ਹੁਣ ਪੰਜਾਬ ਦੇ ਆਸਮਾਨ ’ਚ ਦਿਸਣਗੇ ‘ਗੁਰੂ ਸਾਹਿਬ ਦੇ ਬਾਜ’!

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਈਕੋਸਿੱਖ ਨੇ ‘ਬਾਜ’ ਦੇ ਪੁਨਰਵਾਸ ਦਾ ਚੁੱਕਿਆ ਬੀੜਾ

Now 'Guru Sahib's eagle' will be visible in the sky of Punjab!

ਚੰਡੀਗੜ੍ਹ (ਸ਼ਾਹ) : ਈਕੋਸਿੱਖ ਵੱਲੋਂ ਜਿੱਥੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚਲਦਿਆਂ ਵਾਤਾਵਰਣ ਦੀ ਸਾਂਭ ਸੰਭਾਲ ਸਬੰਧੀ ਬਹੁਤ ਸਾਰੀਆਂ ਥਾਵਾਂ ’ਤੇ ਮਿੰਨੀ ਜੰਗਲ ਅਤੇ ਹਰਬਲ ਬਗ਼ੀਚੇ ਲਗਾਏ ਜਾ ਰਹੇ ਨੇ, ਉਥੇ ਹੀ ਈਕੋਸਿੱਖ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਨੇੜਿਓਂ ਜੁੜੇ ਸ਼ਿਕਾਰੀ ਪੰਛੀ ਬਾਜ ਨੂੰ ਪੁਨਰਜੀਵਿਤ ਕਰਨ ਲਈ ਇਕ ਮਹੱਤਵਪੂਰਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਐ। ਦੇਖੋ ਪੂਰੀ ਖ਼ਬਰ।

ਵਾਤਾਵਰਣ ਦੀ ਸਾਂਭ ਸੰਭਾਲ ਵਿਚ ਆਪਣਾ ਅਹਿਮ ਯੋਗਦਾਨ ਪਾ ਰਹੀ ਈਕੋਸਿੱਖ ਸੰਸਥਾ ਵੱਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਨੇੜਿਓਂ ਜੁੜੇ ਸ਼ਿਕਾਰੀ ਪੰਛੀ ਬਾਜ ਨੂੰ ਪੁਨਰਜੀਵਿਤ ਕਰਨ ਲਈ ਇਕ ਮਹੱਤਵਪੂਰਨ ਯੋਜਨਾ ਦੀ ਸ਼ੁਰੂ ਕੀਤੀ ਗਈ ਐ। ਮੁੰਬਈ ਸਥਿਤ 140 ਸਾਲ ਪੁਰਾਣੀ ਸੰਸਥਾ ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਸ ਪਹਿਲ ਦਾ ਉਦੇਸ਼ ਪੰਜਾਬ ਦੇ ਅਧਿਕਾਰਕ ਰਾਜ ਪੰਛੀ ਬਾਜ ਅਤੇ ਸ਼ਾਹੀਨ ਬਾਜ ਦਾ ਪੁਨਰਵਾਸ ਕਰਨਾ ਹੈ। ਇਸ ਤੋਂ ਇਲਾਵਾ ਈਕੋਸਿੱਖ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 350 ਪਵਿੱਤਰ ਜੰਗਲ ਲਗਾਉਣ ਦੇ ਆਪਣੇ ਮਿਸ਼ਨ ਦਾ ਵੀ ਐਲਾਨ ਕੀਤਾ। 

ਈਕੋਸਿੱਖ ਦੇ ਕੌਮਾਂਤਰੀ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਆਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਿਕਾਰੀ ਪੰਛੀ ਬਾਜ ਲੋਕਾਂ ਨੂੰ ਇੱਜ਼ਤ ਅਤੇ ਸਾਹਸ ਨਾਲ ਭਰਿਆ ਜੀਵਨ ਜਿਉਣ ਦੀ ਯਾਦ ਦਿਵਾਉਂਦਾ ਸੀ, ਪਰ ਦੁੱਖ ਨਾਲ ਕਹਿਣਾ ਪੈ ਰਿਹਾ ਏ ਕਿ ਮਹਾਨ ਸਿੱਖ ਗੁਰੂ ਦਾ ਇਹ ਸ਼ਕਤੀਸ਼ਾਲੀ ਪ੍ਰਤੀਕ ਅਤੇ ਪੰਜਾਬ ਦਾ ਅਧਿਕਾਰਕ ਰਾਜ ਪੰਛੀ ਨਿਵਾਸ ਦੇ ਨੁਕਸਾਨ, ਗ਼ੈਰਕਾਨੂੰਨੀ ਵਪਾਰ ਅਤੇ ਪ੍ਰਦੂਸ਼ਣ ਦੇ ਕਾਰਨ ਸੂਬੇ ਦੇ ਆਸਮਾਨ ਤੋਂ ਅਲੋਪ ਹੋ ਗਿਆ ਏ। ਉਨ੍ਹਾਂ ਕਿਹਾ ਕਿ ਇਹ ਬੇਹੱਦ ਚਿੰਤਾਜਨਕ ਐ ਕਿ ਪੰਜਾਬ ਦੇ ਵਣਜੀਵ ਵਿਭਾਗ ਨੇ ਪਿਛਲੇ ਦੋ ਦਹਾਕਿਆਂ ਤੋਂ ਬਾਜ ਨੂੰ ਦੇਖੇ ਜਾਣ ਦੀ ਕੋਈ ਸੂਚਨਾ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਥਿਤੀ ਨੇ ਸਾਨੂੰ ਪੰਜਾਬ ਵਿਚ ਬਾਜ ਨੂੰ ਫਿਰ ਤੋਂ ਲਿਆਉਣ ਦੀ ਯੋਜਨਾ ਬਣਾਉਣ ਲਈ  ਪ੍ਰੇਰਿਤ ਕੀਤਾ ਹੈ ਤਾਂ ਕਿ ਵਾਤਾਵਰਣ ਵਿਚਲਾ ਸੰਤੁਲਨ ਬਹਾਲ ਕੀਤਾ ਜਾ ਸਕੇ।

