ਫ਼ਤਿਹਗੜ੍ਹ ਸਾਹਿਬ ਦੇ ਪਿੰਡ ਨਲੀਨੀ ਵਿਚ ਗੁਟਕਾ ਸਾਹਿਬ ਦੀ ਕੀਤੀ ਗਈ ਬੇਅਦਬੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਿੰਡ ਦੇ ਸੂਏ ਵਿਚੋਂ ਮਿਲੇ ਗੁਟਕਾ ਸਾਹਿਬ ਦੇ ਪਤਰੇ

File

ਫ਼ਤਿਹਗੜ੍ਹ ਸਾਹਿਬ, 16 ਜੂਨ: ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਨਲੀਨੀ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ । ਪਿੰਡ ਵਿਚੋਂ ਲੰਘਦੇ ਸੂਏ ਵਿਚੋਂ 2 ਗੁਟਕਾ ਸਾਹਿਬ ਦੇ ਪਤਰੇ ਪਾਣੀ ਵਿਚੋਂ ਵਹਿੰਦੇ ਦੇਖੇ ਗਏ ਜਿਸ ਨੂੰ ਨਾਲ ਖੇਤਾਂ ਵਿਚ ਜ਼ੀਰੀ ਲਾ ਰਹੇ ਵਿਅਕਤੀ ਨੇ ਦੇਖ ਕੇ ਪਿੰਡ ਦੇ ਗ੍ਰੰਥੀ ਸਿੰਘ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਵਲੋਂ ਇਹ ਪਤਰੇ ਇਕੱਤਰ ਕੀਤੇ ਗਏ ਅਤੇ ਇਸ ਦੀ ਸੂਚਨਾ ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੂੰ ਦਿਤੀ। ਇਸ ਸਬੰਧੀ ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਇਹ ਪਤਰੇ ਬਿਰਧ ਅਵਸਥਾ ਵਿਚ ਹੋਣ ਕਾਰਨ ਕਿਸੇ ਵਿਅਕਤੀ ਵਲੋਂ ਪਾਣੀ ਵਿਚ ਜਲ ਪ੍ਰਵਾਹ ਕੀਤੇ ਲੱਗਦੇ ਹਨ ।

ਪੰਜੋਲੀ ਨੇ ਦਸਿਆ ਕਿ ਬੀਤੀ ਰਾਤ ਲਗਭਗ 8 ਵਜੇ ਉਨ੍ਹਾਂ ਨੂੰ ਭਾਈ ਹਰਪਾਲ ਸਿੰਘ  ਹੈਡ ਗ੍ਰੰਥੀ ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦਾ ਫ਼ੋਨ ਆਇਆ ਕਿ ਨਲੀਨੀ ਪਿੰਡ ਦੇ ਸੂਏ ਵਿਚੋਂ ਨਿਤਨੇਮ ਅਤੇ ਸੁਖਮਨੀ ਸਾਹਿਬ ਦੇ ਬਿਰਧ ਰੂਪ ਵਿਚ ਗੁਟਕੇ ਮਿਲੇ ਹਨ ਜਿਸ ਦੇ ਅੱਜ ਸਵੇਰੇ ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਮੈਨੇਜਰ ਸ. ਕਰਮ ਸਿੰਘ ਸਮੇਤ ਪੰਜ ਗ੍ਰੰਥੀ ਸਿੰਘਾਂ ਨੂੰ ਨਾਲ ਲੈ ਕੇ ਨਲੀਨੀ ਪਿੰਡ ਪਹੁੰਚੇ, ਜਿਥੇ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਭਾਈ ਬਲਜਿੰਦਰ ਸਿੰਘ ਨੇ ਇਨ੍ਹਾਂ ਗੁਟਕਿਆਂ ਨੁੰ ਰੁਮਾਲਾ ਸਾਹਿਬ ਵਿਚ ਲਪੇਟ ਕੇ ਰਖਿਆ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਅਰਦਾਸ ਕਰ ਕੇ ਗੁਟਕਾ ਸਾਹਿਬ ਸਤਿਕਾਰ ਸਾਹਿਤ ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਲਿਆਂਦੇ ਗਏ ਹਨ। ਉਨ੍ਹਾਂ ਸਮੁੱਚੀ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਕਿਸੇ ਕੋਲ ਵੀ ਬਾਣੀ ਦੇ ਬਿਰਧ ਗੁਟਕੇ ਜਾਂ ਕੋਈ ਧਾਰਮਕ ਕਿਤਾਬ ਹੈ, ਉਹ ਆਪ ਜਲ ਪ੍ਰਵਾਹ ਜਾਂ ਸਸਕਾਰ ਕਰਨ ਦੀ ਬਜਾਏ ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਜਾਂ ਨੇੜੇ ਦੇ ਗੁਰੂ ਘਰ ਵਿਚ ਭੇਜਣ। ਜਿਥੇ ਉਨ੍ਹਾਂ ਦੀ ਮਰਿਆਦਾ ਅਨੁਸਾਰ ਸੰਭਾਲ ਕੀਤੀ ਜਾ ਸਕੇ।