ਸਿੱਕਾ ਦੇ 34 ਸਾਥੀਆਂ ਨੂੰ ਵੀ ਪੰਥ 'ਚੋਂ ਛੇਕਿਆ ਜਾਵੇ: ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਦਲਾਂ ਨੇ ਕਲੀਨ ਚਿੱਟ ਦੇਣ ਲਈ ਜਥੇਦਾਰ 'ਤੇ ਦਬਾਅ ਵੀ ਪਾਇਆ

Sarna

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ 'ਨਾਨਕ ਸ਼ਾਹ ਫ਼ਕੀਰ' ਫ਼ਿਲਮ ਬਣਾਉਣ ਲਈ ਸਿਰਫ਼ ਹਰਿੰਦਰ ਸਿੰਘ ਸਿੱਕਾ ਹੀ ਦੋਸ਼ੀ ਨਹੀਂ ਸਗੋਂ ਉਹ ਲੋਕ ਵੀ ਦੋਸ਼ੀ ਹਨ ਜਿਹੜੇ ਫ਼ਿਲਮ ਕਈ ਵਾਰੀ ਵੇਖ ਕੇ ਪ੍ਰਵਾਨਗੀ ਦਿੰਦੇ ਤੇ ਜਥੇਦਾਰ ਤੋਂ ਵੀ ਫ਼ਿਲਮ ਨੂੰ ਕਲੀਨ ਚਿੱਟ ਦਬਾਅ ਪਾ ਕੇ ਦਿਵਾਈ। ਸਰਨਾ ਨੇ ਕਿਹਾ ਕਿ ਨਾਨਕ ਸ਼ਾਹੀ ਫ਼ਕੀਰ ਫ਼ਿਲਮ ਕੋਈ ਰਾਤੋਂ ਰਾਤ ਨਹੀਂ ਬਣ ਗਈ ਸਗੋਂ ਇਸ ਨੂੰ ਕਈ ਸਾਲ ਲੱਗੇ। ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਸਮੇਤ 34 ਵਿਅਕਤੀ ਦੋਸ਼ੀ ਹਨ ਜਿਨ੍ਹਾਂ ਨੇ ਇਹ ਫ਼ਿਲਮ ਕਈ ਵਾਰੀ ਵੇਖੀ ਤੇ ਇਸ ਨੂੰ ਪ੍ਰਵਾਨਗੀ ਵੀ ਦਿਤੀ ਅਤੇ ਜਥੇਦਾਰ ਅਕਾਲ ਤਖ਼ਤ ਨੇ 'ਮਰ ਜਾਉ ਚਿੜੀਉ, ਜੀ ਪਉ ਚਿੜੀਉ' ਵਰਗੇ ਆਦੇਸ਼ ਅਕਾਲ ਤਖ਼ਤ ਤੋਂ ਜਾਰੀ ਕੀਤੇ। ਹਰਿੰਦਰ ਸਿੰਘ ਸਿੱਕਾ ਦੀ ਫ਼ਿਲਮ ਨੂੰ ਲੈ ਕੇ ਅੱਜ ਸਿੱਖ ਸਕਤੇ ਵਿਚ ਹਨ, ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਸਪੱਸ਼ਟ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਆਦੇਸ਼ਾਂ ਤੇ ਉਹ ਚਾਰ ਹੋਰ ਸਾਥੀ ਰਘੂਜੀਤ ਸਿੰਘ ਵਿਰਕ, ਤੱਤਕਾਲੀ ਮੁੱਖ ਸਕੱਤਰ ਹਰਚਰਨ ਸਿੰਘ, ਰੂਪ ਸਿੰਘ ਤੇ ਰਾਜਿੰਦਰ ਸਿੰਘ ਮਹਿਤਾ ਨਾਲ ਫ਼ਿਲਮ ਵੇਖਣ ਗਏ ਤਾਂ ਉਨ੍ਹਾਂ ਨੇ ਫ਼ਿਲਮ ਦੇ ਕਈ ਹਿਸਿਆਂ 'ਤੇ ਇਤਰਾਜ਼ ਪ੍ਰਗਟਾਇਆ।

