ਜ਼ਿੰਮੇਵਾਰ ਪੰਥਕ ਅਹੁਦੇ ਤੋਂ ਅਸਤੀਫ਼ਾ ਕਿਸੇ ਮੁਸ਼ਕਲ ਦਾ ਹੱਲ ਨਹੀਂ: ਬਾਬਾ ਬਲਬੀਰ ਸਿੰਘ 96 ਕਰੋੜੀ
ਮਾਨਸਿਕ ਦਬਾਅ ਦੀ ਕਹਾਣੀ ਵੀ ਸੰਗਤ ਨਾਲ ਸਾਂਝੀ ਹੋਵੇ
Amritsar News: ਮੌਜੂਦਾ ਪੰਥਕ ਹਲਾਤਾਂ ਤੇ ਬਣੀ ਸੰਕਟ ਤੇ ਗਹਿਰੀ ਚਿੰਤਾ ਵਿਅਕਤ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਰਵਾਂ ਰਵੀ ਚੱਲ ਦੇ ਕੰਮ ਵਿੱਚ ਅਸਤੀਫ਼ਾ ਕਿਹੜੀਆਂ ਮੁਸ਼ਕਲਾਂ ਦਿਕਤਾਂ ਦੀ ਮਜ਼ਬੂਰੀ ਕਾਰਨ ਦਿਤਾ ਉਹ ਵੀ ਪੰਥ ਨਾਲ ਸਾਂਝੀਆਂ ਕਰਨ ਦੀ ਅੱਜ ਲੋੜ ਹੈ। ਧਾਮੀ ਸਾਹਿਬ ਦਾ ਅਸਤੀਫ਼ਾ ਦੋਹਰੇ ਮਾਪ ਦੰਡ ਵਾਲਾ ਹੈ ਪਰ ਅਫਸੋਸਨਾਇਕ ਹੈ।
ਏਥੇ ਸਵਾਲ ਪੈਦਾ ਹੁੰਦਾ ਹੈ ਕਿ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਵੇਲੇ ਤਖ਼ਤ ਸਾਹਿਬ ਦੇ ਜਥੇਦਾਰਾਂ ਦਾ ਸਤਿਕਾਰ ਕਿਉਂ ਨਾ ਕਾਇਮ ਰੱਖਣ ਦਾ ਖਿਆਲ ਆਇਆ।
ਉਨ੍ਹਾਂ ਦਾ ਅਸਤੀਫ਼ਾ ਕਈ ਕਿਸਮ ਦੇ ਸੰਕੇ ਖੜੇ ਕਰਦਾ ਹੈ। ਇਸ ਨਾਲ ਪੰਥਕ ਵਿਵਾਦ ਹੋਰ ਡੂੰਘੇ ਹੋਣ ਦਾ ਖ਼ਦਸਾ ਹੈ। ਸੱਚੀ ਸੁੱਚੀਆਂ ਪੰਥਕ ਭਾਵਨਾ ਵਾਲੀਆਂ ਸਖ਼ਸ਼ੀਅਤਾਂ ਤੇ ਰਾਜਸੀ ਲੋਕਾਂ ਵੱਲੋਂ ਮਾਨਸਿਕ ਦਬਾਅ ਬਣਾ ਕੇ ਉਨ੍ਹਾਂ ਨੂੰ ਪੰਥਕ ਕਾਜ ਤੋਂ ਹੀ ਲਾਂਭੇ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਨਾਲ ਬਹੁਤਾ ਚਿਰ ਰੇਤ ਦੇ ਮਹਿਲ ਵੀ ਖੜੇ ਨਹੀਂ ਰਹਿ ਸਕਦੇ।
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਲਿਖਤੀ ਪ੍ਰੈਸ ਬਿਆਨ ਵਿੱਚ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਅਸਤੀਫ਼ਾ ਤਾਂ ਕਾਰਜਕਰਨੀ ਵੱਲੋਂ ਪ੍ਰਵਾਨ ਨਹੀਂ ਕੀਤਾ ਜਾਣਾ, ਇਹ ਪੰਥ ਦਰਦੀਆਂ ਨੂੰ ਪਤਾ ਹੈ। ਹੋਣ ਵਾਲੀ ਮੀਟਿੰਗ ਸਮੇਂ ਮੈਂਬਰ ਸ਼੍ਰੋਮਣੀ ਕਮੇਟੀ ਤਾਂ ਐਡਵੋਕੇਟ ਧਾਮੀ ਨੂੰ ਅਸਤੀਫ਼ਾ ਵਾਪਸ ਲੈਣ ਤੇ ਆਪਣੀਆਂ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਕਾਇਮ ਰੱਖਣ ਲਈ ਜ਼ੋਰ ਪਾਉਣਗੇ।
ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਨੂੰ ਅਸਤੀਫ਼ਾ ਦੇਣ ਦੀ ਮਜ਼ਬੂਰੀ, ਇਸ ਦੀਆਂ ਪਿਛਲੀਆਂ ਪਰਤਾਂ ਵੀ ਸੰਗਤ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਨਿਕਟ ਭਵਿੱਖ ਵਿੱਚ ਜੇਕਰ ਜਥੇਦਾਰ ਅਕਾਲ ਤਖ਼ਤ ਸਾਹਿਬ ਸਿੱਖ ਸਿਧਾਂਤ ਤੇ ਗੌਰਵਮਈ ਮਰਯਾਦਾ ਤੇ ਡੱਟ ਕੇ ਆਪਣੇ ਅਹੁਦੇ ਦੀਆਂ ਸੇਵਾਵਾਂ ਨਿਭਾਉਂਦੇ ਹਨ ਤਾਂ ਪੰਥ ਅੰਦਰ ਬਣੀਆਂ ਮੁਸ਼ਕਲਾਂ ਦਾ ਨਿਵਾਰਨ ਹੋ ਸਕਦਾ ਹੈ।
ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਅਹੁਦੇ ਤੋਂ ਅਸਤੀਫ਼ਾ ਦੇਣਾ ਪੰਥ ਨਾਲ ਵੱਡਾ ਧੋਖਾ ਹੈ। ਇਹ ਔਕੜਾਂ ਦਾ ਕੋਈ ਸਰਲੀਕਰਨ ਨਹੀਂ ਹੈ, ਭਾਵੇਂ ਉਹ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਹੈ, ਭਾਵੇਂ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਹਨ। ਅਹੁਦੇ ਤੇ ਰਹਿ ਕੇ ਪੰਥ ਦੀ ਬਿਗੜੀ ਸੁਆਰੀ ਜਾ ਸਕਦੀ ਹੈ, ਪੰਥਕ ਹਿੱਤਾਂ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਪੰਥਕ ਮਾਰੂ ਤੇ ਦੁਸ਼ਮਣ ਲੋਕਾਂ ਨੂੰ ਪੰਥ ਦੀ ਕਚਹਿਰੀ ‘ਚ ਬੇਨਿਕਾਬ ਕਰਨਾ ਚਾਹੀਦਾ ਹੈ। ਅਸਤੀਫਾ ਨਹੀਂ ਦੇਣਾ ਚਾਹੀਦਾ।