ਮਾਨਸਿਕ ਰੋਗੀ ਹੀ ਕਿਉਂ ਕਰਦੇ ਨੇ ਬੇਅਦਬੀ? ਗੁਰੂ ਘਰਾਂ ਨੂੰ ਹੀ ਕਿਉਂ ਬਣਾਇਆ ਜਾ ਰਿਹਾ ਨਿਸ਼ਾਨਾ?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੇਅਦਬੀ ਕਰਨ ਵਾਲਿਆਂ ’ਤੇ ਕਿਉਂ ਨਹੀਂ ਲਗਦੀ ਧਾਰਾ 302 ਜਾਂ 307?

Bhai Manjit Singh, Dr. Sumit

ਚੰਡੀਗੜ੍ਹ (ਨਵਜੋਤ ਸਿੰਘ ਧਾਲੀਵਾਲ/ਕਮਲਜੀਤ ਕੌਰ) : ਆਏ ਦਿਨ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਬੇਹੱਦ ਚਿੰਤਾ ਪਾਈ ਜਾ ਰਹੀ ਹੈ। ਇਹ ਦੌਰ ਠੰਢਾ ਪੈਣ ਦੀ ਬਜਾਏ ਵਧਦਾ ਜਾ ਰਿਹਾ ਹੈ। ਅੱਜ ਰਾਜਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਨੌਜੁਆਨ ਵਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ। ਇਹ ਨੌਜੁਆਨ ਨੰਗੇ ਸਿਰ ਅਤੇ ਜੁੱਤੀਆਂ ਪਾ ਕੇ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਇਆ। ਪੁਲਿਸ ਵਲੋਂ ਗਿ੍ਰਫ਼ਤਾਰ ਕੀਤੇ ਜਾਣ ’ਤੇ ਉਸ ਦੇ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਡਿਪਰੈਸ਼ਨ ਦਾ ਸ਼ਿਕਾਰ ਹੈ।

ਪਿਛਲੀਆਂ ਘਟਨਾਵਾਂ ’ਤੇ ਨਜ਼ਰ ਮਾਰੀਏ ਤਾਂ ਅਕਸਰ ਬੇਅਦਬੀ ਦੇ ਮਾਮਲੇ ਵਿਚ ਫੜੇ ਜਾਣ ਵਾਲੇ ਵਿਅਕਤੀ ਬਾਰੇ ਇਹੀ ਕਿਹਾ ਜਾਂਦਾ ਹੈ ਕਿ ਉਸ ਦਾ ਮਾਨਸਿਕ ਸੰਤੁਲਨ ਸਹੀ ਨਹੀਂ ਸੀ। ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਹਨ ਕਿ ਮਾਨਸਿਕ ਤੌਰ ’ਤੇ ਬਿਮਾਰ ਲੋਕ ਸਿਰਫ਼ ਗੁਰਦੁਆਰਾ ਸਾਹਿਬ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦੇ ਹਨ? ਕੀ ਕੋਈ ਪੰਜਾਬ ਦੇ ਆਪਸੀ ਭਾਈਚਾਰੇ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ? ਜਦ ਕੋਈ ਵਿਅਕਤੀ ਕਿਸੇ ਉਤੇ ਜਾਨਲੇਵਾ ਹਮਲਾ ਕਰਦਾ ਹੈ ਤਾਂ ਉਸ ਵਿਰੁਧ ਧਾਰਾ 302 ਜਂ 307 ਲਗਾਈ ਜਾਂਦੀ ਹੈ, ਕੀ ਬੇਅਦਬੀ ਕਰਨ ਵਾਲਿਆਂ ’ਤੇ ਅਜਿਹੀਆਂ ਧਾਰਾਵਾਂ ਨਹੀਂ ਲੱਗਣੀਆਂ ਚਾਹੀਦੀਆਂ? ਇਨ੍ਹਾਂ ਸਵਾਲਾਂ ਸਬੰਧੀ ‘ਦਿ ਸਪੋਕਸਮੈਨ ਡਿਬੇਟ’ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਭਾਈ ਮਨਜੀਤ ਸਿੰਘ ਭੂਰਾ ਕੋਹਨਾ ਅਤੇ ਪਟਿਆਲਾ ਤੋਂ ਐਮ.ਡੀ. ਡਾ. ਸੁਮਿਤ ਨਾਲ ਖ਼ਾਸ ਚਰਚਾ ਕੀਤੀ ਗਈ।

ਮਾਨਸਿਕ ਤੌਰ ’ਤੇ ਬੀਮਾਰ ਹਰ ਵਿਅਕਤੀ ਬੇਅਦਬੀ ਲਈ ਗੁਰਦੁਆਰਾ ਸਾਹਿਬ ਹੀ ਕਿਉਂ ਜਾਂਦਾ ਹੈ?: ਭਾਈ ਮਨਜੀਤ ਸਿੰਘ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਭਾਈ ਮਨਜੀਤ ਸਿੰਘ ਭੂਰਾ ਕੋਹਨਾ ਨੇ ਕਿਹਾ ਕਿ ਜੇਕਰ ਮੁਲਜ਼ਮ ਦੇ ਮਾਤਾ ਨੂੰ ਪਤਾ ਸੀ ਕਿ ਉਨ੍ਹਾਂ ਦਾ ਲੜਕਾ ਦਿਮਾਗ਼ੀ ਤੌਰ ’ਤੇ ਬਿਮਾਰ ਹੈ ਤਾਂ ਉਸ ਨੂੰ ਹਸਪਤਾਲ ਭਰਤੀ ਕਰਵਾਉਣਾ ਚਾਹੀਦਾ ਸੀ, ਉਸ ਦਾ ਖ਼ਿਆਲ ਰਖਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਮਾਂ ਅਪਣੇ ਪੁੱਤ ਨੂੰ ਮਾੜਾ ਨਹੀਂ ਕਹਿੰਦੀ। ਗੁਰਦੁਆਰਾ ਸਾਹਿਬਾਨਾਂ ਵਿਚ ਚੌਕਸੀ ਵਧਾਉਣ ਸਬੰਧੀ ਸਵਾਲ ਦੇ ਜਵਾਬ ਵਿਚ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਆਸਥਾ ਦਾ ਕੇਂਦਰ ਹੁੰਦੇ ਹਨ, ਇਥੇ ਸਿਰਫ਼ ਸਿੱਖ ਨਹੀਂ ਆਉਂਦੇ ਸਗੋਂ ਹਰ ਧਰਮ ਦੇ ਲੋਕ ਨਤਮਸਤਕ ਹੁੰਦੇ ਹਨ।

ਵੱਧ ਤੋਂ ਵੱਧ ਇਹੀ ਹੋ ਸਕਦਾ ਹੈ ਕਿ ਬਾਹਰ ਸੰਗਤ ਦੇ ਸਾਮਾਨ ਦੀ ਜਾਂਚ ਕੀਤੀ ਜਾਵੇ। ਗੁਰਦੁਆਰਾ ਸਾਹਿਬ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਗਤ ਹੀ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਹਰ ਵਿਅਕਤੀ ਨੂੰ ਬੇਅਦਬੀ ਲਈ ਗੁਰਦੁਆਰਾ ਸਾਹਿਬ ਹੀ ਕਿਉਂ ਮਿਲਦੇ ਹਨ। ਉਹ ਵਿਅਕਤੀ ਕਿਸੇ ਹੋਰ ਥਾਂ ਕਿਉਂ ਨਹੀਂ ਗਿਆ?

