ਗਰਮੀ ਅਤੇ ਸਰਦੀ ਤੋਂ ਰਹਿਤ ਹਨ ਗੁਰੂ ਗ੍ਰੰਥ ਸਾਹਿਬ: ਜਥੇਦਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਿੰਨੀ ਦੇਰ ਗ੍ਰੰਥੀ ਗੁਰਦਵਾਰੇ ਵਿਚ ਰਹਿਣ, ਓਨੀ ਦੇਰ ਹੀ ਵਰਤੀ ਜਾਵੇ ਬਿਜਲੀ

Giani Harpreet Singh

ਅੰਮ੍ਰਿਤਸਰ : ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਰਮੀ ਅਤੇ ਸਰਦੀ ਤੋਂ ਰਹਿਤ ਹਨ। ਇਸ ਲਈ ਗ੍ਰੰਥੀ ਸਿੰਘ ਜਿਨ੍ਹੀ ਦੇਰ ਗੁਰਦੁਆਰਾ ਸਾਹਿਬ ਵਿਚ ਰਹਿਣ, ਓਨੀ ਦੇਰ ਹੀ ਬਿਜਲੀ ਦੀ ਵਰਤੇ ਕੀਤੀ ਜਾਵੇ ਅਤੇ  ਬਾਅਦ ਵਿਚ ਕੇਵਲ ਇਕ ਛੋਟੀ ਲਾਈਟ ਤੋਂ ਬਿਨਾਂ ਹੋਰ ਕੁੱਝ ਵੀ ਨਾ ਚਲਾਇਆ ਜਾਵੇ ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਵੀ ਬਣਿਆ ਰਹੇ ਅਤੇ ਕਿਸੇ ਕਿਸਮ ਦੀ ਬੇਅਦਬੀ ਹੋਣ ਦਾ ਡਰ ਵੀ ਨਾ ਰਹੇ।

ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਨੂੰ ਕਈ ਵਾਰ ਸੁਚੇਤ ਕੀਤਾ ਗਿਆ ਹੈ ਕਿ ਗੁਰਦੁਆਰਾ ਸਾਹਿਬਾਨਾਂ ਵਿਚ ਚੰਗੀ ਵਾਇਰਿੰਗ ਅਤੇ ਚੰਗਾ ਬਿਜਲੀ ਦਾ ਸਮਾਨ ਲਗਾਇਆ ਜਾਵੇ। ਪਾਲਕੀ ਸਾਹਿਬ ਦੇ ਨਾਲ ਲੜੀਆਂ, ਪਲਾਸਟਿਕ ਦਾ ਪੱਖਾ ਆਦਿ ਨਾ ਲਗਾਇਆ ਜਾਵੇ ਕਿਉਂਕਿ ਇਹ ਚੀਜ਼ਾਂ ਚਲਦੀਆਂ ਰਹਿਣ ਕਰ ਕੇ ਗਰਮ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਾਰਨ ਬਣਦੀਆਂ ਹਨ ਪਰ ਫਿਰ ਵੀ ਸਿੱਖ ਸੰਗਤਾਂ ਅਜਿਹਾ ਕਰਨ ਵਿਚ ਅਣਗਹਿਲੀ ਕਰ ਰਹੀਆਂ ਹਨ।

ਉਨ੍ਹਾਂ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਜਿਹਾ ਕਰਨ ਤੋਂ ਗੁਰੇਜ਼ ਕੀਤਾ ਜਾਵੇ ਜਿਸ ਨਾਲ ਇਹ ਘਟਨਾਵਾਂ ਹੋ ਸਕਦੀਆਂ ਹਨ।