ਅੱਜ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਰੰਭ ਹੋਵੇਗਾ ਹੋਲਾ ਮਹੱਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਸ ਤੋਂ ਪਹਿਲਾਂ 14 ਤੋਂ 16 ਮਾਰਚ ਤਕ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਇਆ ਗਿਆ।

Hola Mohalla will start from today at Sri Anandpur Sahib

 

ਸ੍ਰੀ ਅਨੰਦਪੁਰ ਸਾਹਿਬ (ਸੁਖਵਿੰਦਰ ਪਾਲ ਸਿੰਘ  ਸੁੱਖੂ) : ਖ਼ਾਲਸੇ ਦੇ ਜਾਹੋ-ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦੀ ਅਰੰਭਤਾ ਅੱਜ ਵੀਰਵਾਰ ਤੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 14 ਤੋਂ 16 ਮਾਰਚ ਤਕ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਇਆ ਗਿਆ। ਅੱਜ 17 ਤੋਂ 19 ਮਾਰਚ ਤਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਇਹ ਪਾਵਨ ਤਿਉਹਾਰ ਮਨਾਇਆ ਜਾਵੇਗਾ। ਇਸ ਸਬੰਧੀ ਕੌਮ ਦੀ ਕੇਂਦਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਪੂਰੀ ਤਿਆਰੀ ਕੀਤੀ ਗਈ ਹੈ।

ਭਾਵੇਂ ਹੋਲਾ ਮਹੱਲਾ ਵੀਰਵਾਰ ਤੋਂ ਅਰੰਭ ਹੋਵੇਗਾ ਪਰ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਹੁਣ ਤੋਂ ਹੀ ਨਜ਼ਰ ਆ ਰਿਹਾ ਹੈ ਤੇ ਸੰਗਤਾਂ ਹੁਣ ਤੋਂ ਹੀ ਵੱਡੀ ਗਿਣਤੀ ਵਿਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰੂ ਘਰਾਂ ਵਿਚ ਦਰਸ਼ਨ ਦੀਦਾਰੇ ਕਰ ਰਹੀਆਂ ਹਨ। ਇਸ ਸਬੰਧੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਅਤੇ ਐਡੀਸ਼ਨਲ ਮੈਨੇਜਰ ਹਰਦੇਵ ਸਿੰਘ ਨੇ ਦਸਿਆ ਕਿ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਪੁੱਜ ਰਹੀਆਂ ਸੰਗਤਾਂ ਦੇ ਸਵਾਗਤ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਸੰਗਤਾਂ ਲਈ ਜਿਥੇ ਗੁਰੂ ਘਰਾਂ ਵਿਚ ਆਸਾਨੀ ਨਾਲ ਮੱਥਾ ਟੇਕਣ ਲਈ ਯੋਗ ਪ੍ਰਬੰਧ ਕੀਤੇ ਗਏ ਹਨ

ਉਥੇ ਜੋੜਾ ਘਰ, ਗਠੜੀ ਘਰ, ਠੰਡੇ ਪਾਣੀ ਦੀਆਂ ਛਬੀਲਾਂ, ਬਿਜਲੀ, ਪਾਣੀ, ਕੜਾਹ ਪ੍ਰਸ਼ਾਦ ਦੀ ਦੇਗ, ਸਰੋਵਰਾਂ ਵਿਚ ਇਸ਼ਨਾਨ ਆਦਿ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਗੁਰੂ ਘਰਾਂ ਵਿਚ ਰੰਗ ਰੋਗਨ ਅਤੇ ਰੋਸ਼ਨੀਆਂ ਦਾ ਸਾਰਾ ਕੰਮ ਵੀ ਪੂਰਾ ਕਰ ਲਿਆ ਗਿਆ ਹੈ ਤੇ ਬਾਹਰੋਂ ਹੋਰ ਸੇਵਾਦਾਰ ਵੀ ਮੰਗਵਾਏ ਗਏ ਹਨ ਤਾਂ ਜੋ ਯੋਗ ਪ੍ਰਬੰਧ ਕੀਤੇ ਜਾ ਸਕਣ।

ਪ੍ਰਸਾਸ਼ਨ ਵਲੋਂ ਹੋਲਾ ਮਹੱਲਾ ਮੋਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਥੇ 4500 ਦੇ ਕਰੀਬ ਪੁਲਿਸ ਮੁਲਾਜ਼ਮ ਬੁਲਾਏ ਗਏ ਹਨ ਉਥੇ ਚਿੱਟ ਕਪੜੀਆ ਪੁਲਿਸ, ਲੇਡੀ ਪੁਲਿਸ, ਸੀਆਈਡੀ, ਆਦਿ ਦੇ ਮੁਲਾਜ਼ਮ ਚੱਪੇ-ਚੱਪੇ ’ਤੇ ਨਜ਼ਰ ਰੱਖ ਰਹੇ ਹਨ। ਸੰਗਤਾਂ ਦੀ ਸਹੂਲਤ ਲਈ ਟ੍ਰੈਫ਼ਿਕ ਰੂਟ ਤਿਆਰ ਕੀਤੇ ਗਏ ਹਨ ਤਾਂ ਜੋ ਸ਼ਹਿਰ ਦੇ ਅੰਦਰ ਜਾਮ ਵਾਲੀ ਸਥੀਤੀ ਪੈਦਾ ਨਾ ਹੋਵੇ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਐਸ.ਐਸ.ਪੀ. ਵਿਵੇਕਸ਼ੀਲ ਸੋਨੀ, ਮੇਲਾ ਅਫ਼ਸਰ ਐਸਡੀਐਮ ਕੇਸ਼ਵ ਗੋਇਲ, ਡੀਐਸਪੀ ਅਜੇ ਸਿੰਘ ਸਾਰੀ ਸਥਿਤੀ ’ਤੇ ਪਲ-ਪਲ ਦੀ ਖ਼ਬਰ ਰਖ ਰਹੇ ਹਨ।