Panthak News: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਣ ਪ੍ਰਤਿਸ਼ਠਾ ਦਾ ਕੋਈ ਸੰਕਲਪ ਹੀ ਨਹੀਂ : ਡਾ. ਗੁਰਦਰਸ਼ਨ ਸਿੰਘ ਢਿੱਲੋਂ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸਿੱਖਾਂ ਨੂੰ ਸਨਾਤਨੀ ਧਰਮ ਦੇ ਅੰਗ ਵਜੋਂ ਪੇਸ਼ ਕਰਨਾ ਸਾਡੇ ਲਈ ਵੱਡੀ ਫ਼ਿਕਰਮੰਦੀ : ਰਾਜਿੰਦਰ ਸਿੰਘ

File Photo

ਚੰਡੀਗੜ੍ਹ (ਭੁੱਲਰ): ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਸੰਦੇਸ਼ ਹੀ ਰਾਹ ਦਰਸਾਵਾ ਤੇ ਜੀਵਨ ਜਾਚ ਹੈ ਜਿਸ ਅੰਦਰ ਮੂਰਤੀ ਪੂਜਾ ਤੇ ਮੂਰਤੀ ਅੰਦਰ ਜਾਨ ਪਾਉਣ (ਪ੍ਰਾਣ ਪ੍ਰਤਿਸ਼ਠ) ਦਾ ਕੋਈ ਸੰਕਲਪ ਹੀ ਨਹੀਂ ਸਗੋਂ ਇਸ ਸਬੰਧੀ ਸਖ਼ਤ ਮਨਾਹੀ ਕੀਤੀ ਹੋਈ ਹੈ। ਇਹ ਵਿਚਾਰ ਅੱਜ ਸਿੱਖ ਵਿਚਾਰ ਮੰਚ, ਚੰਡੀਗੜ੍ਹ ਵਲੋਂ ਕੋਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਅੰਦਰ ਸ੍ਰੀ ਰਾਮ ਮੰਦਰ ਟਰਸੱਟ ਵਲੋਂ 22 ਜਨਵਰੀ ਨੂੰ ਅਯੁਧਿਆ ਵਿਖੇ ਹੋ ਰਹੇ ਸਮਾਗਮ ਵਿਚ ਸ਼ਾਮਲ ਹੋਣ ਲਈ ਤਖ਼ਤ ਸਾਹਿਬਾਨ ਤੇ ਸਿੱਖ ਸੰਸਥਾਵਾਂ ਨੂੰ ਭੇਜੇ ਗਏ ਸੱਦਾ ਪੱਤਰਾਂ ਸਬੰਧੀ ਸਿੱਖੀ ਨਜ਼ਰੀਆ ਸਪੱਸ਼ਟ ਕਰਨ ਲਈ ਸੱਦੀ ਵਿਚਾਰ ਗੋਸ਼ਟੀ ਵਿਚ ਉਭਰਕੇ ਆਏ। 

ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉੱਘੇ ਸਿੱਖ ਚਿੰਤਕ ਤੇ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1136 ਅੰਦਰ ਦਰਜ ਸੰਦੇਸ਼ ਦੇ ਹਵਾਲੇ ਨਾਲ ਦਸਿਆ ਕਿ ਸਿੱਖ ਮੂਰਤੀ ਪੂਜਕ ਹੋ ਹੀ ਨਹੀਂ ਸਕਦਾ ਸਗੋਂ ਬੁਤ ਤੋੜਕ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਨੇ ਦਰਸਾਇਆ ਹੈ ਕਿ ਸਿੱਖ ਫ਼ਲਸਫ਼ਾ ਹੱਜ ਜਾਣ ਤੇ ਤੀਰਥ ਯਾਤਰਾ ਦੀ ਹਾਮੀ ਨਹੀਂ ਭਰਦਾ ਸਗੋਂ ਹਿੰਦੂ ਤੇ ਤੁਰਕ ਨਾਲੋਂ ਨਿਖੇੜਾ ਕਰਦਿਆਂ ਦਸਦਾ ਹੈ ਕਿ ਗੁਰਬਾਣੀ ਨੇ ਇਨ੍ਹਾਂ ਕੋਲੋਂ ਮੁਕੰਮਲ ਕਿਨਾਰਾ ਕਰ ਕੇ ਕੁੱਝ ਵੀ ਲਿਆ ਨਹੀਂ।

