ਸਾਂਝੀਵਾਲਤਾ ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਦੇ ਪੁਰਬ 'ਤੇ ਹੀ ਸਿੱਖ ਧਿਰਾਂ ਸਾਂਝ ਤੋਂ ਹੋਈਆਂ ਮੁਨਕਰ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹੁਣ ਦਿੱਲੀ ਗੁਰਦਵਾਰਾ ਕਮੇਟੀ ਸਰਨਿਆਂ ਤੋਂ ਪਹਿਲਾਂ 13 ਅਕਤੂਬਰ ਨੂੰ ਕੱਢੇਗੀ ਨਨਕਾਣਾ ਸਾਹਿਬ ਤਕ ਨਗਰ ਕੀਰਤਨ 

Delhi Gurdwara Committee President Manjinder Singh Sirsa and others

ਨਵੀਂ ਦਿੱਲੀ : ਸਰਬ ਸਾਂਝੀਵਾਲਤਾ ਦਾ ਸੁਨੇਹਾ ਦੇ ਕੇ, ਤੱਪਦਿਆਂ ਦੇ ਹਿਰਦੇ ਠਾਰ੍ਹਨ ਵਾਲੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਹੀ ਸਿੱਖ ਕਹਾਉਂਦੀਆਂ ਪਾਰਟੀਆਂ ਤੇ ਪੰਥਕ ਕਹਾਉਂਦੇ ਅਦਾਰਿਆਂ ਵਿਚ ਹੀ ਸਾਂਝ ਨਹੀਂ ਬਣ ਰਹੀ ਜਿਹੜੇ ਦਾਅਵਾ ਤਾਂ ਲੋਕਾਈ ਨੂੰ ਬਾਬੇ ਨਾਨਕ ਨਾਲ ਜੋੜਨ ਦਾ ਕਰ ਰਹੇ ਹਨ। ਸ਼ਤਾਬਦੀ ਸਮਾਗਮ ਸਨਮੁਖ ਨਨਕਾਣਾ ਸਾਹਿਬ ਤਕ ਨਗਰ ਕੀਰਤਨ ਸਜਾਉਣ ਬਾਰੇ ਸਿੱਖ ਧਿਰਾਂ ਦੀਆਂ ਆਪੋ ਅਪਣੀ ਡੱਫਲੀਆਂ ਵੱਜਣ ਕਰ ਕੇ, ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਉਹ ਪਹਿਲਾਂ ਮਿਥੀ 28 ਅਕਤੂਬਰ ਦੀ ਤਰੀਕ ਦੀ ਬਜਾਏ ਹੁਣ 13 ਅਕਤੂਬਰ ਨੂੰ ਨਗਰ ਕੀਰਤਨ ਕੱਢੇਗੀ ਜਦੋਂ ਕਿ ਸਰਨਿਆਂ ਵਲੋਂ 28 ਅਕਤੂਬਰ ਨੂੰ ਨਗਰ ਕੀਰਤਨ ਕੱਢਣ ਦਾ ਐਲਾਨ ਕੀਤਾ ਜਾ ਚੁਕਿਆ ਹੈ।

ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿਉਂਕਿ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕੋਝੀ ਰਾਜਨੀਤੀ ਖੇਡਣ ਲਈ 28 ਅਕਤੂਬਰ ਨੂੰ ਹੀ ਨਗਰ ਕੀਰਤਨ ਸਜਾਉਣ ਤੇ ਟਕਰਾਅ ਦਾ ਮਾਹੌਲ ਪੈਦਾ ਕਰਨ ਦਾ ਰਾਹ ਫੜ ਲਿਆ ਹੈ। ਇਸ ਕਰ ਕੇ, ਦੁਨੀਆਂ ਸਾਹਮਣੇ ਸਿੱਖਾਂ ਦੀ ਬਦਨਾਮੀ ਨਾ ਹੋਵੇ ਤੇ ਬਣ ਰਹੇ ਟਕਰਾਅ ਦੇ ਮਾਹੌਲ ਨੂੰ ਟਾਲਣ ਲਈ ਅਸੀਂ ਵਿਚਕਾਰ ਦਾ ਰਾਹ ਕੱਢ ਕੇ, ਨਗਰ ਕੀਰਤਨ 13 ਅਕਤੂਬਰ ਨੂੰ ਕੱਢਣ ਦਾ ਫ਼ੈਸਲਾ ਲਿਆ ਹੈ।

ਉਨ੍ਹ੍ਹਾਂ ਅਪੀਲ ਕੀਤੀ ਕਿ ਸਿੱਖਾਂ ਦੀ ਨੁਮਾਇੰਦਾ ਧਿਰ ਹੋਣ ਕਰ ਕੇ, ਦਿੱਲੀ ਕਮੇਟੀ ਵਲੋਂ ਸਜਾਏ ਜਾ ਰਹੇ ਨਗਰ ਕੀਰਤਨ ਵਿਚ ਸਰਨਾ ਭਰਾਵਾਂ ਨੂੰ ਵੀ ਸ਼ਾਮਲ ਹੋਣਾ ਚਾਹੀਦਾ ਹੈ, ਕਿਉਂਕਿ ਸੰਗਤ ਨੇ ਸ਼ਤਾਬਦੀ ਸਮਾਗਮ ਮਨਾਉਣ ਦੀ ਜ਼ਿੰਮੇਵਾਰੀ ਦਿੱਲੀ ਕਮੇਟੀ ਨੂੰ ਸੌਂਪੀ ਹੋਈ ਹੈ। ਕਮੇਟੀ ਦੇ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ, ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਸ. ਭੁਪਿੰਦਰ ਸਿੰਘ ਭੁੱਲਰ, ਸ.ਹਰਜੀਤ ਸਿੰਘ ਪੱਪਾ ਤੇ ਹੋਰ ਮੈਂਬਰ ਵੀ ਹਾਜ਼ਰ ਸਨ।