ਜ਼ਕਰੀਆ ਖ਼ਾਨ ਦੀ ਤਰ੍ਹਾਂ ਬਾਦਲ ਦਾ ਅੰਤ ਵੀ ਦੁਖਦਾਇਕ ਅਤੇ ਸ਼ਰਮਨਾਕ ਹੋਇਆ : ਹਰਜਿੰਦਰ ਸਿੰਘ ਮਾਝੀ
ਬਾਦਲਾਂ ਵਲੋਂ ਸਿੱਖਾਂ ’ਤੇ ਕੀਤੇ ਜ਼ੁਲਮਾਂ ਦੀ ਜ਼ਕਰੀਆ ਖ਼ਾਨ ਦੇ ਜ਼ੁਲਮਾਂ ਨਾਲ ਕੀਤੀ ਤੁਲਨਾ
ਕੋਟਕਪੂਰਾ (ਗੁਰਿੰਦਰ ਸਿੰਘ) : ਜ਼ਕਰੀਆ ਖ਼ਾਨ ਨੇ ਅਪਣੇ ਜੀਵਨ ਵਿਚ ਅਨੇਕਾਂ ਸਿੱਖਾਂ ਨੂੰ ਸ਼ਹੀਦ ਕੀਤਾ ਪਰ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਜ਼ਕਰੀਆ ਖ਼ਾਨ ਦੀ ਜ਼ਿੰਦਗੀ ਦਾ ਆਖ਼ਰੀ ਕਤਲ ਸੀ, ਸਿੱਖਾਂ ਦਾ ਕਾਤਲ ਜ਼ਕਰੀਆ ਆਖ਼ਰ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਖਾਂਦਾ ਹੋਇਆ ਇਸ ਧਰਤੀ ਤੋਂ ਤੁਰ ਗਿਆ। ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ 1970 ਵਿਚ ਪਹਿਲੀ ਵਾਰ ਮੁੱਖ ਮੰਤਰੀ ਬਣ ਕੇ ਪੰਜਾਬ ’ਚ ਝੂਠੇ ਪੁਲਿਸ ਮੁਕਾਬਲਿਆਂ ਦਾ ਮੁੱਢ ਬੰਨ੍ਹਦਿਆਂ ਜਸਟਿਸ ਤਾਰਕੁੰਡੇ ਦੀ ਰਿਪੋਰਟ ਅਨੁਸਾਰ 82 ਸਾਲਾ ਬਾਬਾ ਬੂਝਾ ਸਿੰਘ ਜੀ ਦਾ ਝੂਠਾ ਪੁਲਿਸ ਮੁਕਾਬਲਾ ਕਰਵਾਇਆ ਅਤੇ 5 ਵਾਰ ਦੇ ਅਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਸਿੱਖ ਕੌਮ ’ਤੇ ਅਨੇਕਾਂ ਜ਼ੁਲਮ ਢਾਹੇ ਪਰ ਬਾਦਲ ਦੇ ਰਾਜ ਦੌਰਾਨ ਆਖ਼ਰੀ ਕਤਲ ਭਾਈ ਕਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਬਿੱਟੂ ਦੋ ਸਿੱਖ ਨੌਜਵਾਨਾਂ ਦਾ ਸੀ।
ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ‘ਦਰਬਾਰ-ਏ-ਖ਼ਾਲਸਾ’ ਨੇ ਬਹਿਬਲ ਕਲਾਂ ਅਤੇ ਸਰਾਵਾਂ ਵਿਖੇ ਹੋਏ ਸ਼ਹੀਦੀ ਸਮਾਗਮਾਂ ਦੌਰਾਨ ਇਹ ਵਿਚਾਰ ਪ੍ਰਗਟਾਉਂਦਿਆਂ ਕਿਹਾ ਹੈ ਕਿ ਬਹਿਬਲ ਕਲਾਂ ਵਿਖੇ ਹੋਈ ਦੋਹਾਂ ਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਕੌਮ ਤੋਂ ਜੁੱਤੀਆਂ ਖਾਂਦਾ ਹੋਇਆ ਪਹਿਲਾਂ ਰਾਜਨੀਤਕ ਮੌਤ ਮਰਿਆ ਫਿਰ ਉਸ ਨੂੰ ਸਰੀਰਕ ਮੌਤ ਆਈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਅਕਾਲ ਪੁਰਖ ਦੇ ਇਨਸਾਫ਼ ’ਤੇ ਪੂਰਾ ਭਰੋਸਾ ਹੈ ਅਤੇ ਦੁਨਿਆਵੀ ਸਰਕਾਰਾਂ ਤੇ ਅਦਾਲਤਾਂ ਨੂੰ ਚਾਹੀਦਾ ਹੈ ਕਿ ਜੇਕਰ ਉਹ ਚਾਹੁੰਦੀਆਂ ਹਨ ਕਿ ਜਨਤਾ ਦਾ ਉਨ੍ਹਾਂ ’ਤੇ ਬਚਿਆ ਖੁਚਿਆ ਥੋੜ੍ਹਾ-ਬਹੁਤਾ ਵਿਸ਼ਵਾਸ ਬਣਿਆ ਰਹੇ ਤਾਂ ਬਰਗਾੜੀ ਬੇਅਦਬੀ ਅਤੇ ਕੋਟਕਪੂਰਾ-ਬਹਿਬਲ ਕਲਾਂ ਗੋਲੀਕਾਂਡ ਦੇ ਮਾਸਟਰ ਮਾਈਂਡ ਤਕ ਪਹੁੰਚ ਕਰ ਕੇ ਬਣਦੀ ਕਾਰਵਾਈ ਕਰਨ।
ਭਾਈ ਮਾਝੀ ਨੇ ਕਿਹਾ ਕਿ ਦੁਨਿਆਵੀ ਸਰਕਾਰਾਂ ਅਤੇ ਅਦਾਲਤਾਂ ਤੋਂ 1984 ਅਤੇ ਬਰਗਾੜੀ ਕਾਂਡ ਦੇ ਮਸਲੇ ’ਤੇ ਸਿੱਖਾਂ ਨੂੰ ਇਨਸਾਫ਼ ਦੀ ਥਾਂ ਸਿਰਫ਼ ਜਾਂਚ ਕਮਿਸ਼ਨ ਅਤੇ ਇਨਸਾਫ਼ ਟੀਮਾਂ ਹੀ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਮੌਜੂਦਾ ਸਰਕਾਰ ਨੇ ਅਪਣੇ ਚੋਣ ਵਾਅਦੇ ਮੁਤਾਬਕ ਦੋਸ਼ੀਆਂ ’ਤੇ ਬਣਦੀ ਕਾਰਵਾਈ ਨਾ ਕੀਤੀ ਤਾਂ ਇਸ ਦਾ ਹਸ਼ਰ ਵੀ ਬਾਦਲ -ਕੈਪਟਨ ਵਾਲਾ ਹੀ ਹੋਵੇਗਾ।
ਗੁ. ਟਿੱਬੀ ਸਾਹਿਬ ਬਹਿਬਲ ਕਲਾਂ ਅਤੇ ਪਿੰਡ ਸਰਾਵਾਂ ਵਿਖੇ ਹੋਏ ਸ਼ਹੀਦੀ ਸਮਾਗਮਾਂ ਦੌਰਾਨ ਦਰਬਾਰ ਏ ਖ਼ਾਲਸਾ ਵਲੋਂ ਲਾਹਨਤ ਪੱਤਰ ਵੀ ਵੰਡਿਆ ਗਿਆ ਜਿਸ ’ਚ ਪ੍ਰਕਾਸ਼ ਸਿੰਘ ਬਾਦਲ ਦੇ ਸਰਪੰਚੀ ਤੋਂ ਸਿਆਸੀ ਸਫ਼ਰ ਸ਼ੁਰੂ ਕਰਨ ਤੋਂ ਲੈ ਕੇ ਬਰਗਾੜੀ ਕਾਂਡ ਤਕ ਦੇ ਕੌਮ ਅਤੇ ਪੰਜਾਬ ਵਿਰੋਧੀ ਕਾਰਨਾਮਿਆਂ ਦਾ ਤੱਥਾਂ ਸਮੇਤ ਜ਼ਿਕਰ ਕੀਤਾ ਗਿਆ ਹੈ। ਭਾਈ ਮਾਝੀ ਨੇ ਹਾਜ਼ਰ ਸੰਗਤ ਨੂੰ ਇਸ ‘ਲਾਹਨਤ ਪੱਤਰ’ ਦੀਆਂ ਫ਼ੋਟੋ ਕਾਪੀਆਂ ਕਰ ਕੇ ਘਰ-ਘਰ ਵੰਡਣ ਲਈ ਬੇਨਤੀ ਵੀ ਕੀਤੀ।