ਬਾਗ਼ੀ ਅਕਾਲੀਆਂ ਦੀਆਂ ਸਰਗਰਮੀਆਂ ਦੀ ਸੁਖਬੀਰ ਬਾਦਲ ਨੇ ਕੀਤੀ ਸਮੀਖਿਆ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਾਝੇ ਦੀ ਫੇਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਬਿਕਰਮ ਸਿੰਘ ਮਜੀਠੀਆ ਦੇ ਘਰ ਅਪਣੇ ਹਮਾਇਤੀਆਂ ਨਾਲ ਬੈਠਕ ਕੀਤੀ।

Sukhbir singh badal

ਅੰਮ੍ਰਿਤਸਰ : ਮਾਝੇ ਦੀ ਫੇਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਬਿਕਰਮ ਸਿੰਘ ਮਜੀਠੀਆ ਦੇ ਘਰ ਅਪਣੇ ਹਮਾਇਤੀਆਂ ਨਾਲ ਬੈਠਕ ਕੀਤੀ। ਮਿਲੇ ਵੇਰਵੇ ਮੁਤਾਬਕ ਸੁਖਬੀਰ ਸਿੰਘ ਬਾਦਲ ਨੇ ਬਗ਼ਾਵਤ ਕਰ ਰਹੇ ਟਕਸਾਲੀ ਅਕਾਲੀਆਂ ਦੀਆਂ ਸਰਗਰਮੀਆਂ ਸਬੰਧੀ ਜਾਇਜ਼ਾ ਲਿਆ ਅਤੇ ਸਿੱਖਾਂ ਦੇ ਉਨ੍ਹਾਂ ਪ੍ਰਤੀ ਵੱਧ ਰਹੇ ਰੋਹ ਸਬੰਧੀ ਸਮੀਖਿਆ ਕੀਤੀ। ਮਾਝੇ ਦੀ ਫੇਰੀ ਅਤੇ ਅੰਮ੍ਰਿਤਸਰ ਬੈਠਕ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਬਾਗ਼ੀ ਹੋ ਰਹੇ ਟਕਸਾਲੀ ਅਕਾਲੀਆਂ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ, ਭਾਈ ਮਨਜੀਤ ਸਿੰਘ ਆਦਿ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ।

ਸਿਆਸੀ ਹਲਕਿਆਂ ਅਨੁਸਾਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਪਰ ਅਜੇ ਉਨ੍ਹਾਂ ਨੂੰ ਨੇੜਲੇ ਭਵਿੱਖ ਵਿਚ ਸਫ਼ਲਤਾ ਮਿਲਣ ਦੀ ਕੋਈ ਆਸ ਨਹੀਂ। ਇਹ ਵੀ ਚਰਚਾ ਦਾ ਵਿਸ਼ਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਉਕਤ ਆਗੂਆਂ ਨੂੰ ਨਾ ਤਾਂ ਅਜੇ ਕੋਈ ਕਾਰਨ ਦੱਸੋ ਨੋਟਿਸ ਭੇਜਿਆ ਹੈ ਅਤੇ ਨਾ ਹੀ ਬਰਖ਼ਾਸਤ ਕਰਨ ਦੀ ਜੁਰਅਤ ਕੀਤੀ ਹੈ। ਅੱਜ ਜਿਨ੍ਹਾਂ ਮਾਝੇ ਦੇ ਅਕਾਲੀ ਆਗੂਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਵਿਚ ਵੀਰ ਸਿੰਘ ਲੋਪੋਕੇ, ਸੁਰਜੀਤ ਸਿੰਘ ਭਿੱਟੇਵੱਡ, ਗੁਰਚਰਨ ਸਿੰਘ ਬੱਬੇਹਾਲੀ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ ਤੇ ਕੁੱਝ ਹੋਰ ਮੋਜੂਦ ਸਨ। 


ਚਰਚਾ ਅਨੁਸਾਰ ਸੁਖਬੀਰ ਸਿੰਘ ਬਾਦਲ ਨੂੰ ਹੀ ਸ਼੍ਰੋਮਣੀ ਅਕਾਲੀ ਦਲ ਵਿਚੋਂ ਇਕ ਪਾਸੇ ਕਰਨ ਅਤੇ ਸਿੱਖ ਸੰਗਠਨਾਂ, ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਵਾਰ ਤੋਂ ਆਜ਼ਾਦ ਕਰਵਾਉਣ ਲਈ ਹਰ ਸੰਭਵ ਯਤਨ ਉਨ੍ਹਾਂ ਦੇ ਸਿਆਸੀ ਵਿਰੋਧੀ ਕਰ ਰਹੇ ਹਨ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਇਕ ਪਾਸੇ ਹੋਣਾ ਵੀ ਬਾਦਲ ਪਰਵਾਰ ਲਈ ਅਸ਼ੁਭ ਹੈ।