ਭਾਰਤ 'ਚ ਗੁਰਦਵਾਰਾ ਕਰਤਾਰਪੁਰ ਲਾਂਘੇ ਦਾ ਕੰਮ ਸਿਰਫ਼ ਕਾਗ਼ਜ਼ਾਂ ਤਕ ਸੀਮਿਤ
ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ 35 ਫ਼ੀ ਸਦੀ ਕੰਮ ਮੁਕੰਮਲ ਕੀਤਾ........
ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਸਮਾਗਮ ਇਸ ਵਰ੍ਹੇ ਨਵੰਬਰ ਵਿਚ ਮਨਾਇਆ ਜਾਣਾ ਹੈ ਪਰ ਜ਼ਮੀਨੀ ਸੱਚ ਇਹ ਹੈ ਕਿ ਸ਼੍ਰੋਮਣੀ ਕਮੇਟੀ, ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਹਾਲੇ ਤਕ ਇਸ ਦਿਹਾੜੇ ਨੂੰ ਮਨਾਉਣ ਲਈ ਮੁਢਲੀਆਂ ਤਿਆਰੀਆਂ ਵੀ ਨਹੀਂ ਕੀਤੀਆਂ। ਇਸ ਦਿਹਾੜੇ ਨੂੰ ਮਨਾਉਣ ਲਈ ਭਾਰਤ ਸਰਕਾਰ ਦੇ ਵੱਡੇ ਦਾਅਵੇ ਤਾਂ ਹਨ ਪਰ ਸੱਚ ਇਹ ਹੈ ਕਿ ਭਾਰਤ ਵਾਲੇ ਪਾਸੇ ਗੁਰਦਵਾਰਾ ਸ੍ਰੀ ਕਰਤਾਰਪੁਰ ਲਾਂਘੇ ਦਾ ਕੰਮ ਸਿਰਫ਼ ਕਾਗ਼ਜ਼ਾਂ ਤਕ ਹੀ ਹੈ। ਇਹ ਲਾਂਘਾ ਗੁਰਪੁਰਬ ਤਕ ਪੂਰਾ ਹੋ ਜਾਵੇਗਾ। ਇਸ ਬਾਰੇ ਕੋਈ ਵੀ ਗੱਲ ਕਰਨ ਲਈ ਤਿਆਰ ਨਹੀਂ।
ਗੁਰਦਾਸਪੁਰ ਜ਼ਿਲ੍ਹੇ ਵਿਚ ਸਥਿਤ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਡੇਰਾ ਸਾਹਿਬ ਨੂੰ ਜਾਂਦੀਆਂ ਇਕਹਰੀਆਂ ਸੜਕਾਂ ਸ਼ਤਾਬਦੀ ਮਨਾਉਣ ਲਈ ਆ ਰਹੀਆਂ ਸੰਗਤਾਂ ਦਾ ਭਾਰ ਚੁਕਣ ਤੋਂ ਅਸਮਰਥ ਹਨ। ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ 35 ਫ਼ੀ ਸਦੀ ਕੰਮ ਮੁਕੰਮਲ ਵੀ ਕਰ ਲਿਆ ਹੈ ਜਦਕਿ ਭਾਰਤ ਵਾਲੇ ਪਾਸੇ ਸਿਰਫ਼ ਲਾਲ ਝੰਡੀਆਂ ਹੀ ਨਜ਼ਰ ਆ ਰਹੀਆਂ ਹਨ। ਹਾਲਤ ਇਹ ਹੈ ਕਿ ਹਾਲੇ ਵੀ ਕੇਂਦਰ ਤੇ ਪੰਜਾਬ ਸਰਕਾਰ ਇਸ ਦਾ ਸਿਹਰਾ ਲੈਣ ਦੇ ਸਿਆਸਤ ਵਿਚ ਹੀ ਉਲਝੀ ਹੋਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਕੰਮ ਜੰਗੀ
ਪੱਧਰ 'ਤੇ ਸ਼ੁਰੂ ਕੀਤਾ ਹੋਇਆ। ਪਹਿਲੇ ਗੇੜ ਦਾ 35 ਫ਼ੀ ਸਦੀ ਕੰਮ ਮੁਕੰਮਲ ਹੋ ਚੁਕਿਆ ਇਸ ਕੰਮ ਦਾ ਪਹਿਲਾ ਗੇੜ 31 ਅਗੱਸਤ ਤਕ ਪੂਰਾ ਹੋਣ ਦੀ ਆਸ ਹੈ। ਭਾਰਤ ਵਿਚ ਹਾਲੇ ਜ਼ਮੀਨੀ ਪੱਧਰ 'ਤੇ ਵੀ ਕੁੱਝ ਨਹੀਂ ਹੋਇਆ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਰਮਿਆਨ ਚਿੱਠੀ-ਪੱਤਰੀ ਚਲ ਰਹੀ ਹੈ। ਇਸ ਦਿਹਾੜੇ ਨੂੰ ਮਨਾਉਣ ਲਈ ਸਰਗਰਮ ਇਕ ਹੋਰ ਮਹੱਤਵਪੂਰਨ ਧਿਰ ਸ਼੍ਰੋਮਣੀ ਕਮੇਟੀ ਦਾ ਹਾਲ ਵੀ ਬਹੁਤਾ ਵਧੀਆ ਨਹੀਂ ਹੈ ਜਿਸ ਕਰਤਾਰਪੁਰ ਲਾਂਘੇ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਗੁਰਦਵਾਰਾ ਡੇਰਾ ਸਾਹਿਬ ਦੀ ਕਾਰ ਸੇਵਾ ਹੋ ਰਹੀ ਹੈ, ਇਹ ਕਦੋਂ ਪੂਰੀ ਹੋਵੇਗੀ ਕੋਈ ਵੀ ਨਹੀਂ ਕਹਿ ਸਕਦਾ।