'ਉੱਚਾ ਦਰ ਵਿਖੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਇਨਕਲਾਬੀ ਕਦਮ: ਪ੍ਰੋ.ਹਰਮਿੰਦਰ ਸਿੰਘ
ਪ੍ਰੋ.ਹਰਮਿੰਦਰ ਸਿੰਘ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਇਸ ਸਮਾਗਮ ਵਿਚ ਭਾਈ ਲਾਲੋ ਵਾਲੀ ਕੋਧਰੇ ਦੀ ਰੋਟੀ ਦਾ ਲੰਗਰ ਵਰਤਾਇਆ ਗਿਆ, ਉਹ ਵਾਕਈ ਨਿਵੇਕਲਾ ਉੱਦਮ ਹੈ।
'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਏ ਜਾਣ ਨੂੰ ਇਨਕਲਾਬੀ ਕਦਮ ਦੱਸਦੇ ਹੋਏ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਪ੍ਰੋ.ਹਰਮਿੰਦਰ ਸਿੰਘ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਇਸ ਸਮਾਗਮ ਵਿਚ ਭਾਈ ਲਾਲੋ ਵਾਲੀ ਕੋਧਰੇ ਦੀ ਰੋਟੀ ਦਾ ਲੰਗਰ ਵਰਤਾਇਆ ਗਿਆ, ਉਹ ਵਾਕਈ ਨਿਵੇਕਲਾ ਉੱਦਮ ਹੈ। ਇਸ ਲਈ 'ਸਪੋਕਸਮੈਨ' ਤੇ 'ਉੱਚਾ ਦਰ' ਵਧਾਈ ਦੇ ਪਾਤਰ ਹਨ।ਉਨਾਂ੍ਹ ਕਿਹਾ ਕਿ ਭਾਰਤ ਦੇ ਕਈ ਸੂਬਿਆਂ ਤੇ ਅਮਰੀਕਾ ਆਦਿ ਵਿਚ ਵੀ 15 ਅਪ੍ਰੈਲ ਨੂੰ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਜੋ ਇਤਿਹਾਸਕ ਕਦਮ ਹੈ।ਉਨਾਂ ਕਿਹਾ ਕਿ ਜਦੋਂ ਅਪਣੀ ਵੱਡੀ ਉਮਰ ਦੇ ਬਾਵਜੂਦ ਸ.ਪਾਲ ਸਿੰਘ ਪੁਰੇਵਾਲ ਨੇ ਸਖ਼ਤ ਮਿਹਨਤ ਨਾਲ ਨਾਨਕਸ਼ਾਹੀ ਕੈਲੰਡਰ ਤਿਆਰ ਕਰ ਕੇ,
ਪੰਥ ਨੂੰ ਸਮਰਪਤ ਕੀਤਾ ਪਰ ਇਸ ਵਿਚ ਵੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਅਸਲ ਤਰੀਕ ਬਾਰੇ ਕੋਈ ਸਹਿਮਤੀ ਨਾ ਬਣਨ ਕਰ ਕੇ, ਪੁਰਾਣੀ ਤਰੀਕ ਹੀ ਰੱਖੀ ਗਈ। ਪਿਛੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਅਸਲ ਤਰੀਕ ਕੀ ਬਦਲਣੀ ਸੀ, ਸਗੋਂ ਸੰਤ ਸਮਾਜ ਨੂੰ ਖ਼ੁਸ਼ ਕਰਨ ਲਈ ਸਿਆਸੀ ਲੋਕਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਵਿਚ ਹੀ ਐਨੀਆਂ ਸੋਧਾਂ ਕਰਵਾ ਦਿਤੀਆਂ ਕਿ ਹੁਣ ਅਸਲ ਕੈਲੰਡਰ ਗਵਾਚ ਗਿਆ ਹੈ। ਪ੍ਰੋ.ਹਰਮਿੰਦਰ ਸਿੰਘ ਨੇ ਕਿਹਾ ਕਿ 'ਉੱਚਾ ਦਰ ਵਿਖੇ ਅਸਲ ਤਰੀਕ ਮੁਤਾਬਕ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਪਿਛੋਂ ਸਾਨੂੰ ਸਾਰਿਆਂ ਨੂੰ ਮੁੜ ਤੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ।