ਬਿਮਾਰਾਂ ਅਤੇ ਬੇਆਸਰਿਆਂ ਦੇ ਮਸੀਹਾ ਸਨ ਭਗਤ ਪੂਰਨ ਸਿੰਘ ਜੀ
ਜਦੋਂ ਨਿਰਸਵਾਰਥ ਸੇਵਾ ਬਾਰੇ ਗੱਲ ਕਰੀਏ ਤਾਂ ਭਾਈ ਕਨ੍ਹਈਆ ਜੀ ਵਾਂਗ ਭਗਤ ਪੂਰਨ ਸਿੰਘ ਜੀ ਦਾ ਨਾਂਅ ਆਪਣੇ ਆਪ ਜ਼ੁਬਾਨ ‘ਤੇ ਆ ਜਾਂਦਾ ਹੈ।
ਜਦੋਂ ਨਿਰਸਵਾਰਥ ਸੇਵਾ ਬਾਰੇ ਗੱਲ ਕਰੀਏ ਤਾਂ ਭਾਈ ਕਨ੍ਹਈਆ ਜੀ ਵਾਂਗ ਭਗਤ ਪੂਰਨ ਸਿੰਘ ਜੀ ਦਾ ਨਾਂਅ ਆਪਣੇ ਆਪ ਜ਼ੁਬਾਨ ‘ਤੇ ਆ ਜਾਂਦਾ ਹੈ। ਭਗਤ ਪੂਰਨ ਸਿੰਘ ਜੀ ਦਾ ਜਨਮ 4 ਜੂਨ, 1904 ਵਿਚ ਮਾਤਾ ਮਹਿਤਾਬ ਕੌਰ ਦੀ ਕੁੱਖੋਂ, ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਦੇ ਇਕ ਹਿੰਦੂ ਪਰਿਵਾਰ ਵਿਚ ਹੋਇਆ। ਉਹਨਾਂ ਦੇ ਪਿਤਾ ਲਾਲਾ ਛਿੰਬੂ ਮੱਲ ਸ਼ਾਹੂਕਾਰੀ ਕਰਦੇ ਸਨ। ਭਗਤ ਪੂਰਨ ਸਿੰਘ ਦਾ ਬਚਪਨ ਦਾ ਨਾਂਅ ਰਾਮਜੀ ਦਾਸ ਸੀ।
ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਖੰਨੇ ਦੇ ਸਕੂਲ ਤੋਂ ਕੀਤੀ ਅਤੇ ਬਾਅਦ ਵਿਚ ਉਹ ਲਾਹੌਰ ਦੇ ਖਾਲਸਾ ਕਾਲਜ ਵਿਚ ਦਾਖ਼ਲ ਹੋਏ। ਉਹਨਾਂ ਦੇ ਮਾਤਾ ਧਾਰਮਿਕ ਖਿਆਲਾਂ ਵਾਲੇ ਸਨ, ਜਿਸ ਕਰਕੇ ਭਗਤ ਪੂਰਨ ਸਿੰਘ ਦੇ ਦਿਲ ਵਿਚ ਵੀ ਬਹੁਤ ਦਇਆ ਭਾਵਨਾ ਸੀ। ਉਹ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਵਿਖੇ ਲੰਗਰ, ਸਫਾਈ ਆਦਿ ਦੀ ਸੇਵਾ ਕਰਦੇ ਸਨ। ਉਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਨਾਲ-ਨਾਲ ਬਜ਼ੁਰਗ ਅਤੇ ਬਿਮਾਰ ਲੋਕਾਂ ਦੀ ਵੀ ਸੇਵਾ ਕਰਦੇ ਸਨ।
ਉਸ ਤੋਂ ਬਾਅਦ ਅਗਲੀ ਵਾਰ ਜਦੋਂ ਉਹ ਗੁਰਦੁਆਰੇ ਵਿਚ ਰੁਕੇ ਤਾਂ ਗੁਰਦੁਆਰੇ ਦੇ ਗ੍ਰੰਥੀ ਨੇ ਉਹਨਾਂ ਨੂੰ ਬਿਨਾਂ ਪੁੱਛੇ ਅਤੇ ਬਿਨਾਂ ਕੋਈ ਕੰਮ ਕਰਵਾਏ ਹੀ ਅੱਧੀ ਰਾਤ ਨੂੰ ਤਾਜ਼ਾ ਬਣਿਆ ਭੋਜਨ ਅਤੇ ਦੁੱਧ ਦਿੱਤਾ। ਗੁਰਦੁਆਰੇ ਦੇ ਸਿੱਖਾਂ ਦੀ ਸੇਵਾ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦਾ ਫੈਸਲਾ ਕੀਤਾ ਅਤੇ 1923 ਵਿਚ ਉਹ ਸਿੱਖ ਬਣ ਗਏ।
