ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਕੀਤੀ ਗਈ ਜ਼ਮੀਨ ਖ਼ੁਰਦ-ਬੁਰਦ ਕਰਨ ਦਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਫ਼ੋਰ ਐਸ ਮੈਨੇਜਮੈਂਟ ਨੇ ਸੰਸਥਾਵਾਂ ਦੀਆਂ ਜ਼ਮੀਨਾਂ ਕੋਡੀਆਂ ਭਾਅ ਵੇਚਣ ਦੀ ਉੱਚ ਪਧਰੀ ਜਾਂਚ ਦੀ ਕੀਤੀ ਮੰਗ

Pic

ਅੰਮ੍ਰਿਤਸਰ : ਫ਼ੋਰ ਐਸ ਮੈਨੇਜਮੈਂਟ ਵਲੋਂ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਕੀਤੀ ਗਈ ਜ਼ਮੀਨ ਨੂੰ ਮੌਜੂਦਾ ਅਹੁਦੇਦਾਰਾਂ ਵਲੋਂ ਕੋਡੀਆਂ ਦੇ ਭਾਅ ਵੇਚਣ ਦੀ ਉੱਚ ਪਧਰੀ ਜਾਂਚ ਦੀ ਮੰਗ ਕੀਤੀ ਗਈ। ਭਾਈ ਸੰਤ ਸਿੰਘ ਵਲੋਂ ਦਸਵੇਂ ਪਾਤਸ਼ਾਹ ਜੀ ਦੇ ਨਾਮ 'ਤੇ ਜ਼ਮੀਨ ਨੂੰ ਬੜੇ ਹੀ ਵਿਉਂਤਬੰਦ ਢੰਗ ਨਾਲ ਗ਼ੈਰ-ਕਾਨੂੰਨੀ ਤਰੀਕੇ ਅਪਨਾ ਕੇ ਖ਼ੁਰਦ-ਬੁਰਦ ਕੀਤਾ ਜਾ ਰਿਹਾ ਹੈ। ਕਮੇਟੀ ਦੀ ਸਵਿੰਦਰ ਸਿੰਘ ਕੱਥੂਨੰਗਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਵਿਚਾਰਾਂ ਸਾਂਝੀਆਂ ਕਰਦਿਆਂ ਸਮੂਹ ਮੈਂਬਰ ਸਾਹਿਬਾਨ ਨੇ ਇਹ ਤਹਈਆ ਕੀਤਾ ਕਿ ਗੁਰੂ ਸਾਹਿਬ ਦੇ ਨਾਮ 'ਤੇ ਜ਼ਮੀਨ-ਜਾਇਦਾਦ ਨੂੰ ਹਰ ਹੀਲੇ ਬਚਾਇਆ ਜਾਵੇਗਾ। ਇਸ ਲਈ ਕਾਨੂੰਨੀ ਕਾਰਵਾਈ ਕਰਦਿਆਂ ਅਦਾਲਤਾਂ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ। ਹਰ ਇਕ ਸੰਭਵ ਕਾਰਵਾਈ ਕਰਦਿਆਂ ਮੌਜੂਦਾ ਮੈਨੇਜਮੈਂਟ ਦੀਆਂ ਬੇਨਿਯਮੀਆਂ ਨੂੰ ਜੱਗ-ਜ਼ਾਹਰ ਕੀਤਾ ਜਾਵੇਗਾ।

