ਹੁਣ ਚਾਹ ਦੇ ਡੱਬੇ 'ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਿਛਲੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਕੰਪਨੀਆਂ ਅਤੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰਾਂ ਮਸ਼ਹੂਰੀ ਵਾਸਤੇ ਅਪਣੇ ਪ੍ਰੋਡੈਕਟਾਂ ਉਪਰ....

The Picture of Sri Darbar Sahib on the tea box was printed

ਖਾਲੜਾ : ਪਿਛਲੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਕੰਪਨੀਆਂ ਅਤੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਤਸਵੀਰਾਂ ਮਸ਼ਹੂਰੀ ਵਾਸਤੇ ਅਪਣੇ ਪ੍ਰੋਡੈਕਟਾਂ ਉਪਰ ਛਾਪੀਆਂ ਜਾ ਰਹੀਆਂ ਹਨ ਜੋ ਕਿ ਗੁਰੁ ਨਾਨਕ ਨਾਮ ਲੇਵਾ ਸੰਗਤਾਂ ਵਾਸਤੇ ਠੇਸ ਪਹੁੰਚਾÀੇਣ ਦਾ ਕਾਰਨ ਬਣਦੀਆਂ ਹਨ। ਕੁੱਝ ਸ਼ਰਾਰਤੀ ਲੋਕ ਇਹ ਕੰਮ ਇਸ ਕਰ ਕੇ ਵੀ ਕਰਦੇ ਹਨ ਕਿ ਧਰਮ ਦੀ ਵਰਤੋਂ ਕਰ ਕੇ ਰੌਲਾ ਪੈਣ ਨਾਲ ਉਨ੍ਹਾਂ ਦੇ ਸਮਾਨ ਦੀ ਮਸ਼ਹੂਰੀ ਹੋ ਜਾਵੇਗੀ। ਅਜੇ ਪਿਛਲੇ ਸਮੇਂ ਦੌਰਾਨ ਐਮਾਜ਼ੋਨ ਕੰਪਨੀ ਵਲੋਂ ਵੀ ਅਜਿਹਾ ਕੰਮ ਕਰ ਕੇ ਬਾਅਦ ਵਿਚ ਜਦ ਰੌਲਾ ਪੈ ਗਿਆ ਤਾਂ ਮਾਫ਼ੀ ਮੰਗੀ ਗਈ।

ਹੁਣ ਇਕ ਵਾਰੀ ਫਿਰ 'ਯੋਗੀ ਟੀ' (ਚਾਹ) ਦੇ ਡੱਬੇ ਉਪਰ ਇਕ ਕੱਪ ਉਤੇ ਦਰਬਾਰ ਸਾਹਿਬ ਦੀ ਫ਼ੋਟੋ ਛਾਪ ਕੇ ਅਤੇ ਸਰੋਵਰ ਦੇ ਕੰਢੇ 'ਤੇ ਬੈਠੇ ਦੋ ਸਿੱਖ ਵਿਅਕਤੀਆਂ ਨੂੰ ਚਾਹ ਦੀਆਂ ਚੁਸਕੀਆਂ ਭਰਦੇ ਦਿਖਾਇਆ ਗਿਆ ਹੈ ਜਿਸ ਨਾਲ ਸੋਸ਼ਲ ਮੀਡੀਏ ਉਪਰ ਵੀ ਇਸ ਦੀ ਚਰਚਾ ਚਲ ਰਹੀ ਹੈ। ਚਾਹ ਦੇ ਡੱਬੇ ਉਪਰ (ਜਰਮਨੀ) ਦੇ ਸ਼ਹਿਰ ਹਮਬਰਗ ਦਾ ਪਤਾ ਲਿਖਿਆ ਹੋਇਆ ਹੈ। ਜਿਥੋਂ ਇਹ ਪ੍ਰੋਡੈਕਟ ਤਿਆਰ ਹੋਇਆ ਹੈ। ਇਸ ਸਬੰਧੀ ਸਿੱਖੀ ਲਹਿਰ ਦੇ ਉਘੇ ਪ੍ਰਚਾਰਕ ਭਾਈ ਗੁਰਜੰਟ ਸਿੰਘ ਰੂਪੋਵਾਲੀ ਨੇ ਕਿਹਾ ਕਿ ਅਜਿਹੇ ਕੰਮ ਉਹ ਲੋਕ ਕਰਦੇ ਹਨ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਵਾਹ ਵਾਸਤਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਅਪਣੀ ਕੰਪਨੀ ਦੇ ਸਮਾਨ ਦੀ ਮਸ਼ਹੂਰੀ ਵਾਸਤੇ ਕਿਸੇ ਧਰਮ ਦੇ ਲੌਗੋ ਦੀ ਵਰਤੋਂ ਕਰਨ। ਪ੍ਰਚਾਰਕ ਭਾਈ ਕਰਨਬੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਜੋ ਕਿ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਉਥੇ ਨਤਮਸਤਕ ਹੁੰਦੀਆਂ ਹਨ।

ਇਸ ਕਰ ਕੇ ਕਿਸੇ ਦਾ ਹੱਕ ਨਹੀਂ ਬਣਦਾ ਕਿ ਉਹ ਅਜਿਹਾ ਕੋਈ ਕੰਮ ਕਰੇ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੇ। ਬਲਕਾਰ ਸਿੰਘ ਫ਼ਰੈਂਕਫ਼ੋਰਟ ਹੋਰਾਂ ਨੇ ਦਸਿਆ ਕਿ ਇਹ ਚਾਹ ਜਰਮਨੀ ਦੇ ਸਟੋਰਾਂ 'ਤੇ ਵੀ ਮਿਲਦੀ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਸਖ਼ਤ ਕਾਰਵਾਈ ਕਰ ਕੇ ਅਜਿਹੇ ਠੇਸ ਪਹੁੰਚਾਉਣ ਵਾਲੇ ਕੰਮਾਂ 'ਤੇ ਰੋਕ ਲਗਾਵੇ। ਇਸ ਸਬੰਧੀ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਫ਼ੋਨ 'ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਫ਼ੋਨ ਨਹੀਂ ਚੁਕਿਆ।