ਆਲ ਇੰਡੀਆ ਗੁਰਦਵਾਰਾ ਐਕਟ ਦੇ ਖਰੜੇ ਨੂੰ ਠੰਢੇ ਬਸਤੇ 'ਚ ਪੁਆ ਕੇ ਬਾਦਲ ਨੇ ਸਿੱਖ ਕੌਮ ਨਾਲ...

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਆਲ ਇੰਡੀਆ ਗੁਰਦਵਾਰਾ ਐਕਟ ਦੇ ਖਰੜੇ ਨੂੰ ਠੰਢੇ ਬਸਤੇ 'ਚ ਪੁਆ ਕੇ ਬਾਦਲ ਨੇ ਸਿੱਖ ਕੌਮ ਨਾਲ ਵਿਸ਼ਵਾਸਘਾਤ ਕੀਤਾ : ਜਥੇ.ਸੇਖਵਾਂ.......

Sewa Singh Sekhwan

ਗੁਰਦਾਸਪੁਰ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਅਪਣੀ ਸੋੜੀ ਅਤੇ  ਤੰਗ ਦਿਲ ਸਿਆਸਤ ਤੋਂ ਇਲਾਵਾ ਸਿਰਫ਼  ਸ਼੍ਰੋਮਣੀ ਗੁਰਦੁਆਰਾ ਕਮੇਟੀ 'ਤੇ ਅਪਣਾ ਕਬਜ਼ਾ ਬਣਾਈ ਰਖਣ ਦੇ ਲਾਲਚ ਵੱਸ ਹੀ ਲੋਕ ਸਭਾ ਵਲੋਂ ਪਾਸ ਕੀਤਾ ਜਾਣ ਵਾਲਾ ਆਲ ਇੰਡੀਆ ਗੁਰਦਵਾਰਾ ਐਕਟ ਨੂੰ ਸ਼ੋਮਣੀ ਕਮਟੀ ਦੇ ਪ੍ਰਧਾਨ ਰਾਹੀਂ ਲੰਬੇ ਸਮੇਂ ਤੋਂ ਠੰਢੇ ਬਸਤੇ ਵਿਚ ਪਾ ਕੇ ਵੱਡਾ ਕੌਮੀ ਗੁਨਾਹ ਕੀਤਾ ਗਿਆ ਹੈ ਜਿਸ ਵਾਸਤੇ ਸਿੱਖਾਂ ਦੀਆਂ ਅਉਣ ਵਾਲੀਆਂ ਪੀੜ੍ਹੀਆਂ ਬਾਦਲ ਨੂੰ ਵੀ ਕਦੇ ਮਾਫ਼ ਨਹੀਂ ਕਰਨਗੀਆਂ। 

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ 'ਸਪੋਕਸਮੈਨ' ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਸੇਖਵਾਂ ਨੇ ਕਿਹਾ ਕਿ 1954 ਵਿਚ ਸ.ਅਜੀਤ ਸਿੰਘ ਮਾਲਵੀ ਵਲੋਂ ਲੋਕ ਸਭਾ ਵਿਚ ਕੀਤੇ ਅਪਣੇ ਪਹਿਲੇ ਭਾਸ਼ਣ ਦੌਰਾਨ ਕਿਹਾ ਸੀ ਕਿ ਸਿੱਖਾਂ ਨੂੰ 1925 ਵਾਲਾ ਐਕਟ ਮੰਜ਼ੂਰ ਨਹੀਂ, ਇਸ ਵਾਸਤੇ ਆਲ ਇੰਡੀਆ ਗੁਰਦਵਾਰਾ ਐਕਟ ਨੂੰ ਮੰਜ਼ੂਰ ਕਰ ਕੇ ਕਾਨੂੰਨੀ ਦਰਜਾ ਦਿਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਹੁਣ ਤਕ ਅਕਾਲੀ ਦਲ ਜਾਂ ਸਿੱਖਾਂ ਵਲੋਂ ਜਿੰਨੇ ਵੀ ਸੰਘਰਸ਼ ਕੀਤੇ ਗਏ ਹਨ

ਸਾਰੇ ਹੀ ਸੰਘਰਸ਼ਾਂ ਦੌਰਾਨ ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਉਠਾਈ ਜਾਂਦੀ ਰਹੀ ਹੈ। ਜਥੇਦਰ ਸੇਖਵਾਂ ਨੇ ਅੱਗੇ ਕਿਹਾ ਕਿ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਲੋਂ ਜਸਟਿਸ ਹਰਬੰਸ ਸਿੰਘ ਕੋਲੋਂ ਆਲ ਇੰਡੀਆ ਗੁਰਦੁਆਰਾ ਐਕਟ ਦਾ ਖਰੜਾ ਲਿਖਵਾਇਆ ਗਿਆ ਸੀ ਅਤੇ ਇਸ ਖਰੜੇ ਨੂੰ ਸ਼੍ਰੋਮਣੀ ਕਮੇਟੀ ਦੇ ਰਾਹੀਂ ਕੇਂਦਰ ਸਰਕਾਰ ਨੂੰ ਐਕਟ ਬਣਾਉਣ ਲਈ ਭੇਜਿਆ ਗਿਆ ਸੀ।  ਜਦੋਂ ਬੀਬੀ ਜਗੀਰ ਕੌਰ ਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ ਤਾਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੇਂਦਰ ਸਰਕਾਰ ਵਲੋਂ ਉਕਤ ਮਤਾ ਵਾਪਸ ਭੇਜ ਕੇ ਕਿਹਾ ਗਿਆ ਸੀ

