'ਸਿੱਕਾ ਵਾਂਗ ਵੱਖ-ਵੱਖ ਸਿੱਖ ਆਗੂ ਵੀ ਦੋਸ਼ੀ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਦਲ ਪਰਵਾਰ ਸਣੇ ਹੋਰ ਸੀਨੀਅਰ ਅਕਾਲੀ ਨੇਤਾਵਾਂ ਨੇ ਦਿਤੀ ਸੀ ਫ਼ਿਲਮ ਨੂੰ ਹਰੀ ਝੰਡੀ

SGPC

ਅੱਜ ਇਥੇ ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਹੈ ਕਿ ਵਿਵਾਦਤ ਫ਼ਿਲਮ ਨਾਨਕ ਸ਼ਾਹ ਫ਼ਕੀਰ ਦੇ ਮਾਮਲੇ ਵਿਚ ਜਿਥੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਦੋਸ਼ੀ ਹੈ, ਉਥੇ ਵੱਖ-ਵੱਖ ਆਗੂ ਵੀ ਬਰਾਬਰ ਦੇ ਦੋਸ਼ੀ ਹਨ। ਆਗੂਆਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਕੁੱਝ ਹੋਰ ਸੀਨੀਅਰ ਅਕਾਲੀ ਨੇਤਾ ਜਿਨ੍ਹਾਂ ਨੇ ਫ਼ਿਲਮ ਦੇਖਣ ਤੋਂ ਬਾਅਦ ਅਪਣੇ ਵਲੋਂ ਹਰੀ ਝੰਡੀ ਦੇ ਦਿਤੀ ਸੀ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ 2015 ਵਿਚ ਅਕਾਲ ਤਖ਼ਤ ਸਾਹਿਬ ਦੇ ਲੈਟਰ ਪੈਡ 'ਤੇ ਪ੍ਰਸ਼ੰਸਾ ਪੱਤਰ ਲਿਖ ਕੇ ਫ਼ਿਲਮ ਟੀਮ ਦੀ ਹੌਂਸਲਾ ਅਫ਼ਜ਼ਾਈ ਕੀਤੀ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜਿਸ ਨੇ 2018 ਵਿਚ ਅਦਾਕਾਰ ਅਕਸ਼ੇ ਕੁਮਾਰ ਨਾਲ ਸਟੇਜ ਸਾਂਝੀ ਕਰ ਕੇ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਤੇ ਮਸ਼ਹੂਰੀ ਕੀਤੀ।

ਮੌਜੂਦਾ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸ਼੍ਰੋਮਣੀ ਕਮੇਟੀ ਵਲੋਂ ਮੈਨੇਜਰਾਂ ਨੂੰ ਇਕ ਸਰਕੂਲਰ ਜਾਰੀ ਕੀਤਾ ਕਿ ਗੁਰਦੁਆਰਾ ਸਾਹਿਬ ਦੀਆਂ ਯੋਗ ਥਾਵਾਂ 'ਤੇ ਫ਼ਿਲਮ ਦੇ ਪੋਸਟਰ ਲਗਾਏ ਜਾਣ ਅਤੇ ਸਕੂਲਾਂ, ਕਾਲਜਾਂ, ਯੂਨੀਵਰਸਟੀਆਂ ਦੇ ਵਿਦਿਆਰਥੀਆਂ ਨੂੰ ਸਿਨੇਮਿਆਂ ਵਿਚ ਲਿਜਾ ਕੇ ਫ਼ਿਲਮ ਦਿਖਾਈ ਜਾਵੇ। ਵੱਖ-ਵੱਖ ਅਹੁਦੇਦਾਰਾਂ ਜਿਨ੍ਹਾਂ ਨੇ ਸੰਗਤ ਦੇ ਰੋਹ ਤੋਂ ਪਹਿਲਾਂ ਫ਼ਿਲਮ ਦੀ ਹਮਾਇਤ ਕੀਤੀ ਤੇ ਸਿੱਕੇ ਨਾਲ ਗੂੜ੍ਹੀ ਸਾਂਝ ਰੱਖੀ ਇਹ ਸਾਰੇ ਬਰਾਬਰ ਦੇ ਦੋਸ਼ੀ ਹਨ। ਇਸ ਲਈ ਇਨ੍ਹਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਤੁਰਤ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਅਤੇ ਡਾ. ਰੂਪ ਸਿੰਘ ਵਾਂਗ ਸੰਗਤ ਤੋਂ ਮਾਫ਼ੀ ਮੰਗਣ ਤੇ ਅਪਣੇ ਗਲ ਵਿਚ ਪੱਲਾ ਪਾ ਕੇ ਪੰਜ ਪਿਆਰੇ ਸਾਹਿਬਾਨ ਅੱਗੇ ਪੇਸ਼ ਹੋ ਕੇ ਗ਼ਲਤੀ ਬਖਸ਼ਾਉਣ ਤੇ ਧਾਰਮਕ ਸਜ਼ਾ ਭੁਗਤਣ। ਜੇਕਰ ਅਜਿਹਾ ਨਾ ਕੀਤਾ ਤਾਂ ਭਵਿੱਖ ਵਿਚ ਇਹ ਲੋਕ ਸੰਗਤ ਦੇ ਰੋਹ ਦਾ ਸ਼ਿਕਾਰ ਹੋਣਗੇ ਤੇ ਇਨ੍ਹਾਂ ਉਪਰ ਟੀਕਾ-ਟਿਪਣੀ ਵੀ ਹੁੰਦੀ ਰਹੇਗੀ ਜਿਸ ਨਾਲ ਪੰਥਕ ਮਾਹੌਲ ਵਿਚ ਅਸ਼ਾਂਤੀ ਵਰਤੇਗੀ।