ਆਰ ਐਸ.ਐਸ. ਦੇ ਹੱਥਠੋਕੇ ਬਣ ਕੇ ਸ਼ਿਵ ਸੈਨਾ ਪੰਜਾਬ ਦਾ ਮਹੌਲ ਖ਼ਰਾਬ ਕਰ ਰਹੀ ਹੈ : ਨਿਮਾਣਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਾਲ 1984 ਵਿੱਚ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਹੋਇਆ ਪਰ ਹਰ ਵਾਰ ਸਿੱਖਾ ਨੂੰ ਹੀ ਸ਼ਿਵ ਸੈਨਾ ਵੱਲੋਂ ਆਪਣੀ ਅਲੋਚਨਾ ਦਾ ਪਾਤਰ ਬਣਾਇਆ ਗਿਆ। ਕਦੇ ਵੀ ਕਿਸੇ ਸਿੱਖ...

Jarnail Singh Bhindranwale

ਨੰਗਲ (ਕੁਲਵਿੰਦਰ ਜੀਤ ਸਿੰਘ) : ਸਾਲ 1984 ਵਿੱਚ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਹੋਇਆ ਪਰ ਹਰ ਵਾਰ ਸਿੱਖਾ ਨੂੰ ਹੀ ਸ਼ਿਵ ਸੈਨਾ ਵੱਲੋਂ ਆਪਣੀ ਅਲੋਚਨਾ ਦਾ ਪਾਤਰ ਬਣਾਇਆ ਗਿਆ। ਕਦੇ ਵੀ ਕਿਸੇ ਸਿੱਖ ਵੱਲੋਂ ਹਿੰਦੂ ਧਰਮ ਬਾਰੇ ਅਲੋਚਨਾਤਮਕ ਟਿੱਪਣੀ ਕਰਦਿਆਂ ਸ਼ੋਸ਼ਲ ਮੀਡੀਆ ਤੇ ਨਹੀਂ ਵੇਖਿਆ ਗਿਆ ਪਰ ਹਰ ਵਾਰ ਸਿੱਖਾਂ ਦੇ ਰੋਲ ਮਾਡਲ ਮੰਨੇ ਜਾਂਦੇ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਅੱਤਵਾਦੀ ਦੱਸ ਕੇ ਸ਼ਿਵ ਸੈਨਾ ਵੱਲੋਂ ਪੇਸ਼ ਕੀਤਾ ਜਾਂਦਾ ਰਿਹਾ ਹੈ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ

ਤੇ ਸਿੱਖਾਂ ਦੇ ਮਨਾਂ ਨੂੰ ਸ਼ਿਵ ਸੈਨਾ ਵਲੋਂ ਜਾਣਬੁੱਝ ਕੇ ਠੇਸ ਪਹੁੰਚਾਈ ਜਾਂਦੀ ਰਹੀ ਹੈ, ਜਦੋ ਕਿ ਸੱਚਾਈ ਇਹ ਹੈ ਕਿ ਅੱਜ ਤੱਕ ਭਾਰਤ ਵਿੱਚ ਇੱਕ ਵੀ ਮੁੱਕਦਮਾਂ ਹਿੰਦੋਸਤਾਨ ਦੀ ਸਰਕਾਰ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਤੇ ਦਰਜ਼ ਕੀਤਾ ਨਹੀਂ ਗਿਆ ਅਤੇ ਨਾਂ ਹੀ ਕਿਤੇ ਉਨ੍ਹਾਂ ਨੂੰ ਅੱਤਵਾਦੀ ਗਤੀਵਿਧੀਆਂ ਵਿੱਚ ਗਰਦਾਨਿਆ ਗਿਆ। ਇਥੇ ਹੀ ਬੱਸ ਨਹੀਂ ਹਮੇਸ਼ਾ ਹੀ ਸ਼ਿਵ ਸੈਨਾ ਵੱਲੋਂ ਕਿਹਾ ਜਾਂਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਖਾਲਿਸਤਾਨ ਬਣਾਉਣਾ ਚਾਹੁੰਦਾ ਸੀ। ਜਦ ਕਿ ਭਾਜਪਾ ਦੇ ਆਗੂ ਅਤੇ ਸੰਤ ਜਰਨੈਲ ਸਿੰਘ ਨਾਲ ਉਸ ਸਮੇਂ ਦੀ ਸਰਕਾਰ ਵੱਲੋਂ ਮੁਲਾਕਾਤਾਂ ਕਰਦੇ ਰਹੇ ਡਾ. ਸ਼ੁਬਰਮਨੀਅਮ ਸੁਆਮੀ, ਸੀਨੀਅਰ ਵਕੀਲ ਰਾਮ ਜੇਠ ਮਲਾਨੀ ਤੇ ਫਾਰੁਖ ਅਬਦੁਲਾ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਵੱਲੋਂ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਗਈ ਸੀ।

ਇਥੇ ਦੱਸਣਾ ਬਣਦਾ ਹੈ ਕਿ ਉਸ ਸਮੇਂ ਨਾਲ ਸਬੰਧਤ ਕੁੱਝ ਕਿਤਾਬਾਂ ਵਿੱਚ ਸਾਫ਼ ਸ਼ਬਦਾ ਵਿੱਚ ਛਪਿਆ ਹੈ ਕਿ ਖਾਲਿਸਤਾਨ ਦੀ ਮੰਗ ਗਿਆਨੀ ਜੈਲ ਸਿੰਘ ਯਾਨੀ ਕਿ ਕਾਂਗਰਸ ਦੀ ਕਾਢ ਸੀ ਅਤੇ ਦਲ ਖਾਲਸਾ ਵੱਲੋਂ ਸਭ ਤੋਂ ਪਹਿਲਾਂ ਖਾਲਿਸਤਾਨ ਦੀ ਮੰਗ ਕੀਤੀ ਗਈ ਸੀ ਅਤੇ ਪਹਿਲੀ ਵਾਰ ਸਰਦਾਰ ਸੁਖਜਿੰਦਰ ਸਿੰਘ ਖਾਲਿਸਤਾਨ ਦਾ ਨਾਅਰਾ ਲਾ ਕੇ ਜੇਲ ਗਏ ਸਨ। ਇਸ ਤੋਂ ਬਾਅਦ ਡਾਕਟਰ ਜਗਜੀਤ ਸਿੰਘ ਨੇ ਪ੍ਰੈਜੀਡੈਂਟ ''ਰੀਪਬਲਿਕ ਆਫ਼ ਖਾਲਿਸਤਾਨ'' ਦੇ ਨਾਮ ਤੇ ਖਾਲਿਸਤਾਨ ਦੀ ਸਥਾਪਨਾ ਲਈ ਚਿੱਠੀ ਲਿਖੀ ਜੋ ਕਿ ਭਾਰਤ ਨਹੀਂ ਲੰਡਨ ਵਿੱਚ ਲਿਖੀ ਗਈ ਸੀ।

ਕੁੱਲ ਮਿਲਾ ਕੇ ਕਿਤੇ ਵੀ ਇਹ ਜਿਕਰ ਨਹੀਂ ਆਉਂਦਾ ਕਿ ਸੰਤ ਜਰਲੈਲ ਸਿੰਘ ਭਿੰਡਰਾਵਾਲਿਆਂ ਅੱਤਵਾਦੀ ਸਨ ਜਾਂ ਉਨ੍ਹਾਂ ਖਾਲਿਸਤਾਨ ਦੀ ਮੰਗ ਕੀਤੀ ਸੀ। ਇਸ ਸਬੰਧੀ ਜਦੋਂ ਪ੍ਰਸਿੱਧ ਇਤਿਹਾਸਕਾਰ ਹਰਦੀਪ ਸਿੰਘ ਨਿਮਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿੱਖ ਇੱਕ ਵੱਖਰੀ ਕੌਮੀ ਰਹੀ ਹੈ ਅਤੇ ਸਿੱਖਾਂ ਵੱਲੋਂ ਹਰ ਧਰਮ ਦਾ ਸਤਿਕਾਰ ਕੀਤਾ ਗਿਆ ਹੈ ਜਿਸਦੀ ਮਿਸਾਲ ਹਰਮਿੰਦਰ ਸਾਹਿਬ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਵੱਲੋਂ ਹਮੇਸ਼ਾ ਹੀ ਭੜਕਾਹਟ ਭਰੇ ਬਿਆਨ ਦਿੱਤੇ ਜਾਂਦੇ ਰਹੇ ਹਨ ਅਤੇ ਸਿੱਖ ਧਰਮ ਵਿੱਚ ਦਖਲ ਦਿੱਤਾ ਜਾਂਦਾ ਰਿਹਾ ਹੈ ਜੋ ਕਿ ਗਲਤ ਹੈ।

ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਸਾਡੇ ਵਹੀਵੀਂ ਸਦੀ ਦੇ ਜਰਨੈਲ ਹਨ ਅਤੇ ਉਨ੍ਹਾਂ ਖਿਲਾਫ਼ ਸ਼ਿਵ ਸੈਨਾ ਨੂੰ ਗਲਤ ਟਿੱਪਣੀਆ ਕਰਨ ਤੋਂ ਸਰਕਾਰ ਨੂੰ ਰੋਕਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਨੂੰ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਹਿੰਦੂਵਾਦੀ ਪੱਤਾ ਖੇਡ ਕੇ ਹਿੰਦੂ, ਸਿੱਖ, ਈਸਾਈ, ਮੁਸਲਿਮ ਭਾਈਚਾਰੇ ਨੂੰ ਖੇਰੂ ਖੇਰੂ ਕਰਨਾ ਚਾਹੁੰਦੀ ਹੈ ਅਤੇ ਸ਼ਿਵ ਸੈਨਾ ਵਾਲੇ ਆਰ.ਐਸ.ਐਸ. ਦੇ ਹੱਥਠੋਕੇ ਬਣਕੇ ਪੰਜਾਬ ਦਾ ਮਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਨੂੰ ਨੱਥ ਪਾਵੇ ਤਾਂ ਜੋ ਪੰਜ਼ਾਬ ਦੀ ਅਮਨ ਸ਼ਾਤੀ ਬਣੀ ਰਹੇ।