ਡਾ. ਰਾਜਵੰਤ ਸਿੰਘ ਨੇ ਅੱਗੇ ਆਖਿਆ ਕਿ ਈਕੋਸਿੱਖ ਬੀਐਨਐਚਐਸ ਦੇ ਨਾਲ ਆਪਣੇ ਸਮਝੌਤਾ ਪੱਤਰ ਅਤੇ ਸਹਿਯੋਗਾਤਮਕ ਯੋਜਨਾ ਨੂੰ ਲੈ ਕੇ ਉਤਸ਼ਾਹਿਤ ਹੈ, ਜਿਸ ਦੇ ਤਹਿਤ ਪਵਿੱਤਰ ਜੀਵ ਮਿਸ਼ਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਹ ਇਕ ਵਿਗਿਆਨਕ ਪਹਿਲਕਦਮੀ ਐ ਜੋ ਬਾਜ ਦੇ ਪੁਨਰਵਾਸ ਅਤੇ ਪੰਜਾਬ ਭਰ ਵਿਚ ਇਸ ਦੀਆਂ ਖੋਈਆਂ ਹੋਈਆਂ ਰਹਿਣਗਾਹਾਂ ਨੂੰ ਬਹਾਲ ਕਰਨ ਦੇ ਲਈ ਅਹਿਮ ਭੂਮਿਕਾ ਨਿਭਾਏਗੀ। ਇਸੇ ਤਰ੍ਹਾਂ ਈਕੋਸਿੱਖ ਇੰਡੀਆ ਦੀ ਪ੍ਰਧਾਨ ਡਾ. ਸੁਪ੍ਰੀਤ ਕੌਰ ਨੇ ਆਖਿਆ ਕਿ ਈਕੋਸਿੱਖ ਸੰਸਥਾ ਜੈਵ ਵਿਭਿੰਨਤਾ ਨੂੰ ਪੁਨਰਸਥਾਪਿਤ ਕਰੇਗੀ ਅਤੇ ਕੁਦਰਤ ਨਾਲ ਮਿਲ ਕੇ ਸਿੱਖ ਗੁਰੂਆਂ ਨਾਲ ਸਬੰਧਤ ਦਿਹਾੜੇ ਮਨਾਏਗੀ।
ਦੱਸ ਦਈਏ ਕਿ ਪਿਛਲੇ ਕਰੀਬ 16 ਸਾਲਾਂ ਵਿਚ ਈਕੋਸਿੱਖ ਚੈਰੀਟੇਬਲ ਸੁਸਾਇਟੀ ਨੇ ਪੂਰੇ ਭਾਰਤ ਵਿਚ 1350 ਤੋਂ ਜ਼ਿਆਦਾ ਪਵਿੱਤਰ ਜੰਗਲ ਲਗਾਏ ਨੇ। ਇਸ ਤੋਂ ਇਲਾਵਾ ਈਕੋਸਿੱਖ ਵੱਲੋਂ ਸ੍ਰੀ ਗੁਰੂ ਹਰਿਰਾਏ ਜੀ ਨਾਲ ਸਬੰਧਤ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ‘ਗੁਰੂ ਹਰਿ ਰਾਏ ਹਰਬਲ ਗਾਰਡਨ’ ਵੀ ਬਣਾਇਆ ਜਾ ਰਿਹਾ ਏ। ਗੁਰੂ ਹਰਿ ਰਾਏ ਜੀ ਇਕ ਸੱਚੇ ਕੁਦਰਤ ਪ੍ਰੇਮੀ ਸੀ, ਜਿਨ੍ਹਾਂ ਨੇ ਕੀਰਤਪੁਰ ਸਾਹਿਬ ਵਿਖੇ ਇਕ ਔਸ਼ਧੀ ਹਰਬਲ ਗਾਰਡਨ ਸਥਾਪਿਤ ਕੀਤਾ ਸੀ, ਜਿਸ ਨੂੰ ‘ਨੌਲੱਖਾ ਬਾਗ਼’ ਦੇ ਨਾਮ ਨਾਲ ਵੀ ਜਾਣਿਆ ਜਾਂਦੈ।
ਬਿਊਰੋ ਰਿਪੋਰਟ, ਰੋਜ਼ਾਨਾ ਸਪੋਕਸਮੈਨ ਟੀਵੀ