ਬਰਗਾੜੀ ਦੇ ਵਿਸ਼ਾਲ ਇਕੱਠ ਨੇ ਪੀੜਤਾਂ ਲਈ ਇਨਸਾਫ਼ ਮਿਲਣ ਦੀ ਜਗਾਈ ਉਮੀਦ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

14 ਅਕਤੂਬਰ 2015 ਨੂੰ ਹਕੂਮਤੀ ਕਹਿਰ ਦੇ ਤੀਜੇ ਸਾਲ ਬਰਗਾੜੀ ਅਤੇ ਕੋਟਕਪੂਰੇ ਵਿਖੇ ਕੀਤੇ ਗਏ ਧਾਰਮਕ ਸਮਾਗਮ ਜਿਥੇ ਪੰਥਕ ਏਕਤਾ ਦਾ ਮੁੱਢ ਬੰਨ੍ਹਦੇ ਪ੍ਰਤੀਤ ਹੋਏ,

Bargari morcha

ਕੋਟਕਪੂਰਾ : 14 ਅਕਤੂਬਰ 2015 ਨੂੰ ਹਕੂਮਤੀ ਕਹਿਰ ਦੇ ਤੀਜੇ ਸਾਲ ਬਰਗਾੜੀ ਅਤੇ ਕੋਟਕਪੂਰੇ ਵਿਖੇ ਕੀਤੇ ਗਏ ਧਾਰਮਕ ਸਮਾਗਮ ਜਿਥੇ ਪੰਥਕ ਏਕਤਾ ਦਾ ਮੁੱਢ ਬੰਨ੍ਹਦੇ ਪ੍ਰਤੀਤ ਹੋਏ, ਉਥੇ ਨੌਜਵਾਨਾਂ 'ਚ ਨਵੀਂ ਰੂਹ ਫੂਕੀ ਗਈ ਤੇ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਮਿਲਣ ਦੀ ਆਸ ਵੀ ਬੱਝੀ। ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਅੰਮ੍ਰਿਤ ਵੇਲੇ ਸਵੇਰੇ 5:00 ਵਜੇ ਸ਼ੁਰੂ ਹੋਏ ਨਿਤਨੇਮ ਅਤੇ ਅਰਦਾਸ-ਬੇਨਤੀ ਤੋਂ ਬਾਅਦ ਪੰਥਕ ਆਗੂਆਂ, ਸਿੱਖ ਵਿਦਵਾਨਾਂ ਤੇ ਧਾਰਮਕ ਬਿਰਤੀ ਨਾਲ ਜੁੜੇ ਬੁਲਾਰਿਆਂ ਨੇ ਬਾਦਲਾਂ ਨੂੰ ਲਾਹਨਤਾਂ ਪਾਉਂਦਿਆਂ ਜਿਥੇ ਪਾਣੀ ਪੀ-ਪੀ ਕੇ ਕੋਸਿਆ |

ਉਥੇ ਹਰ ਸਾਲ ਦੇਸ਼ ਵਿਦੇਸ਼ 'ਚ ਵਸਦੀਆਂ ਸੰਗਤਾਂ ਨੂੰ 14 ਅਕਤੂਬਰ ਵਾਲਾ ਦਿਨ ਕਾਲੇ ਦਿਨ ਵਜੋਂ ਜਾਂ ਲਾਹਨਤ ਦਿਹਾੜੇ ਦੇ ਤੌਰ 'ਤੇ ਮਨਾਉਣ ਦਾ ਸੱਦਾ ਦਿਤਾ। ਭਾਰੀ ਗਿਣਤੀ 'ਚ ਇਕੱਤਰ ਹੋਈ ਸੰਗਤ ਨੇ ਬਾਦਲਾਂ ਤੋਂ ਇਲਾਵਾ ਕਿਸੇ ਵਿਰੁਧ ਕੋਈ ਇਤਰਾਜ਼ਯੋਗ ਨਾਹਰਾ ਨਾ ਲਾਇਆ ਅਤੇ ਖ਼ਾਸ ਤੌਰ 'ਤੇ ਆਵਾਜਾਈ ਨੂੰ ਬਹਾਲ ਰੱਖਣ ਦੇ ਇੰਤਜ਼ਾਮ ਦੇ ਬਾਵਜੂਦ ਪੁਲਿਸ ਵਲੋਂ ਹੀ ਆਵਾਜਾਈ 'ਚ ਅੜਿੱਕੇ ਪਾਉਣ ਦਾ ਵਾਰ-ਵਾਰ ਸਪੀਕਰ ਰਾਹੀਂ ਰੋਸ ਜ਼ਰੂਰ ਪ੍ਰਗਟਾਇਆ।

