ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਨੇ ਕੀਤਾ ਦੁੱਖ ਪ੍ਰਗਟ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਸੀ ਤੰਤੀ ਸਾਜ਼ਾਂ ਨਾਲ ਅਤੇ ਰਾਗਬੱਧ ਕੀਰਤਨ ਸ਼ੈਲੀ ਨੂੰ ਬਚਾਉਣ 'ਚ ਅਸਫ਼ਲ ਰਹੇ

Bhai Nirmal Singh

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਨੇ ਇਸ ਗੱਲ 'ਤੇ ਅਫ਼ਸੋਸ ਪ੍ਰਗਟ ਕੀਤਾ ਹੈ ਕਿ ਅਸੀ ਤੰਤੀ ਸਾਜ਼ਾਂ ਨਾਲ ਅਤੇ ਰਾਗਬਧ ਕੀਰਤਨ ਸ਼ੈਲੀ ਨੂੰ ਬਚਾਉਣ ਵਿਚ ਅਸਫ਼ਲ ਰਹੇ ਹਾਂ। ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਨਿਰਮਲ ਸਿੰਘ ਨੇ ਕਿਹਾ ਕਿ 1945 ਤਕ ਕਰੀਬ 475 ਸਾਲ ਕੀਰਤਨ ਦੀ ਸ਼ੈਲੀ ਉਹੀ ਹੀ ਸ਼ੈਲੀ ਸੀ ਜੋ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਦੀ ਝੋਲੀ ਪਾਈ ਸੀ। ਉਨ੍ਹਾਂ ਕਿਹਾ ਕਿ ਰਾਗੀਆਂ ਨੇ ਸੀਨਾ ਬ ਸੀਨਾ ਸਾਂਭਿਆ ਸੀ। 47 ਦੀ ਵੰਡ ਵੇਲੇ ਕੁੱਝ ਰਬਾਬੀ ਪਾਕਿਸਤਾਨ ਚਲੇ ਗਏ ਤੇ ਬਾਕੀ ਜੋ ਭਾਰਤ ਵਿਚ ਰਹਿ ਗਏ ਸਨ, ਨੂੰ ਸਾਡੇ ਚੌਧਰੀਆਂ ਨੇ ਕੀਰਤਨ ਦੇ ਖੇਤਰ ਵਿਚ ਟਿਕਣ ਹੀ ਨਹੀਂ ਦਿਤਾ।

ਉਨ੍ਹਾਂ 'ਤੇ ਅੰਮ੍ਰਿਤਧਾਰੀ ਨਾ ਹੋਣ ਤੇ ਮਰਿਆਦਾ ਦਾ ਸਵਾਲ ਖੜਾ ਕਰ ਕੇ ਲਾਂਭੇ ਕਰ ਦਿਤਾ। ਹੈਰਾਨਗੀ ਦੀ ਗੱਲ ਇਹ ਸੀ ਕਿ ਗੁਰੂ ਸਾਹਿਬਾਨ ਨੇ ਗੁਣਾਂ ਦੀ ਸਾਂਝ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਸ਼ਪਸਟ ਕੀਤਾ ਕਿ ਸਿੱਖ ਲਈ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ। ਗੁਰੂ ਕਾਲ ਤੋਂ ਲੈ ਕੇ ਅਸੀ 475 ਸਾਲ ਤਕ ਰਬਾਬੀਆਂ ਨੂੰ ਬੇ-ਅੰਮ੍ਰਿਤੀਏ ਬਰਦਾਸ਼ਤ ਕੀਤਾ ਪਰ ਇਕਦਮ ਸਾਡੀ ਸੋਚ ਵਿਚ ਫ਼ਰਕ ਆ ਗਿਆ। ਰਬਾਬੀਆਂ ਦੇ ਜਾਣ ਨਾਲ ਸਾਡੀ ਪ੍ਰੰਪਰਾ ਨੂੰ ਵੀ ਢਾਹ ਲੱਗੀ। ਉਨ੍ਹਾਂ ਅਣਗਣਿਤ ਰਾਗੀ ਰਬਾਬੀਆਂ ਦਾ ਨਾਮ ਲੈਂਦੇ ਹੋਏ ਕਿਹਾ ਕਿ ਇਨ੍ਹਾਂ ਨੇ ਸਾਡੀ ਉਸ ਅਮੀਰ ਪ੍ਰੰਪਰਾ ਨੂੰ ਬਚਾ ਕੇ ਰਖਿਆ ਹੋਇਆ ਸੀ। ਪਿਛਲੇ 20 ਸਾਲ ਤੋਂ ਹਲਕੀਆਂ ਤਰਜ਼ਾਂ 'ਤੇ ਆ ਗਏ ਹਾਂ। ਅੱਜ ਤਸੱਲੀ ਹੋਈ ਹੈ ਕਿ ਪੁਰਾਣੇ ਰਾਗੀਆਂ ਨੂੰ ਲੱਭ ਕੇ ਉਨ੍ਹਾਂ ਦੇ ਸਨਮਾਨ ਕਰਨ ਦਾ ਸ਼੍ਰੋਮਣੀ ਕਮੇਟੀ ਨੇ ਫ਼ੈਸਲਾ ਲਿਆ ਹੈ।