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਜਦ ਸੇਵਾਦਾਰ ਤਲਾਸ਼ੀ ਲੈਂਦੇ ਹਨ ਤਾਂ ਸਿਗਰਟ ਆਦਿ ਦਾ ਢੇਰ ਲੱਗ ਜਾਂਦਾ ਹੈ ਪਰ ਲੋਕ ਅੱਗੋਂ ਜਾਂਚ ਦਾ ਵਿਰੋਧ ਕਰਦੇ ਹਨ। ਕਿਸੇ ਦੇ ਮਨ ਵਿਚ ਕੀ ਚੱਲ ਰਿਹਾ ਹੈ ਜਾਂ ਕੋਈ ਕਿੰਨਾ ਜ਼ਹਿਰ ਲੈ ਕੇ ਫਿਰ ਰਿਹਾ ਹੈ, ਇਸ ਬਾਰੇ ਪਤਾ ਕਿਵੇਂ ਲਗਾਇਆ ਜਾਵੇ? ਭਾਈ ਮਨਜੀਤ ਸਿੰਘ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਪ੍ਰਸ਼ਾਸਨ ਨਾਲ ਕਈ ਬੈਠਕਾਂ ਹੋ ਚੁਕੀਆਂ ਹਨ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਸਿੱਖ ਜਜ਼ਬਾਤੀ ਹੋ ਕੇ ਬੇਅਦਬੀ ਕਰਨ ਵਾਲੇ ਨੂੰ ਮਾਰ ਦਿੰਦਾ ਹੈ ਤਾਂ ਸਵਾਲ ਚੁੱਕੇ ਜਾਂਦੇ ਹਨ ਪਰ ਜੇਕਰ ਉਸ ਨੂੰ ਛੱਡ ਦਿਤਾ ਜਾਂਦਾ ਹੈ ਤਾਂ ਲੋਕ ਕਹਿੰਦੇ ਨੇ ਕਿ ਕਮੇਟੀ ਨੇ ਪ੍ਰਬੰਧ ਸਹੀ ਨਹੀਂ ਕੀਤਾ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਜਾਵੇਗੀ ਕਿ ਗੁਰਦੁਆਰਾ ਸਾਹਿਬਾਨਾਂ ਦੇ ਆਲੇ-ਦੁਆਲੇ ਦੀ ਸੁਰੱਖਿਆ ਵਧਾਈ ਜਾਵੇ ਅਤੇ ਸਮਾਨ ਦੀ ਜਾਂਚ ਲਈ ਮਸ਼ੀਨਾਂ ਲਗਵਾਈਆਂ ਜਾਣ।

ਬੇਅਦਬੀ ਦੀ ਹਰ ਘਟਨਾ ਵਿਚ ਮੁਲਜ਼ਮ ਨੂੰ ਮਾਨਸਿਕ ਬੀਮਾਰ ਕਹਿ ਕੇ ਟਾਲਿਆ ਨਹੀਂ ਜਾ ਸਕਦਾ : ਡਾ. ਸੁਮਿਤ
ਪਟਿਆਲਾ ਤੋਂ ਐਮ.ਡੀ. ਡਾ. ਸੁਮਿਤ ਦਾ ਕਹਿਣਾ ਹੈ ਕਿ ਬੇਅਦਬੀ ਦੀ ਹਰੇਕ ਘਟਨਾ ਵਿਚ ਮੁਲਜ਼ਮ ਨੂੰ ਮਾਨਸਿਕ ਤੌਰ ’ਤੇ ਬਿਮਾਰ ਕਹਿ ਕੇ ਟਾਲਿਆ ਨਹੀਂ ਜਾ ਸਕਦਾ। ਪੁਲਿਸ ਜਦੋਂ ਵੀ ਅਜਿਹੇ ਮਾਮਲਿਆਂ ਦੀ ਜਾਂਚ ਕਰਦੀ ਹੈ ਤਾਂ ਉਸ ਨੂੰ ਮੁਲਜ਼ਮ ਦੀ ਇਸ ਸਬੰਧੀ ਮੈਡੀਕਲ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦਸਿਆ ਕਿ ਖ਼ੂਨ ਦੇ ਨਮੂਨੇ ਤੋਂ ਵਿਅਕਤੀ ਵਲੋਂ ਲਈ ਜਾ ਰਹੀ ਦਵਾਈ ਦੀ ਮਾਤਰਾ ਦੀ ਜਾਂਚ ਵੀ ਕੀਤੀ ਜਾ ਸਕਦੀ ਹੈ। ਹਰ ਜ਼ਿਲ੍ਹੇ ਵਿਚ ਸਿਵਲ ਸਰਜਨ ਪਧਰ ਦੇ ਮੈਡੀਕਲ ਬੋਰਡ ਬੈਠਦੇ ਹਨ। ਅਜਿਹੇ ਹਰੇਕ ਮਾਮਲੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ।

