104 ਸਾਲ ਦੀ ਹੋਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸਿੱਖ ਕੌਮ ਦੀ ਸਿਰਮੌਰ ਸੰਸਥਾ ਅੰਗਰੇਜ਼ਾਂ ਸਮੇਂ 1920 ਨੂੰ ਹੋਂਦ ਵਿਚ ਆਈ
ਬੇਸ਼ੁਮਾਰ ਵਿਵਾਦਾਂ ਵਿਚ ਘਿਰੀ ਸੰਸਥਾ ਦੀ ਆਨ ਤੇ ਸ਼ਾਨ ਵਿਚ ਨਿਘਾਰ ਆਇਆ
ਅੰਮ੍ਰਿਤਸਰ: ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ 104 ਸਾਲ ਦੀ ਹੋ ਗਈ। ਸਿੱਖ ਪੰਥ ਦੀ ਇਹ ਸਿਰਮੌਰ ਸੰਸਥਾ, ਅੰਗਰੇਜ਼ ਸਾਮਰਾਜ ਵੇਲੇ 1920 ਵਿਚ ਬਣੀ। ਇਸ ਸਬੰਧੀ ਐਕਟ 1920 ਨੂੰ ਹੋਂਦ ਵਿਚ ਆਇਆ। ਇਸ ਦੇ ਮੈਂਬਰਜ਼ ਦੀ ਚੋਣ ਹਰ ਪੰਜ ਸਾਲ ਬਾਅਦ ਕਰਵਾਉਣ ਦੀ ਵਿਵਸਥਾ ਕੀਤੀ ਗਈ। ਗੁਰਦੁਆਰਿਆਂ ਵਿਚ ਉਸ ਵੇਲੇ ਦੇ ਮਹੰਤਾਂ ਦੀਆਂ ਮਨਮਤੀਆਂ ਤੇ ਚਰਿੱਤਰਹੀਣ ਕਾਰਵਾਈਆਂ ਵਿਰੁਧ ਸਿੰਘ ਸਭਾਵਾਂ ਨੂੰ ਮਸੰਦ ਕੱਢਣ ਲਈ ਬੇਹਦ ਕੁਰਬਾਨੀਆਂ ਦੇਣੀਆਂ ਪਈਆਂ। ਇਸ ਦੇ ਸਿੱਟੇ ਵਜੋਂ ਇਹ ਮਹਾਨ ਸੰਸਥਾ ਦਾ ਜਨਮ ਹੋਇਆ। ਹਿੰਦ ਪਾਕ ਵੰਡ ਬਾਅਦ ਕਾਫ਼ੀ ਪ੍ਰਸਿੱਧ ਗੁਰਧਾਮ ਪਾਕਿਸਤਾਨ ਵਿਚ ਰਹਿ ਗਏ।
ਅਜ਼ਾਦੀ ਬਾਅਦ ਇਸ ਸੰਸਥਾ ਦੀਆਂ ਚੋਣਾ ਕਰੀਬ ਪੰਜ ਸਾਲ ਬਾਅਦ ਹੁੰਦੀਆਂ ਰਹੀਆ। ਪਰ 1966 ਵਿਚ ਪੰਜਾਬੀ ਸੂਬਾ ਬਣਨ ਦੌਰਾਨ ਮੁੜ ਵੰਡ ਹੋਣ ਨਾਲ, ਇਹ ਪੰਜਾਬ ਤਿੰਨ ਭਾਗਾਂ ਵਿਚ ਵੰਡਣ ਨਾਲ ਹਰਿਅਣਾ ਤੇ ਹਿਮਾਚਲ ਪ੍ਰਦੇਸ਼ ਨਵੇਂ ਸੂਬੇ ਹੋਂਦ ਵਿਚ ਆਏ। ਇਸ ਕਾਣੀ ਵੰਡ ਨਾਲ ਕਾਫ਼ੀ ਗੁਰਧਾਮ ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਵਿਚ ਚਲੇ ਗਏ। ਸਿੱਖ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਕਾਰਨ ਦਿੱਲੀ ਗੁਰਦਾਵਰਾ ਕਮੇਟੀ ਪ੍ਰਬੰਧਕ ਕਮੇਟੀ ਅਤੇ ਹੁਣ ਹਰਿਅਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰ ਨੇ ਬਣਾ ਦਿਤੀ। ਇਸ ਨਾਲ ਪੰਥ ਕਮਜ਼ੋਰ ਹੋ ਗਿਆ।
ਪੰਜਾਬ ਦੇ ਅਸ਼ਾਂਤ ਸਮਿਆਂ ਦੌਰਾਨ ਵੀ ਸੰਸਥਾ ਦਾ ਕਾਫ਼ੀ ਨੁਕਸਾਨ ਹੋਇਆ। ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ ਤਾਂ ਸਪਸ਼ਟ ਹੁੰਦਾ ਹੈ ਕਿ 28 ਸਾਲ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਪੰਥ ਰਤਨ ਮਾਸਟਰ ਤਾਰਾ ਸਿੰਘ ਦੋ ਪ੍ਰਧਾਨ , ਸੱਭ ਤੋਂ ਵੱਧ ਤਾਕਤਵਰ ਰਹੇ ਜਿਨ੍ਹਾਂ ਤੋਂ ਸਰਕਾਰਾਂ ਡਰਦੀਆਂ ਸਨ। ਲੇਟ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ। ਉਨ੍ਹਾਂ ਪਾਰਟੀ ’ਤੇ ਕਬਜ਼ਾ 1995 -96 ਵਿਚ ਕਰਨ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਤੋਂ ਪੰਜਾਬੀ ਪਾਰਟੀ ਬਣਾ ਦਿਤਾ। ਇਸ ਨਾਲ ਉਹ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਹੋ ਗਏ ਤੇ ਕਮਜ਼ੋਰ ਤੇ ਜੀ ਹਜ਼ੂਰੀ ਪ੍ਰਧਾਨ ਨਾਮਜ਼ਦ ਕਰਨੇ ਸ਼ੁਰੂ ਕੀਤੇ।
ਇਸ ਨਾਲ ਅਕਾਲੀ ਦਲ ਕਮਜ਼ੋਰ ਹੋਣ ਲੱਗ ਪਿਆ। ਬਾਦਲ ਸ਼ਕਤੀਸ਼ਾਲੀ ਸਿੱਖ ਪੰਥ ਦੇ ਲੀਡਰ ਵਜੋਂ ਉਭਰੇ। ਇਸ ਉਭਾਰ ਨਾਲ, ਸਿੱਖ ਸੰਸਥਾਵਾਂ ਹਾਸ਼ੀਏ ਵਲ ਜਾਣ ਲਗ ਪਈਆਂ। ਸਿੱਖ ਪ੍ਰੰਪਰਾਵਾਂ ਦਾ ਨਿਘਾਰ ਹੋਣ ਲੱਗ ਪਿਆ। ਅਕਾਲੀ ਦਲ ਤੇ ਬਾਦਲ ਪ੍ਰਵਾਰ ਦਾ ਮੁਕੰਮਲ ਕੰਟਰੋਲ ਹੋਣ ਅਤੇ ਸੱਤਾ ਮਿਲਣ ’ਤੇ ਸ਼੍ਰੋਮਣੀ ਕਮੇਟੀ ਰਾਹੀਂ ਜਥੇਦਾਰ ਮਨਮਰਜ਼ੀ ਦੇ ਲਗਣ ਲੱਗ ਪਏ। ਸਿੱਖਾਂ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਕਮੇਟੀ ਪੁਰਾਣੀ ਸ਼ਾਨ ਗੁਆ ਬੈਠੀ।