ਸਿੱਕੇ ਨੇ ਹਾਲੇ ਫ਼ਿਲਮ ਵਿਚੋਂ ਇਤਰਾਜ਼ਯੋਗ ਹਿੱਸਾ ਕਟਿਆ ਨਹੀਂ ਸੀ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਫ਼ਿਲਮ ਨੂੰ ਪ੍ਰਵਾਨਗੀ ਦੇ ਦਿਤੀ ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਦੁਬਾਰਾ ਫ਼ਿਲਮ ਵੇਖਣ ਵਾਲਿਆ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਸੁਖਦੇਵ ਸਿੰਘ ਢੀਂਡਸਾ, ਤਰਲੋਚਨ ਸਿੰਘ (ਸਾਬਕਾ ਪ੍ਰਧਾਨ ਕੌਮੀ ਘੱਟ ਗਿਣਤੀ ਕਮਿਸ਼ਨ), ਅਵਤਾਰ ਸਿੰਘ ਮੱਕੜ, ਰਾਜਿੰਦਰ ਸਿੰਘ ਮਹਿਤਾ, ਰਘੁਬੀਰ ਸਿੰਘ ਵਿਰਕ ਆਦਿ ਤੋਂ ਇਲਾਵਾ ਜਿਨ੍ਹਾਂ 34 ਵਿਅਕਤੀਆ ਨੇ ਫ਼ਿਮਲ ਵੇਖੀ ਹੈ, ਉਨ੍ਹਾਂ ਨੂੰ ਵੀ ਸਿੱਕੇ ਵਾਂਗ ਪੰਥ ਵਿਚੋਂ ਛੇਕਿਆ ਜਾਵੇ। ਉਨ੍ਹਾਂ ਕਿਹਾ ਕਿ ਗਿ. ਗੁਰਬਚਨ ਸਿੰਘ ਨੂੰ ਹੁਣ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਕਿ ਉਹ ਸਿੱਖ ਪੰਥ ਨੂੰ ਗੁਮਰਾਹ ਕਰ ਕੇ ਸਿੱਕਾ ਨੂੰ ਪੰਥ ਵਿਚੋਂ ਛੇਕਣ ਦਾ ਡਰਾਮਾ ਕਰਨ, ਸਗੋਂ ਅਪਣੀ ਗ਼ਲਤੀ ਦਾ ਅਹਿਸਾਸ ਕਰਦਿਆਂ ਨੈਤਿਕਤਾ ਦੇ ਆਧਾਰ 'ਤੇ ਤੁਰਤ ਅਸਤੀਫ਼ਾ ਦੇ ਕੇ ਅਕਾਲ ਤਖ਼ਤ 'ਤੇ ਪੇਸ਼ ਹੋ ਕੇ ਤਨਖ਼ਾਹ ਲਗਾਉਣ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੀ ਰਵਾਇਤ ਰਹੀ ਹੈ ਕਿ ਦੋਸ਼ੀ ਗਰਦਾਨੇ ਗਏ ਵਿਅਕਤੀ ਨੂੰ ਛੇਕਣ ਤੋਂ ਪਹਿਲਾ ਅਪਣਾ ਪੱਖ ਪੇਸ਼ ਕਰਨ ਦਾ ਸਮਾਂ ਦਿਤਾ ਜਾਂਦਾ ਹੈ ਪਰ ਸਿੱਕਾ ਮਾਮਲੇ ਵਿਚ ਅਜਿਹਾ ਨਹੀਂ ਕੀਤਾ ਗਿਆ ਸਗੋਂ ਬਿਨਾਂ ਅਪੀਲ ਦਲੀਲ ਉਸ ਨੂੰ ਛੇਕਿਆ ਗਿਆ ਹੈ ਜੋ ਪੰਥਕ ਪਰੰਪਰਾ ਤੇ ਸਿਧਾਂਤ ਮੁਤਾਬਕ ਗ਼ਲਤ ਹੀ ਨਹੀਂ ਸਗੋਂ ਸਿਧਾਂਤ ਦੀ ਦੁਰਵਰਤੋਂ ਵੀ ਹੈ।