ਬੁੱਧੀਜੀਵੀ ਜੋਸ਼ ਤੇ ਲਗਨ ਨਾਲ ਕੰਮ ਕਰਨ : ਹਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਕੌਮ ਦੇ ਮਸਲਿਆਂ 'ਤੇ ਚਰਚਾ, ਕਾਨੂੰਨਦਾਨਾਂ ਦੀ ਲੀਗਲ ਟੀਮ ਪਰਪੱਕ ਹੋਵੇ

Harinder Singh

ਚੰਡੀਗੜ੍ਹ : ਅਪਣੇ ਮੁਲਕ ਖ਼ਾਸਕਰ ਪੰਜਾਬ ਤੇ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਤੇ ਸਿੱਖਾਂ ਦੇ ਅਨੇਕਾਂ ਮਸਲਿਆਂ ਸਮੇਤ ਧਾਰਮਕ ਤੇ ਸਭਿਆਚਾਰਕ ਸਮੱਸਿਆਵਾਂ 'ਤੇ ਡੂੰਘੀ ਚਰਚਾ ਕਰਨ ਆਏ ਹਰਿੰਦਰ ਸਿੰਘ ਨੇ ਜ਼ੋਰ ਦੇ ਕੇ ਆਖਿਆ ਕਿ ਬੁੱਧੀਜੀਵੀਆਂ ਤੇ ਸੂਝਵਾਨ ਸਿੱਖਾਂ ਨੂੰ ਜੋਸ਼ ਤੇ ਲਗਨ ਨਾਲ ਨਵੀਂ ਪੀੜ੍ਹੀ ਦਾ ਸਾਥ ਲੈ ਕੇ ਪੁਖ਼ਤਾ ਹੱਲ ਲਭਣਾ ਚਾਹੀਦਾ ਹੈ। ਅਮਰੀਕਾ ਵਿਚ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨੂੰ ਸਥਾਪਤ ਕਰਨ ਵਾਲੇ ਇਸ ਜੋਸ਼ੀਲੇ ਨੌਜਵਾਨ ਤੇ ਸਿੱਖ ਚਿੰਤਕ ਨੇ ਸਿੱਖ ਕੌਮ ਦੇ ਧਾਰਮਕ, ਸਮਾਜਕ, ਸਿਆਸਤ ਨਾਲ ਜੁੜੇ ਗੁੰਝਲਦਾਰ ਮਸਲਿਆਂ, ਵਿਸ਼ੇਸ਼ ਕਰ ਕੇ 1984 ਦੇ ਬਲੂ ਸਟਾਰ ਅਪ੍ਰੇਸ਼ਨ,

ਨਵੰਬਰ 84 ਦੇ ਸਿੱਖ ਕਤਲੇਆਮ ਦਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਫ਼ੋਰਮ 'ਤੇ ਪਹੁੰਚ ਕਰ ਕੇ ਇਨਸਾਫ਼ ਦਿਵਾਉਣ ਬਾਰੇ ਚਰਚਾ ਕੀਤੀ। ਸਿੱਖ ਵਿਚਾਰ ਮੰਚ ਦੀ ਸਰਪ੍ਰਸਤੀ ਹੇਠ ਅੱਜ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਜੁੜੇ ਪ੍ਰੋਫ਼ੈਸਰਾਂ, ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ, ਸਿੱਖ ਚਿੰਤਕਾਂ, ਫ਼ੌਜੀ ਜਰਨੈਲਾਂ, ਨੌਜਵਾਨਾਂ, ਵਿਦਿਆਰਥੀਆ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਿੰਦਰ ਸਿੰਘ ਨੇ ਸਲਾਹ ਦਿਤੀ ਕਿ ਗੁਰਬਾਣੀ ਵਿਚ ਦਰਸਾਏ ਗਏ ਸਿਧਾਂਤਾਂ ਨਾਲ ਜੁੜ ਕੇ ਸਹੀ ਸੇਧ ਲੈਣ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਅਪਣਾਉਣਾ ਚਾਹੀਦਾ ਹੈ।

ਹਰਿੰਦਰ ਸਿੰਘ ਨੇ ਇਸ ਨੁਕਤੇ 'ਤੇ ਜ਼ੋਰ ਦਿਤਾ ਕਿ ਨੌਜਵਾਨ ਪੀੜ੍ਹੀ ਨੂੰ ਨਾਲ ਲੈ ਕੇ ਚਲਣਾ ਜ਼ਰੂਰੀ ਹੈ ਜਿਨ੍ਹਾਂ ਦੀ ਮਦਦ ਲੈ ਕੇ ਧਰਮ ਤੇ ਪ੍ਰਸ਼ਾਸਨ ਨੂੰ ਦੋ ਵੱਖ ਵੱਖ ਰੂਪਾਂ ਵਿਚ ਵਿਚਾਰਨਾ ਲਾਭਦਾਇਕ ਹੋਵੇਗਾ। 1984 ਵਿਚ ਸਿੱਖਾਂ ਦੇ ਕਤਲੇਆਮ ਤੋਂ ਦੁਖੀ ਹੋ ਕੇ 12 ਸਾਲਾ ਇਹ ਲੜਕਾ ਹਰਿੰਦਰ ਸਿੰਘ ਅਮਰੀਕਾ ਚਲਾ ਗਿਆ ਅਤੇ 11 ਸਾਲਾ ਬਾਅਦ ਫਿਰ ਇਧਰ ਆ ਕੇ ਪੜ੍ਹਾਈ ਕੀਤੀ, ਅਮਰੀਕਾ ਵਿਚ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਦੀ ਸਥਾਪਨਾ ਕੀਤੀ, ਪੰਜਾਬੀ ਸਮੇਤ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ।