ਪੁਰਾਣੇ ਦੌਰ ਨੂੰ ਵਾਪਸ ਲਿਆਉਣ ਲਈ ਸ਼੍ਰੋਮਣੀ ਕਮੇਟੀ ਨੇ ਕੋਸ਼ਿਸ਼ ਵਜੋਂ ਇਕ ਮਹੀਨਾ ਸ੍ਰੀ ਦਰਬਾਰ ਸਾਹਿਬ ਵਿਚ ਨਿਰਧਾਰਤ ਰਾਗਾਂ ਵਿਚ ਕੀਰਤਨ ਕਰਵਾਉਣ ਦਾ ਫ਼ੈਸਲਾ ਲਿਆ ਹੈ। ਖ਼ੁਸ਼ੀ ਦੀ ਗੱਲ ਇਹ ਹੈ ਕਿ ਹੁਣ ਅੰਮ੍ਰਿਤਧਾਰੀ ਨੌਜਵਾਨ ਤੰਤੀ ਸਾਜ਼ਾਂ 'ਤੇ ਕੀਰਤਨ ਕਰ ਰਹੇ ਹਨ। ਉਸ ਦੌਰ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਾਈ ਮਰਦਾਨਾ ਜੀ ਦੇ ਪਰਵਾਰ ਨੂੰ ਆਰਥਕ ਸੰਕਟ ਵਿਚੋਂ ਕਢਣ ਦੀਆਂ ਖ਼ਬਰਾਂ ਬਾਰੇ ਬੋਲਦਿਆਂ ਭਾਈ ਨਿਰਮਲ ਸਿੰਘ ਨੇ ਦਸਿਆ ਕਿ ਉਨ੍ਹਾਂ ਇਹ ਸਪੋਕਸਮੈਨ ਅਖ਼ਬਾਰ ਦੀਆਂ ਖ਼ਬਰਾਂ ਨੂੰ ਪੜ੍ਹਿਆ ਤੇ ਟੈਲੀਵਿਜ਼ਨ 'ਤੇ ਦੇਖਿਆ ਹੈ ਕਿ ਸਪੋਕਸਮੈਨ ਭਾਈ ਮਰਦਾਨਾ ਦੇ ਪਰਵਾਰ ਦੀ ਅਵਾਜ਼ ਬÎਣਿਆ ਹੈ। 19ਵੀਂ ਪੀੜੀ ਦਾ ਦੁੱਖ ਸੁਣ ਕੇ ਅਫ਼ਸੋਸ ਹੋਇਆ। ਦੁਨੀਆਂ ਭਰ ਵਿਚ ਸਪੋਕਸਮੈਨ ਨੇ ਇਸ ਪਰਵਾਰ ਦੀ ਆਵਾਜ਼ ਚੁਕੀ ਹੈ। ਉਨਾਂ ਸ਼੍ਰੋਮਣੀ ਕਮੇਟੀ ਤੇ ਸਪੋਕਸਮੈਨ ਦਾ ਧਨਵਾਦ ਕੀਤਾ ਤੇ ਕਿਹਾ ਕਿ ਅਜਿਹਾ ਹੋਣ ਨਾਲ ਗੁਰੂ ਦੀ ਗੱਲ ਕਰਨ ਵਾਲਿਆਂ ਦਾ ਹੌਂਸਲਾ ਬੁਲੰਦ ਹੋਇਆ ਹੈ।