ਸੁਣਨ ਤੇ ਬੋਲਣ ਤੋਂ ਅਸੱਮਰਥ ਮਨਜੋਤ ਬਣਿਆ ਸਿੱਖ ਸੰਗਤ ਲਈ ਵੱਡਾ ਮਾਣ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵੱਖ-ਵੱਖ ਸਟਾਈਲਾਂ ਦੀਆਂ ਸਜਾਉਂਦਾ ਹੈ ਦਸਤਾਰਾਂ......

Manjot Singh

ਨਾਭਾ  : ਇਤਿਹਾਸਕ ਨਗਰੀ ਨਾਭਾ ਵਿਚ ਸਰਬਜੀਤ ਕੌਰ ਦੀ ਕੁਖੋਂ ਤੇ ਪਿਤਾ ਹਰਨਾਮ ਸਿੰਘ ਦੇ ਘਰ 28 ਅਗੱਸਤ 2004 ਨੂੰ ਜੰਮਿਆ ਬੋਲਣ ਅਤੇ ਸੁਣਨ ਤੋਂ ਅਸਮਰਥ ਮਨਜੋਤ ਸਿੰਘ ਹੁਣ ਕਰੀਬ 15 ਸਾਲਾ ਦਾ ਹੋ ਚੁਕਾ ਹੈ। ਪਿਛਲੇ ਤਕਰੀਬਨ 4 ਸਾਲਾ ਤੋਂ ਜਿਥੇ ਆਪ ਵੱਖ-ਵੱਖ ਸਟਾਈਲਾਂ ਦੀਆਂ ਪੱਗਾ ਬੰਨਣ ਕਾਰਨ ਸਿਰਫ਼ ਪਟਿਆਲਾ ਜ਼ਿਲ੍ਹੇ ਅੰਦਰ ਹੀ ਨਹੀਂ, ਸੂਬੇ ਵਿੱਚ ਵੱਡਾ ਨਾਮ ਖੱਟ ਚੁਕਿਆ ਹੈ, ਉਥੇ ਹੀ ਅਪਣੀ ਉਮਰ ਤੋਂ ਵੱਧ ਨੌਜਵਾਨਾਂ ਨੂੰ ਮੁਫ਼ਤ ਪੱਗ ਸਿਖਾਉਣ ਦੀ ਵੱਡੀ ਸਮਰਥਾ ਰਖਦਾ ਹੈ। ਮਨਜੋਤ ਕੈਂਪਾਂ ਵਿਚ ਜਾਣ ਤੋਂ ਇਲਾਵਾ ਰੋਜ਼ਾਨਾ ਘਰ ਵਿਚ ਵੀ ਛੋਟੇ ਬੱਚਿਆਂ ਨੂੰ ਵੀ ਸ਼ੌਕ ਪੱਖੋਂ ਪੱਗ ਬੰਨਣੀ ਸਿਖਾਉਂਦਾ ਹੈ।

ਅੱਜ ਦੀ ਨੌਜਵਾਨਾ ਪੀੜੀ ਜਿਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿਤੀ ਇਸ ਵਿਲੱਖਣ ਪਛਾਣ ਤੋਂ ਦੂਰ ਹੁੰਦੀ ਜਾ ਰਹੀ ਹੈ, ਉਥੇ ਹੀ ਸਤਵੀਂ ਜਮਾਤ ਵਿਚ ਸੁਣਨ ਤੋਂ ਅਸਮਰਥ ਅਤੇ ਨਾ ਬੋਲਣ ਵਾਲੇ ਬੱਚਿਆਂ ਨਾਲ ਪਟਿਆਲਾ ਦੇ ਨਿਜੀ ਸਕੂਲ ਵਿਚ ਪੜ੍ਹਦੇ ਮਨਜੋਤ ਦੀ ਮਾਤਾ ਸਰਬਜੀਤ ਮੁਤਾਬਕ ਸੱਤ ਸਾਲ ਦੀ ਉਮਰ ਤੋਂ ਹੀ ਪੱਗ ਬੰਨਣ ਲੱਗ ਗਿਆ ਸੀ। ਇਸ ਸਾਲ 26 ਜਨਵਰੀ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਿਥੇ ਮਨਜੋਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਉਥੇ ਹੀ ਮੁੱਖ ਮੰਤਰੀ ਵਲੋਂ ਉਸ ਦੀ ਕਹਾਣੀ ਅਪਣੇ ਫੇਸਬੁਕ ਪੇਜ 'ਤੇ ਸਟੋਰੀ ਵਜੋਂ ਅਪਲੋਡ ਕੀਤੀ ਗਈ। 