ਇਸ ਅਹਿਮ ਮੀਟਿੰਗ 'ਚ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸਕੂਲ ਕਮੇਟੀ ਦੇ ਕਾਰਜਕਾਰੀ ਆਨਰੇਰੀ ਸਕੱਤਰ ਸ. ਗੁਨਬੀਰ ਸਿੰਘ, ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ, ਸ. ਰਜਿੰਦਰ ਮੋਹਨ ਸਿੰਘ ਛੀਨਾ, ਸ: ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸ. ਅਜਮੇਰ ਸਿੰਘ ਹੇਰ, ਸ. ਭਗਵੰਤਪਾਲ ਸਿੰਘ ਸੱਚਰ, ਸ: ਅਵਤਾਰ ਸਿੰਘ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਮਿਤੀ 19 ਦਸੰਬਰ 2017 ਨੂੰ ਮੌਜੂਦਾ ਅਹੁਦੇਦਾਰਾਂ ਵਲੋਂ 2 ਰਜਿਸਟਰੀਆਂ ਹਰਦੇਵ ਕੌਰ ਪਤਨੀ ਕੁਲਜੀਤ ਸਿੰਘ (ਸਿੰਘ ਬ੍ਰਦਰਜ਼) ਦੇ ਨਾਮ 'ਤੇ ਕਰਵਾਈਆਂ ਗਈਆਂ। ਇਨ੍ਹਾਂ ਰਜਿਸਟਰੀਆਂ 'ਚ 940 ਵਰਗ ਗਜ਼ ਦੀ ਕੁਲ ਜ਼ਮੀਨ ਨੂੰ ਤਕਰੀਬਨ 2 ਕਰੋੜ ਵਿਚ ਵੇਚੀ ਗਈ ਅਤੇ ਹੈਰਾਨਗੀ ਦੀ ਗੱਲ ਹੈ ਕਿ ਇਸ ਪਾਰਟੀ ਨੇ ਇਹ ਜ਼ਮੀਨ ਅਗਾਂਹ 6 ਦਿਨਾਂ ਦੇ ਵਕਬੇ ਨਾਲ ਕਿਸੇ ਹੋਰ ਖ਼ਰੀਦਦਾਰ ਨੂੰ ਵੇਚ ਦਿਤੀ।

ਗੁਨਬੀਰ ਸਿੰਘ ਨੇ ਕਿਹਾ ਕਿ ਉਪਰੋਕਤ ਜ਼ਮੀਨ 6 ਦਿਨਾਂ ਦੇ ਅੰਦਰ ਨਿਜੀ ਪਾਰਟੀਆਂ ਨੂੰ ਵੇਚਣਾ ਬਹੁਤ ਸਾਰੇ ਸਵਾਲ ਪੈਦਾ ਕਰਦਾ ਹੈ। ਭਾਈ ਸੰਤ ਸਿੰਘ ਦੇ ਤਮਲੀਕਨਾਮੇ ਮੁਤਾਬਕ ਸੰਸਥਾਵਾਂ ਦੀ ਜ਼ਮੀਨ ਕਿਸੇ ਵੀ ਨਿਜੀ ਪਾਰਟੀ ਨੂੰ ਨਹੀਂ ਦਿਤੀ ਜਾ ਸਕਦੀ ਅਤੇ ਇਹ ਸਿਰਫ਼ ਵਿਦਿਆ ਪ੍ਰਸਾਰ ਲਈ ਹੀ ਇਸਤੇਮਾਲ ਕੀਤੀ ਜਾ ਸਕਦੀ ਹੈ।  ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸ਼ਿਕਾਇਤ ਕੀਤੀ ਜਾਵੇਗੀ ਅਤੇ ਸਬੰਧਤ ਐਸ.ਡੀ.ਐਮ. ਨੂੰ ਵੀ ਮਿਲ ਕੇ ਰਜਿਸਟਰੀਆਂ ਕਰਨ ਦੌਰਾਨ ਹੋਈਆਂ ਬੇਨਿਯਮੀਆਂ ਬਾਰੇ ਗਿਆਤ ਕਰਵਾਇਆ ਜਾਵੇਗਾ। ਕਮੇਟੀ ਨੇ ਪਿਛਲੇ ਦਿਨੀਂ ਉਪਰੋਕਤ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਇਕ ਮੀਟਿੰਗ ਐਸਐਸਐਸਐਸ ਸਕੂਲ ਕੈਂਪਸ ਵਿਖੇ ਰੱਖੀ ਸੀ, ਪਰ ਇਸ ਕਮੇਟੀ ਨੂੰ ਕੈਂਪਸ ਦੇ ਬਾਹਰ ਮੀਟਿੰਗ ਕਰਨੀ ਪਈ, ਕਿਉਂਕਿ ਸਕੂਲ ਦੇ ਗੇਟਾਂ ਨੂੰ ਤਾਲੇ ਲਗਾ ਦਿਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਕਮੇਟੀ ਦਾ ਮੰਤਵ ਸਿਰਫ਼ ਤੇ ਸਿਰਫ਼ ਗੁਰੂ ਸਾਹਿਬ ਦੀਆਂ ਜ਼ਮੀਨਾਂ ਨੂੰ ਬਚਾਉਣਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕਿਸੇ ਸੰਸਥਾ 'ਤੇ ਕਬਜ਼ਾ ਕਰਨ ਦਾ ਕੋਈ ਮਕਸਦ ਨਹੀਂ।