ਭਾਈ ਰਾਜੋਆਣਾ ਨੇ ਭਾਈ ਹਵਾਰਾ ਤੇ ਸਾਥੀਆਂ ਨੂੰ ਏਜੰਸੀਆਂ ਦਾ ਹੱਥਠੋਕਾ ਕਹਿ ਨਵੀਂ ਬਹਿਸ ਛੇੜੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੇਰੀ ਰਿਹਾਈ ਲਈ ਕੋਈ ਯਤਨ ਨਾ ਕੀਤਾ ਜਾਵੇ ਅਤੇ ਨਾ ਹੀ ਅਪਣੇ ਕਿਸੇ ਪ੍ਰੋਗਰਾਮ ਵਿਚ ਮੇਰਾ ਨਾਮ ਲਿਆ ਜਾਵੇ......

Bhai Balwant Singh Rajoana

ਚੰਡੀਗੜ੍ਹ  (ਨੀਲ): ਕੇਂਦਰੀ ਜੇਲ ਪਟਿਆਲਾ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਇਕ ਬਿਆਨ ਵਿਚ ਕਿਹਾ,''2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਸਰਬੱਤ ਖ਼ਾਲਸਾ ਦੀ ਆੜ ਵਿਚ ਕਾਂਗਰਸੀਆਂ ਅਤੇ ਏਜੰਸੀਆਂ ਵਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਲੋਂ ਮੇਰੀ ਰਿਹਾਈ ਲਈ ਯਤਨ ਕਰਨ ਅਤੇ ਧਰਨੇ ਦੇਣ ਦੀਆਂ ਜੋ ਖ਼ਬਰਾਂ ਸਾਹਮਣੇ ਆਈਆਂ ਹਨ, ਉਸ ਬਾਰੇ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਖੌਤੀ ਜਥੇਦਾਰ ਜਗਤਾਰ ਸਿੰਘ ਹਵਾਰਾ 2015 ਤੋਂ ਹੀ ਏਜੰਸੀਆਂ ਦਾ ਹੱਥਠੋਕਾ ਬਣ ਕੇ ਖ਼ਾਲਸਾ ਪੰਥ ਨੂੰ ਗੁਮਰਾਹ ਕਰਨ ਦਾ ਯਤਨ ਅਤੇ ਸਾਜ਼ਸ਼ਾਂ ਕਰ ਰਿਹਾ ਹੈ।''

ਉਨ੍ਹਾਂ ਕਿਹਾ ਕਿ ਅਮਰ ਸਿੰਘ ਚਾਹਲ ਅਤੇ ਜਸਪਾਲ ਸਿੰਘ ਹੇਰਾਂ ਵਰਗੇ ਘਟੀਆ ਅਤੇ ਏਜੰਸੀਆਂ ਦੇ ਕਾਰਿੰਦਿਆਂ ਨੂੰ ਪੰਥਕ ਆਗੂ ਬਣਾਉਣ ਦੀ ਕੋਸ਼ਿਸ਼ ਸਿਰਫ਼ ਜਗਤਾਰ ਸਿੰਘ ਹਵਾਰੇ ਵਰਗਾ ਸ਼ੈਤਾਨੀ ਦਿਮਾਗ਼ ਦਾ ਬੰਦਾ ਹੀ ਕਰ ਸਕਦਾ ਹੈ । ਵਰਲਡ ਸਿੱਖ ਪਾਰਲੀਮੈਂਟ ਅਤੇ ਪੰਥਕ ਅਸੈਂਬਲੀ ਬਣਾ ਕੇ ਏਜੰਸੀਆਂ ਦੇ ਕਾਰਿੰਦਿਆਂ ਨੂੰ ਪੰਥਕ ਆਗੂ ਬਣਾਉਣ ਦੀ ਕੋਸ਼ਿਸ਼ ਕਰਨਾ ਭਾਈ ਹਵਾਰੇ ਵਲੋਂ ਕੀਤੇ ਗਏ ਉਹ ਪਾਪ ਹਨ ਜਿਸ ਦਾ ਫਲ ਸਾਡੀ ਸਿੱਖ ਕੌਮ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਇਨ੍ਹਾਂ ਲੋਕਾਂ ਹੱਥੋਂ ਗੁਮਰਾਹ ਹੋ ਕੇ ਭੋਗਣਾ ਪਵੇਗਾ। ਮੇਰਾ ਇਸ ਪੰਜ ਮੈਂਬਰੀ ਕਮੇਟੀ ਨੂੰ ਅਤੇ ਇਨ੍ਹਾਂ ਦੇ ਕਰਤਾ ਧਰਤਾ ਜੋ ਵੀ ਹਨ

