ਅਫ਼ਗ਼ਾਨਿਸਤਾਨ ਤੋਂ ਦਿੱਲੀ ਪਹੁੰਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਵੀਰ ਨਗਰ ਵਿਖੇ ਕੀਤੇ ਗਏ ਸੁਸ਼ੋਭਿਤ

2 holy saroops of Sri Guru Granth Sahib arrived in Delhi from Afghanistan

ਸ਼੍ਰੋਮਣੀ ਕਮੇਟੀ ਨੇ ਹੁਣ ਤੱਕ 140 ਅਫ਼ਗ਼ਾਨੀ ਸਿੱਖਾਂ ਦੇ ਹਵਾਈ ਖਰਚ ਦਾ ਕੀਤਾ ਪ੍ਰਬੰਧ

ਨਵੀਂ ਦਿੱਲੀ (ਸਰਵਣ ਸਿੰਘ ਰੰਧਾਵਾ) : ਅਫ਼ਗ਼ਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਦਿੱਲੀ ਪੁੱਜਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਰਵਾਇਤਾਂ ਅਨੁਸਾਰ ਸਵਾਗਤ ਕੀਤਾ ਗਿਆ। 

ਇਹ ਪਾਵਨ ਸਰੂਪ ਤਿੰਨ ਅਫ਼ਗ਼ਾਨੀ ਸਿੱਖ ਹਵਾਈ ਜਹਾਜ਼ ਰਾਹੀਂ ਅਫ਼ਗ਼ਾਨਿਸਤਾਨ ਤੋਂ ਦਿੱਲੀ ਲੈ ਕੇ ਪੁੱਜੇ ਹਨ। ਦੱਸਣਯੋਗ ਹੈ ਕਿ ਅਫ਼ਗ਼ਾਨਿਸਤਾਨ ਵਿਚ ਬਣੇ ਹਾਲਾਤ ਦੇ ਮੱਦੇਨਜ਼ਰ ਉਥੇ ਵੱਸਦੇ ਸਿੱਖ ਦੇਸ਼ ਛੱਡ ਰਹੇ ਹਨ ਅਤੇ ਸਥਾਨਕ ਗੁਰੂ ਘਰਾਂ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਤਿਕਾਰ ਸਹਿਤ ਆਪਣੇ ਨਾਲ ਲਿਆ ਰਹੇ ਹਨ। 

ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਸਮਾਣਾ ਅਨੁਸਾਰ ਅੱਜ ਦਿੱਲੀ ਪੁੱਜੇ ਦੋ ਪਾਵਨ ਸਰੂਪ ਹਵਾਈ ਅੱਡੇ ਤੋਂ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਵੀਰ ਨਗਰ ਵਿਖੇ ਸੁਸ਼ੋਭਿਤ ਕੀਤੇ ਗਏ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਤਜਿੰਦਰ ਸਿੰਘ ਗੋਪਾ, ਮਨਜੀਤ ਸਿੰਘ ਸਰਨਾ, ਦਿੱਲੀ ਦੇ ਉੱਘੇ ਸਿੱਖ ਆਗੂ ਮਨਜੀਤ ਸਿੰਘ ਜੀਕੇ, ਪੁਨੀਤ ਸਿੰਘ ਚੰਡੋਕ, ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਸਮਾਣਾ ਸਮੇਤ ਸੰਗਤਾਂ ਮੌਜੂਦ ਸਨ। 

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਹਰਭਜਨ ਸਿੰਘ ਵਕਤਾ ਨੇ ਦੱਸਿਆ ਕਿ ਸਿੱਖ ਕੌਮ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਅਫ਼ਗ਼ਾਨਿਸਤਾਨ ਦੇ ਸਿੱਖਾਂ ਦੀ ਮੱਦਦ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਫ਼ਗ਼ਾਨੀ ਸਿੱਖਾਂ ਦੇ ਮਸਲਿਆਂ ਪ੍ਰਤੀ ਸੰਜੀਦਾ ਹਨ ਅਤੇ ਲੋੜ ਅਨੁਸਾਰ ਕਾਰਜ ਕੀਤੇ ਜਾ ਰਹੇ ਹਨ।

ਸ਼੍ਰੋਮਣੀ ਕਮੇਟੀ ਬੁਲਾਰੇ ਅਨੁਸਾਰ ਹੁਣ ਤੱਕ ਅਫ਼ਗ਼ਾਨਿਸਤਾਨ ਤੋਂ ਭਾਰਤ ਪੁੱਜਣ ਵਾਲੇ 140 ਸਿੱਖਾਂ ਦੇ ਹਵਾਈ ਖਰਚੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਫ਼ਗ਼ਾਨਿਸਤਾਨ ਅੰਦਰ ਹੋਏ ਹਮਲੇ ਦੌਰਾਨ ਚਲਾਣਾ ਕਰ ਗਏ ਸਿੱਖਾਂ ਦੇ ਵਾਰਸਾਂ ਨੂੰ ਵੀ ਆਰਥਕ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਪਣਾ ਫ਼ਰਜ਼ ਸਮਝਦਿਆਂ ਹੋਇਆਂ ਭਵਿੱਖ ਵਿਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਫ਼ਗ਼ਾਨੀ ਸਿੱਖਾਂ ਨਾਲ ਖੜ੍ਹੀ ਰਹੇਗੀ।