ਖਹਿਰਾ ਪਾਰਟੀ ਵਿਧਾਇਕਾਂ ਨੂੰ ਨਾਲ ਲੈ ਕੇ ਪਹੁੰਚੇ ਇਨਸਾਫ਼ ਮੋਰਚੇ 'ਚ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਸੱਤ ਸਾਥੀ ਵਿਧਾਇਕਾਂ ਸਮੇਤ ਅੱਜ ਬਰਗਾੜੀ 'ਚ ਚਲ ਰਹੇ ਇਨਸਾਫ਼.....

Sukhpal Singh Khaira Protesting with Party Members

ਕੋਟਕਪੂਰਾ/ਜੈਤੋ  : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਸੱਤ ਸਾਥੀ ਵਿਧਾਇਕਾਂ ਸਮੇਤ ਅੱਜ ਬਰਗਾੜੀ 'ਚ ਚਲ ਰਹੇ ਇਨਸਾਫ਼ ਮੋਰਚੇ ਵਿਚ ਸ਼ਾਮਲ ਹੋਏ। ਮਸਲੇ ਨੂੰ ਇਥੋਂ ਤਕ ਪਹੁੰਚਾਉਣ ਲਈ ਉਨ੍ਹਾਂ ਤਤਕਾਲੀ ਅਤੇ ਮੌਜੂਦਾ ਹਕੂਮਤਾਂ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਮੋਰਚੇ ਨੂੰ ਚਲਾਉਣ ਵਾਲੀਆਂ ਪੰਥਕ ਹਸਤੀਆਂ ਨੂੰ ਰਾਇ ਦਿਤੀ ਕਿ ਹਕੂਮਤ ਨੂੰ ਝੰਜੋੜਨ ਲਈ ਬਰਗਾੜੀ ਤੋਂ ਚੰਡੀਗੜ੍ਹ ਤਕ ਰੋਸ ਮਾਰਚ ਕੀਤਾ ਜਾਵੇ। ਇਸ ਨਾਲ ਹੀ ਉਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਵਿਚ ਸਾਰੇ ਧਰਮਾਂ ਦੇ ਕੈਦੀਆਂ ਨੂੰ ਸ਼ਾਮਲ ਕੀਤੇ ਜਾਣ ਦੀ ਗੱਲ ਵੀ ਕਹੀ।

ਮੋਰਚਾ ਸਥਾਨ 'ਤੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਜਨਾਲਾ ਅਤੇ ਭਾਰੀ ਗਿਣਤੀ 'ਚ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਸੁਖਪਾਲ ਸਿੰਘ ਖਹਿਰਾ ਨਾਲ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮਾਸਟਰ ਬਲਦੇਵ ਸਿੰਘ, ਕੁਲਤਾਰ ਸਿੰਘ ਸੰਧਵਾਂ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖ਼ਾਲਸਾ ਅਤੇ ਮਨਜੀਤ ਸਿੰਘ ਬਿਲਾਸਪੁਰ ਵੀ ਆਏ। ਖਹਿਰਾ ਨੇ ਕਿਹਾ ਕਿ ਬੇਅਦਬੀ ਘਟਨਾਵਾਂ ਅਤੇ ਮੌੜ ਬੰਬ ਕਾਂਡ ਦੀਆਂ ਤਾਰਾਂ ਆਪਸ ਵਿਚ ਜੁੜੀਆਂ ਹੋਈਆਂ ਹਨ।

ਇਨ੍ਹਾਂ ਘਟਨਾਵਾਂ ਪਿੱਛੇ ਵੱਡੀ ਸ਼ਕਤੀ ਕੰਮ ਕਰਦੀ ਸੀ ਪਰ ਦੁੱਖ ਦੀ ਗੱਲ ਹੈ ਕਿ ਜਦੋਂ ਵੀ ਜਾਂਚ ਕਿਸੇ ਰਾਹ 'ਤੇ ਪੈਂਦੀ ਸੀ ਤਾਂ ਸਮੇਂ ਦੇ ਹਾਕਮਾਂ ਨੇ ਹਮੇਸ਼ਾ ਜਾਂਚ ਨੂੰ ਲੀਹ ਤੋਂ ਲਾਹੁਣ ਲਈ ਕੰਮ ਕੀਤੇ। ਉਨ੍ਹਾਂ ਤਨਜ਼ ਕਸੀ ਕਿ ਖ਼ੁਦ ਨੂੰ ਸਿੱਖਾਂ ਦਾ ਪੈਰੋਕਾਰ ਅਖਵਾਉਣ ਵਾਲੇ ਅਕਾਲੀ ਦਲ ਬਾਦਲ ਦੀ ਸਰਕਾਰ ਕੋਲ ਘਟਨਾਵਾਂ ਦੇ ਪੁਖ਼ਤਾ ਸਬੂਤ ਹੋਣ ਦੇ ਬਾਵਜੂਦ ਬਣਦੀ ਕਾਰਵਾਈ ਲਈ ਉਚਿਤ ਕਦਮ ਨਹੀਂ ਚੁਕੇ ਗਏ। 

ਉਨ੍ਹਾਂ ਮਾਮਲੇ ਸਬੰਧੀ ਤਾਜ਼ਾ ਕਾਰਵਾਈ 'ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਇਕੱਲੀਆਂ ਗ੍ਰਿਫ਼ਤਾਰੀਆਂ ਨਾਲ ਨਹੀਂ ਸਰਨਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਘਟਨਾਵਾਂ ਦੇ ਪਿੱਛੇ ਕੌਣ ਹਨ, ਉਨ੍ਹਾਂ ਨੂੰ ਜਨਤਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਹਿਬਲ ਗੋਲੀ ਕਾਂਡ 'ਚ ਗੋਲੀ ਦਾ ਹੁਕਮ ਦੇਣ ਵਾਲੇ ਅਤੇ ਗੋਲੀ ਚਲਾਉਣ ਵਾਲੇ ਪੁਲਿਸ ਵਾਲਿਆਂ ਨੂੰ ਵੀ ਹਕੂਮਤ ਫੌਰੀ ਗ੍ਰਿਫ਼ਤਾਰ ਕਰੇ। 

ਖਹਿਰਾ ਨੇ ਕਿਹਾ ਕਿ ਇਨਸਾਫ਼ ਦੀ ਪ੍ਰਾਪਤੀ ਲਈ ਆਮ ਆਦਮੀ ਪਾਰਟੀ ਇਸ ਅੰਦੋਲਨ ਵਿਚ ਹਰ ਪੱਖ ਤੋਂ ਪੰਥਕ ਆਗੂਆਂ ਨਾਲ ਖੜੇਗੀ। ਉਨ੍ਹਾਂ ਕਿਹਾ ਕਿ ਵੋਟਾਂ ਦੀਆਂ ਗਿਣਤੀਆਂ-ਮਿਣਤੀਆਂ 'ਚ ਉਲਝੀ ਕੈਪਟਨ ਸਰਕਾਰ ਬੇਅਦਬੀ ਮੁੱਦਿਆਂ 'ਤੇ 'ਦੱਬੀ' ਜ਼ੁਬਾਨ ਵਿਚ ਬੋਲਦੀ ਹੈ।