ਹੁਣ ਅੰਤਰਰਾਸ਼ਟਰੀ ਪੱਧਰ  'ਤੇ ਕੁਲ 3 ਕਰੋੜ ਆਬਾਦੀ ਵਾਲੀ ਸਿੱਖ ਕੌਮ ਨੂੰ ਅਪਣਾ ਪਿਛੋਕੜ ਤੇ ਮੂਲ ਪਛਾਣਨ ਵਾਸਤੇ ਸੇਧ ਦੇਣ ਵਾਲੇ ਇਸ ਬੁੱਧੀਜੀਵੀ ਨੇ ਚਰਚਾ ਵਿਚ ਸਿੱਖ ਜਥੇਬੰਦੀਆਂ ਨੂੰ ਇਕ ਪਲੇਟਫ਼ਾਰਮ 'ਤੇ ਆ ਕੇ ਕਾਨੂੰਨਦਾਨਾਂ ਯਾਨੀ ਪਰਪੱਕ ਲੀਗਲ ਟੀਮ ਦੀ ਮਦਦ ਨਾਲ ਅਪਣੇ ਹੱਕਾਂ ਦੀ ਲੜਾਈ ਲੜਨ ਲਈ ਕਿਹਾ। ਉਨ੍ਹਾਂ ਮਸ਼ਵਰਾ ਦਿਤਾ ਕਿ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਨੂੰ ਜਾਣਨ ਵਾਸਤੇ ਇਸ ਦੇ ਇਤਿਹਾਸਕ, ਧਾਰਮਕ, ਦਾਰਸ਼ਨਿਕ, ਮਨੋਵਿਗਿਆਨਕ, ਵਿਗਿਆਨਕ ਅਤੇ ਸਮਾਜਕ ਪੱਖ ਦੀ ਘੋਖ ਜ਼ਰੂਰੀ ਹੈ।

ਜ਼ਿਕਰਯੋਗ ਹੈ ਕਿ ਸਿੱਖਾਂ ਦੀ 80 ਫ਼ੀ ਸਦੀ ਆਬਾਦੀ ਪੰਜਾਬ ਤੇ ਹੋਰ ਸੂਬਿਆਂ ਵਿਚ ਹੈ ਜਦਕਿ 20 ਫ਼ੀ ਸਦੀ ਵਿਦੇਸ਼ਾਂ ਵਿਚ ਹੈ। ਇਨ੍ਹਾਂ ਦੀ ਇਕ ਸੋਚ, ਇਕ ਸੇਧ ਜਾ ਇਕ ਨਿਸ਼ਾਨਾ ਤੈਅ ਕਰ ਕੇ ਸੂਝਵਾਨ ਤੇ ਕਾਨੂੰਨੀ ਢੰਗ ਨਾਲ ਜੱਦੋ-ਜਹਿਦ ਅਤੇ ਸੰਘਰਸ਼ ਜਾਰੀ ਰੱਖਣ ਦੀ ਚਰਚਾ ਕਰਦਿਆਂ ਹਰਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਸਿੱਖਾਂ ਨੂੰ ਅਪਣਾ ਅਕਸ ਸੁਧਾਰਨ ਵਾਸਤੇ ਨਜ਼ਰੀਆ ਤੇ ਵਿਹਾਰ ਬਦਲਣਾ ਜ਼ਰੂਰੀ ਹੈ।

ਉਨ੍ਹਾਂ ਕਿਹਾ, ''ਨਿਸ਼ਾਨਾ ਜ਼ਰੂਰ ਇਕ ਹੈ ਕਿ ਸਿੱਖਾਂ ਦੀ ਪ੍ਰਭੂਸੱਤਾ ਕਾਇਮ ਰਹੇ ਪਰ ਢੰਗ ਵੱਖ ਵੱਖ ਹੋ ਸਕਦੇ ਹਨ।'' ਸਾਰਿਆਂ ਵਿਚ ਏਕਤਾ ਹੋਣੀ ਜ਼ਰੂਰੀ ਹੈ ਅਤੇ ਨਿਜੀ ਮੁਫ਼ਾਦ ਪਾਸੇ ਕਰ ਕੇ ਅੱਗੇ ਵਧਣਾ ਲੋੜੀਂਦਾ ਹੈ। ਹਰਿੰਦਰ ਸਿੰਘ ਦੀ ਚਰਚਾ ਉਪਰੰਤ ਸਵਾਲਾਂ ਜਵਾਬਾਂ ਮੌਕੇ ਕਾਫ਼ੀ ਵਖਰੇਵਾਂ ਅਤੇ ਰਾਏ ਦੇਣ ਵਿਚ ਕਾਫ਼ੀ ਫ਼ਰਕ ਨਜ਼ਰ ਆਇਆ।