ ਕੀਤੀ। ਐਸਜੀਪੀਸੀ ਵੱਲੋਂ ਦਫ਼ਤਰ ਵੱਲ ਜਾ ਰਹੇ ਰਸਤੇ ਨੂੰ ਵੀ ਬੰਦ ਕਰ ਦਿੱਤਾ ਗਿਆ। ਇਸ ਘਟਨਾ ਦੀ ਹਰ ਪਾਸੇ ਨਿੰਦਾ ਕੀਤੀ ਜਾ ਰਹੀ ਹੈ।