ਉਨ੍ਹਾਂ ਨੂੰ ਇਹੀ ਕਹਿਣਾ ਹੈ ਕਿ ਮੇਰੀ ਰਿਹਾਈ ਲਈ ਕੋਈ ਯਤਨ ਨਾ ਕੀਤਾ ਜਾਵੇ ਅਤੇ ਨਾ ਹੀ ਅਪਣੇ ਕਿਸੇ ਪ੍ਰੋਗਰਾਮ ਵਿਚ ਮੇਰਾ ਨਾਮ ਲਿਆ ਜਾਵੇ ਕਿਉਂਕਿ ਮੇਰਾ ਇਨ੍ਹਾਂ ਸਾਜ਼ਸ਼ਾਂ ਨਾਲ ਅਤੇ ਤੁਹਾਡੇ ਵਰਗੇ ਸਾਜ਼ਸ਼ੀ ਲੋਕਾਂ ਨਾਲ ਨਾ ਹੀ ਕਲ ਕੋਈ ਸਬੰਧ ਸੀ ਅਤੇ ਨਾ ਹੀ ਅੱਗੇ ਹੋਵੇਗਾ। ਹਾਂ ਜੇਕਰ ਤੁਸੀਂ ਧਰਨਾ ਦੇਣਾ ਹੀ ਹੈ ਤਾਂ ਉਸ ਵਿਅਕਤੀ ਲਈ ਦਿਤਾ ਜਾਵੇ ਜਿਸ ਨੂੰ ਜੇਲ ਵਿਚ ਨਾ ਹੀ ਸੂਰਜ ਦੀ ਟਿੱਕੀ ਦਿਸਦੀ ਹੈ, ਨਾ ਹੀ ਉਸ ਨੂੰ ਬੈਠਣ ਦੀ ਇਜਾਜ਼ਤ ਹੈ ਜਿਸ ਨੂੰ ਸਾਰਾ ਦਿਨ ਬੇੜੀਆਂ ਵਿਚ ਜਕੜ ਕੇ ਰਖਿਆ ਜਾਂਦਾ ਹੈ । ਸਾਨੂੰ ਜੇਲ ਵਿਚ ਕੋਈ ਸਮੱਸਿਆ ਨਹੀਂ ਹੈ।

ਭਾਈ ਰਾਜੋਆਣਾ ਨੇ ਕਿਹਾ,''ਮੇਰਾ ਜੀਵਨ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਹੈ। ਮੈਂ ਅਪਣਾ ਸਾਰਾ ਸੰਘਰਸ਼ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਕੀਤਾ ਹੋਇਆ ਹੈ। ਮੇਰੀ ਸਜ਼ਾ ਨਾਲ ਸਬੰਧਤ ਆਉਣ ਵਾਲਾ ਫ਼ੈਸਲਾ ਜੋ ਵੀ ਹੋਵੇਗਾ, ਉਹ ਮੈਨੂੰ ਮਨਜ਼ੂਰ ਹੋਵੇਗਾ । ਪਰ ਪੰਥਕ ਅਤੇ ਸੰਘਰਸ਼ੀ ਮਾਖੌਟੇ ਵਿਚ ਵਿਚਰਦੇ ਧੋਖੇਬਾਜ਼ ਲੋਕਾਂ ਨਾਲ ਚਲਣਾ, ਇਨ੍ਹਾਂ ਨਾਲ ਕੋਈ ਵੀ ਸਬੰਧ ਰੱਖਣਾ ਮੈਨੂੰ ਮੰਜ਼ੂਰ ਨਹੀਂ ਹੈ, ਕਿਉਂਕਿ ਇਨ੍ਹਾਂ ਸਾਜ਼ਸ਼ੀ ਲੋਕਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਖ਼ਾਲਸਾ ਪੰਥ ਨੂੰ ਕਮਜ਼ੋਰ ਕਰ ਕੇ ਦੁਸ਼ਮਣੀ ਤਾਕਤਾਂ ਨੂੰ ਇਸ ਧਰਤੀ 'ਤੇ ਸਥਾਪਤ ਕਰਨਾ ਹੈ। ਇਹ ਮੈਨੂੰ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ ਹੈ।''