ਕਿ ਸਪਸ਼ਟ ਦਸਿਆ ਜਾਵੇ ਕਿ ਉਕਤ ਮਤਾ ਸ਼੍ਰੋਮਣੀ ਕਮੇਟੀ ਨੂੰ ਮੰਜ਼ੂਰ ਹੈ ਜਾਂ ਨਹੀਂ। ਬੀਬੀ ਜਗੀਰ ਕੌਰ ਵਲੋਂ ਇਸ ਸਬੰਧ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮਤੇ ਦੇ ਨਫ਼ੇ ਨੁਕਸਾਨ ਜਾਣਨ ਲਈ ਕਮੇਟੀ ਦੇ ਸਕੱਤਰ ਕੁਲਵੰਤ ਨੂੰ ਕਿਹਾ ਗਿਆ। ਸ.ਕੁਲਵੰਤ ਸਿੰਘ ਵਲੋਂ ਘੋਖ ਬਾਅਦ ਅਪਣੀ ਰੀਪੋਰਟ ਵਿਚ ਕਿਹਾ ਗਿਆ ਕਿ ਉਕਤ ਮਤੇ ਦੇ ਬਣਨ ਨਾਲ ਸਿੱਖ ਕੌਮ ਨੂੰ ਵੱਡਾ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰਲੇ ਦੋਵੇਂ ਤਖ਼ਤ ਅਤੇ ਸਾਰੇ ਗੁਰਦਵਾਰੇ ਸ਼੍ਰੋਮਣੀ ਕਮੇਟੀ ਦੇ ਅਧੀਨ ਆ ਜਾਣਗੇ। ਇਸ ਐਕਟ ਦੇ ਹੋਂਦ ਵਿਚ ਆਉਣ ਨਾਲ ਪੰਜਾਬ ਅੰਦਰ ਵਧੇ ਡੇਰਾਵਾਦ 'ਤੇ ਰੋਕ ਲੱਗ ਸਕੇਗੀ।

ਸਾਰੇ ਗੁਰਦਵਾਰਿਆਂ ਵਿਚ ਇਕ ਮਰਿਆਦਾ ਹੋ ਜਾਵੇਗੀ। ਜਥੇ. ਸੇਖਵਾਂ ਨੇ ਅੱਗੇ ਕਿਹਾ ਕਿ ਰੀਪੋਰਟ ਵਿਚ ਜਿਹੜੀ ਗੱਲ ਸ. ਬਾਦਲ ਨੂੰ ਪਸੰਦ ਨਹੀਂ ਆਈ ਸੀ ਉਹ ਇਹ ਸੀ ਕਿ ਇਸ ਮਤੇ ਦੇ ਐਕਟ ਵਿਚ ਤਬਦੀਲ ਹੋਣ ਨਾਲ ਜਿੰਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਪੰਜਾਬ ਵਿਚੋਂ ਹੋÎਣਗੇ ਉਨੇ ਹੀ ਮੈਂਬਰ ਪੰਜਾਬ ਦੇ ਬਾਹਰਲੇ ਰਾਜਾਂ ਤੋਂ ਆਉਣਗੇ। ਇਸ ਨਾਲ ਪੰਜਾਬ ਵਿਚ ਸ. ਬਾਦਲ ਨੂੰ ਸ਼੍ਰੋਮਣੀ ਕਮਟੀ ਤੇ ਅਪਣਾ ਦਬਦਬਾ ਹਿਲਦਾ ਪ੍ਰਤੀਤ ਹੋਣ ਕਾਰਨ ਸਿਰਫ਼ ਸ਼੍ਰੋਮਣੀ ਕਮਟੀ 'ਤੇ ਅਪਣਾ ਕਬਜ਼ਾ

ਬਣਾਈ ਰੱਖਣ ਦੇ ਲਾਲਚ ਵੱਸ ਬੀਬੀ ਬਾਦਲ ਨੂੰ ਕਹਿ ਕੇ ਉਕਤ ਮਤੇ ਨੂੰ ਠੰਢੇ ਬਸਤੇ ਵਿਚ ਪਾ ਦੇਣ ਲਈ ਕਹਿ ਦੇਣ ਕਾਰਨ ਅੱਜ ਤਕ ਸਬੰਧਤ ਮਤਾ ਠੰਢੇ ਬਸਤੇ ਵਿਚ ਪਿਆ ਹੋਇਆ ਹੈ। ਇਸ ਤਰ੍ਹਾਂ ਬਾਦਲ ਨੇ ਸਿੱਖ ਕੌਮ ਦਾ ਵੱਡਾ ਨੁਕਸਾਨ ਕੀਤਾ ਹੋਇਆ ਹੈ ਅਤੇ ਸ. ਬਾਦਲ ਵਲੋਂ ਸਿੱਖ ਕੌਮ ਨਾਲ ਕੀਤੇ ਇਸ ਵੱਡੇ ਘਾਣ ਲਈ ਸਿੱਖ ਕੌਮ 'ਤੇ ਆਉਣ ਵਾਲੀਆਂ ਪੀੜ੍ਹੀਆਂ ਬਾਦਲ ਨੂੰ ਮਾਫ਼ ਨਹੀਂ ਕਰਨਗੀਆਂ।