ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਗਾਇਬ ਹੋਣ ਸਬੰਧੀ ਜਾਂਚ ਕਮੇਟੀ ਦਾ ਗਠਨ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

 ਸੇਵਾ ਮੁਕਤ ਸਿੱਖ ਬੀਬੀ ਜਸਟਿਸ ਨਵਿਤਾ ਸਿੰਘ ਕਰਨਗੇ ਪੜਤਾਲ : ਜਥੇਦਾਰ 

Harpreet Singh

ਅੰਮ੍ਰਿਤਸਰ 17 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ  ਨੇ ਚਰਚਿਤ ਪਾਵਨ ਸਰੂਪ ਗੁੰਮ ਹੋਣ ਦੀ ਪੜਤਾਲ ਲਈ ਸੇਵਾ ਮੁਕਤ ਸਿੱਖ ਬੀਬੀ ਜਸਟਿਸ ਨਵਿਤਾ ਸਿੰਘ ਨੂੰ ਨਿਯੁਕਤ ਕੀਤਾ ਹੈ। ਜਥੇਦਾਰ ਮੁਤਾਬਕ ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੋਲਡਨ ਆਫ਼ਸੈਟ ਪ੍ਰੈਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਰਿਕਾਰਡ ਵਿਚ ਘਟ ਹੋਣ ਸਬੰਧੀ ਸਿੱਖ ਪੰਥ ਅੰਦਰ ਕਾਫ਼ੀ ਸ਼ੰਕੇ ਪਾਏ ਜਾ ਰਹੇ ਹਨ। ਇਸ ਸਬੰਧੀ ਵਿਸ਼ਵ ਭਰ ’ਚੋਂ ਸੁਹਿਰਦ ਸਿੱਖ ਸੰਗਤਾਂ ਦੇ ਸੁਨੇਹੇ ਵੀ ਪੁਜੇ ਹਨ ਕਿ ਸੰਗਤ ਸੱਚਾਈ ਜਾਨਣਾ ਚਾਹੁੰਦੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਰਗ ਕਮੇਟੀ ਵਲੋਂ ਪਾਸ ਕੀਤੇ ਮਤੇ ਰਾਹੀਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਿਰਪੱਖ ਜਾਂਚ ਕਰਵਾਈ ਜਾਵੇ। ਸੰਗਤ ਦੀਆਂ ਭਾਵਨਾਵਾਂ ਅਤੇ ਸ਼੍ਰੋਮਣੀ  ਕਮੇਟੀ ਦੇ ਮੱਦੇਨਜ਼ਰ ਇਸ ਸਮੁੱਚੇ ਮਾਮਲੇ ਦੀ ਪੜਤਾਲ ਸਿੱਖ ਬੀਬੀ ਨਵਿਤਾ ਸਿੰਘ ਰਿਟਾਇਰਡ ਜਸਟਿਸ ਹਾਈ ਕੋਰਟ ਕਰਨਗੇ

ਅਤੇ ਭਾਈ ਈਸ਼ਰ ਸਿੰਘ ਐਡਵੋਕੇਟ ਤੇਲੰਗਨਾ ਹਾਈ ਕੋਰਟ ਇਨ੍ਹਾਂ ਦੇ ਸਹਿਯੋਗੀ ਹੋਣਗੇ। ਲੋੜ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਨ੍ਹਾਂ ਨੂੰ ਅਕਾਊਂਟ ਦੇ ਮਾਹਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਤੇ ਮੌੌਜੂਦਾ ਕਰਮਚਾਰੀ/ਅਧਿਕਾਰੀ ਅਤੇ ਵਿਦਵਾਨਾਂ ਦੀਆਂ ਵੀ ਸੇਵਾਵਾਂ ਮੁਹਈਆਂ ਕਰਵਾਈਆਂ ਜਾਣਗੀਆ। ਇਕ ਮਹੀਨੇ ਦੇ ਅੰਦਰ-ਅੰਦਰ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇਣਗੇ, ਉਪਰੰਤ ਲੋੜੀਂਦੀ ਕਾਰਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੀਤੀ ਜਾਵੇਗੀ।