ਉਨ੍ਹਾਂ ਕਿਹਾ ਕਿ ਸਨਾਤਨ ਧਰਮ ਅੰਦਰਲੇ ਰੌਲਿਆਂ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ ਕਿਉਂਕਿ ਇਥੇ ਰੌਲਾ ਮਾਇਆ ਦਾ ਵੀ ਹੈ। ਖ਼ਾਲਸਾ ਪੰਚਾਇਤ ਦੇ ਆਗੂ ਰਾਜਿੰਦਰ ਸਿੰਘ ਖ਼ਾਲਸਾ ਨੇ ਚਰਚਾ ਨੂੰ ਅੱਗੇ ਤੋਰਦਿਆਂ ਕਿਹਾ ਕਿ ਉਪਰੋਕਤ ਤੋਂ ਇਲਾਵਾ ਸਾਡੇ ਲਈ ਵੱਡੀ ਫ਼ਿਰਕਮੰਦੀ ਇਹ ਹੈ ਕਿ ਸਿੱਖਾਂ ਨੂੰ ਸਨਾਤਨੀ ਹਿੰਦੂ ਧਰਮ ਦੇ ਅੰਗ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਬੀਰ ਸਾਹਿਬ ਦੇ ਸਲੋਕਾਂ ਦੇ ਹਵਾਲੇ ਨਾਲ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਰਾਮ ਦੇ ਹਵਾਲਿਆਂ ਨੂੰ ਰਲਗੱਡ ਕਰ ਕੇ ਕਣ ਕਣ ਤੇ ਘੱਟ ਘੱਟ ਅੰਦਰ ਵਸੇ ਰਾਮ ਦੇ ਸੰਕਲਪ ਨੂੰ ਦਸਰਥ ਦੇ ਪੁੱਤਰ ਵਜੋਂ ਮਨੁੱਖੀ ਜਾਮੇ ਵਿਚ ਪੈਂਦਾ ਹੋਏ ਰਾਮ ਨਾਲ ਰਲਗੱਡ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਕਿਸੇ ਧਰਮ ਵਿਚੋਂ ਪੈਦਾ ਨਹੀਂ ਹੋਇਆ

ਸਗੋਂ ਮਨੁੱਖਤਾ ਦੇ ਦਰਿਆ ਵਿਚੋਂ ਹੀ ਉਗਮਿਆ ਹੈ। ਇਸੇ ਲਈ ਸਾਰੇ ਧਰਮਾਂ ਨੂੰ ਮਨੁੱਖਤਾ ਦੇ ਬਗੀਚੇ ਅੰਦਰ ਵੱਖੋ ਵਖਰੀ ਹੋਂਦ ਤੇ ਰਲ ਮਿਲ ਕੇ ਰਹਿਣ ਦਾ ਸਿੱਖੀ ਅੰਦਰ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਦੀਪਮਾਲਾ ਕਰਨ ਤੇ ਰਾਮ ਰਾਮ ਉਚਾਰਨ ਲਈ ਦਬਾਅ ਪਾਉਣਾ ਔਰੰਗਜ਼ੇਬੀ ਪਹੁੰਚ ਹੈ। 
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖ਼ੁਸ਼ਹਾਲ ਸਿੰਘ ਨੇ ਕਿਹਾ ਕਿ ਅੱਜ ਦਰਬਾਰ ਸਾਹਿਬ ਅੰਦਰ ਕਥਾ ਕਰਦਿਆਂ ਵੀ ਗੁਰੂ ਸਾਹਿਬਾਨ ਦੀ ਉਪਮਾ ਨੂੰ 22 ਜਨਵਰੀ ਦੇ ਸਮਾਗਮ ਦੀ ਮਹਾਨਤਾ ਵਜੋਂ ਦਰਸਾਇਆ ਗਿਆ ਹੈ।

ਰਾਜਵਿੰਦਰ ਸਿੰਘ ਰਾਹੀ ਤੇ ਸਮਾਜਕ ਸੰਘਰਸ਼ ਪਾਰਟੀ ਦੇ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਬਾਬਰੀ ਮਸਜਿਦ ਢਾਹੁਣ ਵਾਲੇ ਕਾਫ਼ਲਿਆਂ ਅੰਦਰ ਐਸ.ਸੀ, ਐਸ.ਟੀ. ਤੇ ਪਛੜੀਆਂ ਜਮਾਤਾਂ ਦੇ ਲੋਕਾਂ ਨੂੰ ਤਾਂ ਜ਼ੋਰ ਸ਼ੋਰ ਨਾਲ ਸ਼ਾਮਲ ਕੀਤਾ ਗਿਆ ਪਰ ਹੁਣ ਟਰੱਸਟ ਤੇ ਪ੍ਰਬੰਧ ਅੰਦਰ ਉਨ੍ਹਾਂ ਲਈ ਕੋਈ ਥਾਂ ਨਹੀਂ। ਵਿਚਾਰ ਗੋਸ਼ਟੀ ਅੰਦਰ ਡਾ. ਪਿਆਰਾ ਲਾਲ ਗਰਗ, ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਡਾ. ਗੁਰਚਰਨ ਸਿੰਘ ਗੁਰੂ ਨਾਨਕ ਫ਼ਾਊਂਡੇਸ਼ਨ, ਸੁਰਿੰਦਰ ਸਿੰਘ ਕਿਸ਼ਨਪੁਰਾ ਤੇ ਮਾਲਵਿੰਦਰ ਸਿੰਘ ਮਾਲੀ ਨੇ ਵੀ ਸੰਬੋਧਤ ਕੀਤਾ। ਗੁਰਪ੍ਰੀਤ ਸਿੰਘ ਮੈਂਬਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ।ਅਯੁਧਿਆ ਸਮਾਗਮ ’ਤੇ ਬੋਲੇ ਸਿੱਖ ਵਿਦਵਾਨ ਅਤੇ ਚਿੰਤਕ