ਨਿਹੰਗ ਸਿੰਘ ਦੀ ਪੱਗ ਉਤਾਰਨ 'ਤੇ ਸੰਬੰਧਿਤ ਕਰਮਚਾਰੀਆਂ ਨੂੰ ਪੰਜ ਪਿਆਰਿਆਂ ਅੱਗੇ ਪੇਸ਼ ਹੋਣ ਦਾ ਹੁਕਮ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਲਾਪਤਾ ਸਰੂਪ ਦੀ ਭਾਲ ਕਰਦੀ ਟੀਮ ਦੀ ਅਗਵਾਈ ਬੀਬੀ ਜਗੀਰ ਕੌਰ ਨੇ ਲਈ ਆਪਣੇ ਹੱਥ

File Photo

ਅੰਮ੍ਰਿਤਸਰ - ਬੀਤੇ ਦਿਨੀਂ ਸਿੱਖ ਜਥੇਬੰਦੀਆਂ ਵਲੋਂ ਸ਼੍ਰੋਮਣੀ ਕਮੇਟੀ ਦਫ਼ਤਰ ਅੱਗੇ ਦਿੱਤੇ ਜਾ ਰਹੇ ਰੋਸ ਧਰਨੇ ਦੇ ਦੌਰਾਨ ਜਿੱਥੇ ਸ਼੍ਰੋਮਣੀ ਕਮੇਟੀ ਵਲੋਂ ਸਰਾਂ ਵਾਲੇ ਰਸਤਿਆਂ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਟੀਨਾਂ ਦੀਆਂ ਦੀਵਾਰਾਂ ਖੜ੍ਹੀਆਂ ਕਰਕੇ ਸੰਗਤਾਂ ਨੂੰ ਧਰਨਾਕਾਰੀਆਂ ਤੱਕ ਜਾਣ ਤੋਂ ਰੋਕਿਆ ਗਿਆ।

ਉੱਥੇ ਸ਼੍ਰੋਮਣੀ ਕਮੇਟੀ ਦੇ ਕੁੱਝ ਮੁਲਾਜ਼ਮਾਂ ਤੇ ਟਾਸਕ ਫੋਰਸ ਕਰਮਚਾਰੀਆਂ ਵਲੋਂ ਦਿਨ ਦਿਹਾੜੇ ਗੁੰਡਾਗਰਦੀ ਕਰਦਿਆਂ ਗੁਰੂ ਰਾਮਦਾਸ ਸਰਾਂ ਸਾਹਮਣੇ ਰੋਸ ਧਰਨਾ ਦੇ ਰਹੇ ਧਰਨਾਕਾਰੀਆਂ ਦੇ ਕੁਝ ਹਮਾਇਤੀ ਨਿਹੰਗ ਸਿੰਘਾਂ ਸਮੇਤ ਮੀਡੀਆ ਕਰਮੀਆਂ 'ਤੇ ਡਾਂਗਾਂ ਤੇ ਤਲਵਾਰਾਂ ਨਾਲ ਹਮਲਾ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਮੀਡੀਆ ਦੇ ਕੈਮਰੇ ਕੋਹ ਦੀ ਕੋਸ਼ਿਸ਼ ਵੀ ਕੀਤੀ ਗਈ।

ਇਸ ਦੌਰਾਨ ਕੁਝ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਵਲੋਂ ਇੱਕ ਨਿਹੰਗ ਸਿੰਘ ਦੀ ਪੱਗ ਤੱਕ ਉਤਾਰ ਦਿੱਤੀ ਗਈ ਸੀ। ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੰਬੰਧਿਤ ਕਰਮਚਾਰੀਆਂ ਨੂੰ ਪੰਜ ਪਿਆਰਿਆਂ ਅੱਗੇ ਪੇਸ਼ ਹੋਣ ਦਾ ਹੁਕਮ ਸੁਣਾਇਆ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਔਖੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਦੀ ਬਾਂਹ ਫੜੀ ਹੈ। ਜਿਨ੍ਹਾਂ ਸਰੂਪਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਲਾਪਤਾ ਸਰੂਪ ਹਨ ਉਨ੍ਹਾਂ ਦੀ ਭਾਲ ਕਰਦੀ ਟੀਮ ਦੀ ਅਗਵਾਈ ਹੁਣ ਬੀਬੀ ਜਗੀਰ ਕੌਰ ਨੇ ਅਪਣੇ ਹੱਥ ਵਿਚ ਲੈ ਲਈ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਚਾਰਕਾਂ ਦੀ ਇਕ ਟੀਮ ਤਿਆਰ ਕਰ ਕੇ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਭੇਜਣ ਦਾ ਫ਼ੈਸਲਾ ਲਿਆ ਸੀ।

ਇਸ ਕਾਰਜ ਦੀ ਕਮਾਂਡ ਬੀਬੀ ਜਗੀਰ ਕੌਰ ਨੂੰ ਸੌਂਪੀ ਗਈ ਸੀ। ਬੀਬੀ ਜਗੀਰ ਕੌਰ ਨੇ ਕਈ ਥਾਵਾਂ 'ਤੇ ਪ੍ਰਚਾਰਕਾਂ ਨਾਲ ਜਾ ਕੇ ਉਥੇ ਮੌਜੂਦ ਸਰੂਪਾਂ ਬਾਰੇ ਜਾਣਕਾਰੀ ਹਾਸਲ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਹੈ। ਬੀਬੀ ਜਗੀਰ ਕੌਰ ਨੇ ਦਸਿਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ 'ਤੇ ਹੋ ਰਹੀ ਰਾਜਨੀਤੀ ਤੋਂ ਦੁਖੀ ਹਨ।

ਉਨ੍ਹਾਂ ਮਹਿਸੂਸ ਕੀਤਾ ਕਿ ਕੁੱਝ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਵਰਤ ਕੇ ਸਿਆਸਤ ਖੇਡਣ ਵਿਚ ਮਸ਼ਰੂਫ਼ ਹਨ। ਜਦ ਭਾਈ ਲੌਂਗੋਵਾਲ ਨੇ ਪ੍ਰਚਾਰਕਾਂ ਦੀਆਂ ਡਿਊਟੀਆਂ ਲਗਾ ਦਿਤੀਆਂ ਹਨ ਤਾਂ ਉਨ੍ਹਾਂ ਬਤੌਰ ਸਿੱਖ ਫ਼ੈਸਲਾ ਲਿਆ ਕਿ ਉਹ ਖ਼ੁਦ ਵੀ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਪੂਰੀ ਜਾਣਕਾਰੀ ਹਾਸਲ ਕਰਨਗੇ।