ਦੋ ਸਿੱਖ ਸ਼ਹੀਦਾਂ ਦੀ ਯਾਦ 'ਚ ਬਰਗਾੜੀ ਦੀ ਦਾਣਾ ਮੰਡੀ 'ਚ ਕਰਵਾਏ ਗਏ ਸ਼ਹੀਦੀ ਸਮਾਗਮ 'ਚ ਇਕ ਵਾਰ ਫਿਰ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਇਹ ਸੁਨੇਹਾ ਦੇ ਗਿਆ ਕਿ ਲੋਕ ਪਾਵਨ ਸਰੂਪ ਦੀ ਬੇਅਦਬੀ ਨੂੰ ਭੁੱਲੇ ਨਹੀਂ ਅਤੇ ਉਹ ਇਨਸਾਫ਼ ਲੈ ਕੇ ਹੀ ਹਟਣਗੇ। ਸ਼ਰਧਾਂਜਲੀ ਸਮਾਗਮ ਦੌਰਾਨ ਦਰਜਨਾਂ ਸਿਆਸੀ ਪਾਰਟੀਆਂ, ਗ਼ੈਰ ਸਿਆਸੀ ਸੰਸਥਾਵਾਂ ਅਤੇ ਜਥੇਬੰਦੀਆਂ ਦੀ ਮੌਜੂਦਗੀ ਦੇ ਬਾਵਜੂਦ ਕਿਸੇ ਪ੍ਰਕਾਰ ਦੀ ਕੜਵਾਹਟ ਦੇਖਣ ਨੂੰ ਨਾ ਮਿਲੀ। 


ਲਗਭਗ ਇਕ ਦਰਜਨ ਤੋਂ ਜ਼ਿਆਦਾ ਢਾਡੀ ਜਥਿਆਂ ਨੇ ਹਾਜ਼ਰੀ ਲਵਾਈ ਪਰ ਸਾਰਿਆਂ ਦਾ ਕੇਂਦਰਬਿੰਦੂ ਸਿਰਫ਼ ਬੇਅਦਬੀ ਕਾਂਡ ਅਤੇ ਪੁਲਿਸੀਆ ਕਹਿਰ ਹੀ ਰਿਹਾ। ਇਕ ਲਗਭਗ 90 ਸਾਲ ਦੀ ਬਜ਼ੁਰਗ ਔਰਤ ਨੂੰ ਉਸ ਦੇ ਪਰਿਵਾਰਕ ਮੈਂਬਰ ਬੜੀ ਮੁਸ਼ਕਲ ਨਾਲ ਲੈ ਕੇ ਬਰਗਾੜੀ ਪੁੱਜੇ, ਕਈਆਂ ਨੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਪੱਕੇ ਤੌਰ 'ਤੇ ਪੋਸਟਰ ਅਪਣੀਆਂ ਛਾਤੀਆਂ ਜਾਂ ਪਿੱਠ ਉਪਰ ਬੰਨ੍ਹੇ ਜਾਂ ਚਿਪਕਾਏ ਹੋਏ ਸਨ।

