ਅਗਲੇ ਸਾਲ ਸ਼੍ਰੋਮਣੀ ਕਮੇਟੀ 100 ਸਾਲ ਪੁਰਾਣੀ ਸੰਸਥਾ ਬਣ ਜਾਏਗੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

99 ਵਾਂ ਸਾਲ ਪ੍ਰਧਾਨ ਦੀ ਗ਼ੈਰ-ਹਾਜ਼ਰੀ ਵਿਚ ਸਾਦੇ ਢੰਗ ਨਾਲ ਮਨਾਇਆ

shiromani gurdwara parbandhak committee

ਅੰਮ੍ਰਿਤਸਰ  (ਚਰਨਜੀਤ ਸਿੰਘ) : 15 ਨਵੰਬਰ 1920 ਨੂੰ ਹੋਂਦ ਵਿਚ ਆਈ ਸਿੱਖ ਕੌਮ ਦੀ ਮਾਣਮੱਤੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 99 ਸਾਲਾ ਸਥਾਪਨਾ ਦਿਵਸ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਸਥਿਤ ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਭਾਈ ਕੁਲਵਿੰਦਰ ਸਿੰਘ ਵਲੋਂ ਅਰਦਾਸ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਹੁਕਮਨਾਮਾ ਸਰਵਣ ਕਰਵਾਇਆ।

ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਤੋਤਾ ਸਿੰਘ ਨੇ ਸੰਸਥਾ ਦੇ ਸ਼ਾਨਾਮੱਤੇ ਇਤਿਹਾਸ ਸਬੰਧੀ ਅਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਇਤਿਹਾਸਕ ਗੁਰਧਾਮਾਂ ਨੂੰ ਮਹੰਤਾਂ ਦੇ ਹੱਥਾਂ 'ਚੋਂ ਛੁਡਵਾ ਕੇ ਸੰਗਤੀ ਪ੍ਰਬੰਧ ਹੇਠ ਲਿਆਉਣ ਦਾ ਉਹ ਸਫ਼ਰ ਹੈ, ਜਿਸ ਨੂੰ ਤੈਅ ਕਰਨ ਲਈ ਸਿੱਖ ਕੌਮ ਨੇ ਵੱਡੀਆਂ ਸ਼ਹਾਦਤਾਂ ਦਿਤੀਆਂ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਵੱਲੋਂ ਇਤਿਹਾਸਕ ਗੁਰਦੁਆਰਿਆਂ ਦਾ ਪੰਥਕ ਮਰਯਾਦਾ ਅਨੁਸਾਰ ਪ੍ਰਬੰਧ ਚਲਾਉਣ ਦੇ ਨਾਲ-ਨਾਲ ਧਰਮ ਪ੍ਰਚਾਰ ਅਤੇ ਲੋਕ ਭਲਾਈ ਦੇ ਖੇਤਰ ਵਿਚ ਕੀਤੇ ਕਾਰਜਾਂ ਨੂੰ ਵੀ ਯਾਦ ਕੀਤਾ।

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਮੋਹਨ ਸਿੰਘ, ਰਾਗੀ ਭਾਈ ਗੁਰਮੇਲ ਸਿੰਘ, ਸਾਬਕਾ ਅਕਾਊਂਟੈਂਟ ਸ. ਗੁਰਚਰਨ ਸਿੰਘ, ਸਾਬਕਾ ਸੇਵਾਦਾਰ ਸ. ਕਰਨੈਲ ਸਿੰਘ ਤੇ ਸਾਬਕਾ ਸਫਾਈ ਸੇਵਾਦਾਰ ਭਾਈ ਗੁਰਦੇਵ ਚੰਦ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਵੀ ਕੀਤਾ ਗਿਆ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਦਰਬਾਰਾ ਸਿੰਘ ਗੁਰੂ, ਸ. ਰਣਜੀਤ ਸਿੰਘ ਤਲਵੰਡੀ, ਸ. ਕਰਨੈਲ ਸਿੰਘ ਪੰਜੋਲੀ, ਸ. ਅਜਮੇਰ ਸਿੰਘ ਖੇੜਾ, ਬੀਬੀ ਜੋਗਿੰਦਰ ਕੌਰ, ਸ. ਸਵਿੰਦਰ ਸਿੰਘ ਸਭਰਵਾਲ, ਸ. ਕੁਲਦੀਪ ਸਿੰਘ ਤੇੜਾ  ਅਤੇ ਸ਼੍ਰੋਮਣੀ ਕਮੇਟੀ ਦੇ ਸਮੁੱਚਾ ਸਟਾਫ਼ ਹਾਜ਼ਰ ਸੀ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਵਸ ਦੀ ਸਿੱਖ ਜਗਤ ਨੂੰ ਵਧਾਈ ਦਿਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ ਵਿਚ ਸ਼ਾਮਲ ਹੋਣ ਲਈ ਦੁਬਈ ਗਏ ਭਾਈ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਵਿਚ ਕਿਹਾ ਕਿ ਸਿੱਖ ਕੌਮ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਸਮੁੱਚੇ ਵਿਸ਼ਵ 'ਚ ਵੱਸਦੇ ਸਿੱਖਾਂ ਦੀ ਅਗਵਾਈ ਕਰਦੀ ਹੈ। ਇਸ ਨੇ ਹਮੇਸ਼ਾ ਹੀ ਪੰਥ ਨੂੰ ਮਜ਼ਬੂਤ ਕਰਨ ਲਈ ਆਪਣੀ ਭੂਮਿਕਾ ਨਿਭਾਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਗਲੇ ਸਾਲ ਸ਼੍ਰੋਮਣੀ ਕਮੇਟੀ ਦਾ ਸੌਂ ਸਾਲਾ ਸਥਾਪਨਾ ਦਿਵਸ ਵਿਸ਼ਾਲ ਪੱਧਰ 'ਤੇ ਮਨਾਇਆ ਜਾਵੇਗਾ।