ਭਗਤ ਪੂਰਨ ਸਿੰਘ ਜੀ ਨੇ ਆਪਣਾ ਜ਼ਿਆਦਾਤਰ ਜੀਵਨ ਬਿਨਾਂ ਕਿਸੇ ਸਵਾਰਥ ਤੋਂ ਬਜ਼ੁਰਗਾਂ, ਬਿਮਾਰਾਂ ਅਤੇ ਬੇਆਸਰਿਆਂ ਨੂੰ ਸਮਰਪਿਤ ਕੀਤਾ। 1934 ਵਿਚ ਜਦੋਂ ਉਹ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਸੇਵਾ ਕਰਦੇ ਸਨ ਤਾਂ ਇਕ ਦਿਨ ਉਹਨਾਂ ਨੂੰ ਗੁਰਦੁਆਰੇ ਦੇ ਗੇਟ ਤੋਂ ਬਾਹਰ ਇਕ ਚਾਰ ਸਾਲ ਦਾ ਅਪਾਹਿਜ ਬੱਚਾ ਮਿਲਿਆ ਤੇ ਉਹਨਾਂ ਨੇ ਉਸ ਅਪਾਹਿਜ ਬੱਚੇ ਦੀ ਜ਼ਿੰਮੇਵਾਰੀ ਆਪ ਲਈ ਅਤੇ ਉਸਦਾ ਨਾਂਅ ਪਿਆਰਾ ਸਿੰਘ ਰੱਖਿਆ।
1947 ਦੀ ਦੇਸ਼ ਵੰਡ ਸਮੇਂ ਭਗਤ ਜੀ ਨੇ ਖਾਲਸਾ ਕਾਲਜ, ਚੀਫ ਖਾਲਸਾ ਦੀਵਾਨ, ਰੇਲਵੇ ਸਟੇਸ਼ਨ, ਰਾਮ ਬਾਗ ਆਦਿ ਥਾਵਾਂ 'ਤੇ ਅੰਮ੍ਰਿਤਸਰ ਵਿਖੇ ਤੁਰਦੇ-ਫਿਰਦਿਆਂ ਕਰੀਬ ਡੇਢ ਸਾਲ ਅਪਾਹਜਾਂ, ਮਰੀਜ਼ਾਂ, ਪਾਗਲਾਂ ਤੇ ਯਤੀਮਾਂ ਦੀ ਸੱਚੇ ਦਿਲੋਂ ਸੇਵਾ-ਸੰਭਾਲ ਕੀਤੀ। ਵਧੇਰੇ ਮਰੀਜ਼ ਹੋ ਜਾਣ 'ਤੇ ਪਹਿਲਾਂ ਉਨ੍ਹਾਂ ਨੇ ਸਿਵਲ ਸਰਜਨ ਦਫਤਰ ਦੇ ਨੇੜੇ ਨਿਕਾਸੀ ਕੋਠੀ, ਫਿਰ ਇੰਦਰ ਪੈਲੇਸ ਦੀ ਅੱਧਬਣੀ ਇਮਾਰਤ, ਰਾਮ ਤਲਾਈ ਵਾਲੀ ਸਰਾਂ ਆਦਿ ਥਾਵਾਂ 'ਤੇ ਰੋਗੀਆਂ ਸਮੇਤ ਟਿਕਾਣਾ ਕੀਤਾ ਅਤੇ ਉਹ ਵੱਖ ਵੱਖ ਥਾਵਾਂ ਤੋਂ ਮੰਗ ਕੇ ਅਪਾਹਜਾਂ ਦਾ ਢਿੱਡ ਭਰਦੇ ਸਨ।
30 ਮਈ, 1955 ਨੂੰ ਭਗਤ ਜੀ ਨੇ 'ਪੂਰਨ ਪ੍ਰਿੰਟਿੰਗ ਪ੍ਰੈੱਸ' ਦੀ ਸਥਾਪਨਾ ਕੀਤੀ। 6 ਸਤੰਬਰ, 1957 ਨੂੰ ਉਨ੍ਹਾਂ ਨੇ ਰਜਿਸਟਰਾਰ ਆਫ ਕੰਪਨੀਜ਼, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ 'ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ' ਦੀ ਰਜਿਸਟ੍ਰੇਸ਼ਨ ਕਰਵਾਈ। 27 ਨਵੰਬਰ 1958 ਨੂੰ ਭਗਤ ਜੀ ਨੇ 16,964 ਰੁਪਏ ਵਿਚ ਮੌਜੂਦਾ ਪਿੰਗਲਵਾੜੇ ਵਾਲੀ ਥਾਂ (ਤਹਿਸੀਲਪੁਰਾ, ਜੀ. ਟੀ. ਰੋਡ, ਅੰਮ੍ਰਿਤਸਰ) ਖਰੀਦੀ। ਜਿੱਥੇ ਬੇਆਸਰਿਆਂ ਨੂੰ ਆਸਰਾ ਦਿੱਤਾ ਜਾਂਦਾ ਸੀ।
ਭਗਤ ਪੂਰਨ ਸਿੰਘ ਨੂੰ ਉਹਨਾਂ ਦੀ ਨਿਸ਼ਕਾਮ ਸੇਵਾ ਲਈ 1979 ਵਿਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ, ਜਿਸ ਨੂੰ ਉਹਨਾਂ ਨੇ 1984 ਵਿਚ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਦੇ ਵਿਰੋਧ ‘ਚ ਵਾਪਿਸ ਕਰ ਦਿੱਤਾ। 1992 ਵਿਚ 5 ਅਗਸਤ ਨੂੰ ਉਹਨਾਂ ਦਾ ਸਵਰਗਵਾਸ ਹੋ ਗਿਆ।