ਪਿਛਲੇ ਕੁੱਝ ਮਾਮਲਿਆਂ ਨੂੰ ਦੇਖਿਆ ਜਾਵੇ ਤਾਂ ਮੁਲਜ਼ਮ ਹਮੇਸ਼ਾ ਕਿਸੇ ਇਕ ਥਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਦਾ ਨਾ ਤਾਂ ਕਿਸੇ ਨਾਲ ਝਗੜਾ ਹੁੰਦਾ ਤੇ ਨਾ ਹੀ ਉਹ ਹੋਰ ਕਿਤੇ ਕੁੱਝ ਗ਼ਲਤ ਕਰਦੇ ਹਨ। ਅਜਿਹਾ ਨਹੀਂ ਲਗਦਾ ਕਿ ਇਹ ਸਾਰੇ ਲੋਕ ਮਾਨਸਿਕ ਤੌਰ ’ਤੇ ਬਿਮਾਰ ਹੋਣ। ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕੋਈ ਵਰਤ ਰਿਹਾ ਹੋਵੇ। ਉਨ੍ਹਾਂ ਨੇ ਸੰਗਤ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਮਾਮਲਿਆਂ ਨੂੰ ਹੱਲ ਕਰਨ ਲਈ ਸਬਰ ਤੇ ਸੰਤੋਖ਼ ਨਾਲ ਹੀ ਚਲਣਾ ਚਾਹੀਦਾ ਹੈ।

ਜੇ ਮੈਂ ਨਾ ਪਹੁੰਚਦੀ ਤਾਂ ਮੇਰੇ ਪੁੱਤ ਨੂੰ ਜਾਨੋਂ ਹੀ ਮਾਰ ਦੇਣਾ ਸੀ : ਮੁਲਜ਼ਮ ਦੀ ਮਾਂ
ਉਧਰ ਮੁਲਜ਼ਮ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਸ਼ੁਰੂ ਤੋਂ ਹੀ ਗੁਰਦੁਆਰਾ ਸਾਹਿਬ ਜਾਂਦਾ ਹੈ ਪਰ ਕੁੱਝ ਸਮੇਂ ਤੋਂ ਉਹ ਡਿਪਰੈਸ਼ਨ ਵਿਚ ਸੀ। ਉਹ ਦੋ-ਤਿੰਨ ਦਿਨ ਤੋਂ ਦਵਾਈ ਨਹੀਂ ਖਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਮੈਨੂੰ ਮੇਰੇ ਪੁੱਤਰ ਨਾਲ ਮਿਲਣ ਨਹੀਂ ਦੇ ਰਹੀ, ਮੇਰੇ ਪਤੀ ਨੂੰ ਥਾਣੇ ਵਿਚ ਬਿਠਾਇਆ ਹੋਇਆ ਹੈ। ਉਹ ਕਿਸ ਹਾਲਤ ਵਿਚ ਹਨ, ਕਿਸੇ ਨੂੰ ਨਹੀਂ ਪਤਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਮੇਂ ਸਿਰ ਨਾ ਪਹੁੰਚਦੇ ਤਾਂ ਸਾਡੇ ਪੁੱਤਰ ਨੂੰ ਮਾਰ ਦਿਤਾ ਜਾਂਦਾ, ਉਸ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਹਨ। ਮੁਲਜ਼ਮ ਦੀ ਮਾਂ ਨੇ ਕਿਹਾ ਕਿ ਜੇਕਰ ਮੇਰੇ ਪੁੱਤਰ ਨੂੰ ਕੁੱਝ ਹੋ ਗਿਆ ਤਾਂ ਮੈਂ ਅਪਣੀ ਜਾਨ ਦੇ ਦੇਵਾਂਗੀ ਜਾਂ ਕਾਰਵਾਈ ਕਰਵਾਵਾਂਗੀ। ਉਨ੍ਹਾਂ ਕਿਹਾ ਕਿ ਸਾਨੂੰ ਇਨਸਾਫ਼ ਚਾਹੀਦਾ ਹੈ।