ਪੰਥਕ ਸ਼ਖ਼ਸੀਅਤਾਂ ਨੂੰ ਛੱਡ ਕੇ ਸਿਆਸੀ ਆਗੂਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਬੋਲਣ ਤੋਂ ਸੰਕੋਚ ਕੀਤਾ, ਜਦਕਿ ਗ਼ੈਰ ਸਿਆਸੀ ਪੰਥਕ ਆਗੂਆਂ ਨੇ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਨਾਲ-ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਵਾਰ-ਵਾਰ ਜ਼ਿਕਰ ਕੀਤਾ। ਬਾਦਲ ਦਲ ਦੇ ਆਗੂ ਭਾਈ ਮਨਜੀਤ ਸਿੰਘ ਦੇ ਬੋਲਣ ਮੌਕੇ ਕੁੱਝ ਨੌਜਵਾਨਾਂ ਨੇ ਵਿਰੋਧੀ ਨਾਹਰੇ ਵੀ ਲਾਏ ਜੋ ਸਪੀਕਰਾਂ ਦੀ ਤੇਜ਼ ਅਤੇ ਉੱਚੀ ਆਵਾਜ਼ ਕਾਰਨ ਸਟੇਜ ਤਕ ਨਾ ਪੁੱਜ ਸਕੇ। ਇਨਸਾਫ਼ ਮੋਰਚੇ ਦੇ ਆਗੂਆਂ ਨੇ ਇਕ ਵਾਰ ਫਿਰ ਦੁਹਰਾਇਆ ਕਿ ਪਹਿਲਾਂ ਇਸ ਮੋਰਚੇ ਨੂੰ ਜਿੱਤਣ ਦਾ ਇਕੋ ਇਕ ਟੀਚਾ ਹੈ ਤੇ ਉਸ ਤੋਂ ਬਾਅਦ ਅਗਲੇ ਪ੍ਰੋਗਰਾਮ ਉਲੀਕੇ ਜਾਣਗੇ।

ਕਿਸੇ ਨੇ ਬਾਦਲਾਂ ਦਾ ਮੁਕੰਮਲ ਬਾਈਕਾਟ ਕਰਨ, ਬਾਦਲਾਂ ਦੇ ਕਾਰੋਬਾਰਾਂ ਨਾਲੋਂ ਨਾਤਾ ਤੋੜਨ, ਬਾਦਲਾਂ ਵਿਰੁਧ ਮਾਮਲੇ ਦਰਜ ਕਰਾਉਣ, ਸੌਦਾ ਸਾਧ ਨੂੰ ਵੀ ਬੇਅਦਬੀ ਕਾਂਡ ਦੇ ਦੋਸ਼ੀਆਂ 'ਚ ਸ਼ਾਮਲ ਕਰਨ, ਬਾਦਲਾਂ ਦੇ ਨਾਲ-ਨਾਲ ਕੈਪਟਨ ਸਰਕਾਰ ਨੂੰ ਵੀ ਕੋਸਣ, ਕੈਪਟਨ ਉਪਰ ਬਾਦਲਾਂ ਨਾਲ ਰਲੇ ਹੋਣ ਦਾ ਦੋਸ਼, ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਾਦਲਾਂ ਅਤੇ ਕੈਪਟਨ ਵਲੋਂ ਬਚਾਉਣ ਦੀਆਂ ਕੋਸ਼ਿਸ਼ਾਂ ਆਦਿ ਦੇ ਦੋਸ਼ ਲਾ ਕੇ ਭੜਾਸ ਕੱਢੀ ਜਦਕਿ ਕਿਸੇ ਨੇ ਅਪਣਾ ਭਾਸ਼ਣ ਸਿਰਫ਼ ਬੇਅਦਬੀ ਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਤਕ ਸੀਮਿਤ ਰਖਿਆ।

ਬਰਗਾੜੀ ਦਾ ਮਹਿਜ ਇਕ ਹਫ਼ਤੇ 'ਚ ਦੂਜੀ ਵਾਰ ਫਿਰ ਹੋਇਆ ਵਿਸ਼ਾਲ ਇਕੱਠ ਇਹ ਸੁਨੇਹਾ ਦੇ ਗਿਆ ਕਿ ਹੁਣ ਲੋਕ ਬੇਅਦਬੀ ਕਾਂਡ ਦਾ ਇਨਸਾਫ਼ ਲੈ ਕੇ ਹੀ ਰਹਿਣਗੇ।