ਸ਼ਹੀਦ ਬਾਬਾ ਦੀਪ ਸਿੰਘ ਵੇਲਫ਼ੇਅਰ ਸੇਵਾ ਸੁਸਾਇਟੀ ਵਿਚ ਦਸਤਾਰ ਕੋਚ ਪੱਖੋਂ ਸੇਵਾ ਨਿਭਾਉਂਦੇ ਮਨਜੋਤ ਸਿੰਘ ਅਤੇ ਗਗਨਦੀਪ ਸਿੰਘ ਕਰਤਾਰਪੁਰੀਆ ਵਲੋਂ ਕਈ ਮੁਫ਼ਤ ਦਸਤਾਰ ਸਜਾਉਣ ਦੇ ਕੈਂਪ ਵੀ ਲਗਾਏ ਜਾ ਚੁਕੇ ਹਨ। ਉਸ ਦੇ ਮਾਤਾ-ਪਿਤਾ ਕਿਹਾ ਕਿ ਉਸ ਨੂੰ ਕੋਈ ਵੀ ਸਰਕਾਰੀ ਮਦਦ ਨਹੀਂ ਦਿਤੀ ਗਈ। ਬੜੀ ਮੁਸ਼ਕਲ ਨਾਲ ਉਨ੍ਹਾਂ ਵਲੋਂ ਮਨਜੋਤ ਨੂੰ ਨਿਜੀ ਸਕੂਲ ਵਿਚ ਪੜ੍ਹਾਇਆ ਜਾ ਰਿਹਾ ਹੈ। ਸਰਕਾਰ ਉਸ ਨੂੰ ਸਰਕਾਰੀ ਸਕੂਲ ਵਿਚ ਦਾਖ਼ਲਾ ਦੇਵੇ ਜਾਂ ਫਿਰ ਸਿੱਖਾਂ ਦੀ ਸਰਬ ਉਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੀ ਬਾਂਹ ਫੜੇ

ਤਾਂ ਜੋ ਅੱਜ ਦੀ ਨੌਜਵਾਨ ਪੀੜੀ ਸਬਕ ਲਵੇ ਕਿ ਜੇ ਮਨਜੋਤ ਮਨ ਵਿਚ ਸੱਚੀ ਤੇ ਉੱਚੀ ਸੋਚ ਲੈ ਕੇ ਵੱਡੀਆਂ ਮੱਲਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਸਿਹਤ ਸਮੇਤ ਹਰ ਪੱਖੋਂ ਤੰਦਰੁਸਤ ਬੱਚੇ ਅਤੇ ਨੌਜਵਾਨ ਅਜਿਹਾ ਕਦਮ ਕਿਉਂ ਨਹੀਂ ਚੁੱਕ ਸਕਦੇ। ਸੂਬੇ ਦੀਆਂ ਧਾਰਮਕ ਵੱਖੋ-ਵਖਰੀਆ ਸੰਸਥਾਵਾਂ ਵੀ ਜਿਥੇ ਮਨਜੋਤ 'ਤੇ ਮਾਣ ਕਰਦੀਆਂ ਹਨ, ਉਥੇ ਉਨਾਂ ਵਲੋਂ ਵੀ ਸਮੇਂ ਦੀਆਂ ਸਰਕਾਰਾਂ ਅਤੇ ਸਿੱਖਾਂ ਦੀ ਸਰਬਉਚ ਸੰਸਥਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮਨਜੋਤ ਦੀ ਹਰ ਪੱਖੋ ਮਦਦ ਕਰਨ।