Panthak News: ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਉਣ ਸਮੇਂ ਜਥੇਦਾਰ ਦਾ ਫ਼ੈਸਲਾ ਬੜਾ ਪਰਖਣ ਵਾਲਾ ਹੋਵੇਗਾ

ਏਜੰਸੀ

ਪੰਥਕ, ਪੰਥਕ/ਗੁਰਬਾਣੀ

Panthak News: ਜਥੇਦਾਰ ਸਾਰੇ ਦੋਸ਼ ਸੰਗਤ ਵਿਚ ਸੁਣਾਉਣਗੇ ਤੇ ਸੁਖਬੀਰ ਬਾਦਲ ਨੂੰ ‘ਹਾਂ’ ਵਿਚ ਗ਼ੁਨਾਹ ਮੰਨਣੇ ਪੈਣਗੇ

The Jathedar's decision will be a test while sentencing Sukhbir Singh Badal

 

Panthak News:  ਗੁਰੂ ਪੰਥ ਦੀ ਪ੍ਰਮੁੱਖ ਸੰਸਥਾ ਅਕਾਲ ਤਖ਼ਤ ਸਾਹਿਬ, ਸਿੱਖ ਕੌਮ ਦਾ ਸਰਬਉੱਚ ਅਸਥਾਨ ਹੈ। ਮਨੁੱਖ ਗ਼ਲਤੀ ਦਾ ਪੁਤਲਾ ਹੈ। ਇਸ ਮਹਾਨ ਤਖ਼ਤ ਤੇ ਮਹਾਰਾਜਾ ਰਣਜੀਤ ਸਿੰਘ, ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ, ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਧਾਰਮਕ ਸਜ਼ਾ ਲਾਈ ਗਈ ਜੋ ਉਨ੍ਹਾਂ ਖਿੜੇ ਮੱਥੇ ਪ੍ਰਵਾਨ ਕੀਤੀ। ਇੰਨਾ ਨੂੰ ਬਜਰ ਗ਼ੁਨਾਹ ਕਰਨ ਦਾ ਜ਼ੁੰਮੇਵਾਰ ਕਰਾਰ ਦਿਤਾ ਗਿਆ ਸੀ। 

ਪੰਥ ਰਤਨ ਮਾਸਟਰ ਤਾਰਾ ਸਿੰਘ ਵਰਗੀ ਉਚ ਸ਼ਖ਼ਸੀਅਤ ਨੂੰ ਵੀ ਗ਼ਲਤੀ ਕਰਨ ਤੇ ਜੂਠੇ ਭਾਂਡੇ ਸਾਫ਼ ਕਰਨੇ ਪਏ ਸਨ। ਅਕਾਲ ਤਖ਼ਤ ਸਾਹਿਬ ਤੇ ਉਚ ਹੋਰ ਸ਼ਖ਼ਸੀਅਤਾਂ ਵੀ ਵੱਖ-ਵੱਖ ਮਸਲਿਆਂ ’ਤੇ ਪੇਸ਼ ਹੋਏ ਜੋ ਇਕ ਲੰਮਾ ਸਿੱਖ ਇਤਿਹਾਸ ਹੈ। ਵੇਸਵਾ ਮੋਰਾਂ ਦੇ ਮਸਲੇ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਕੋਰੜੇ ਮਾਰਨ, ਉਕਤ ਬੂਟਾ ਸਿੰਘ ਨੂੰ ਦਰਬਾਰ ਸਾਹਿਬ ਤੇ ਫ਼ੌਜੀ ਹਮਲੇ ਅਤੇ ਸੁਰਜੀਤ ਸਿੰਘ ਬਰਨਾਲਾ ਨੂੰ ਬਲੈਕ ਥੰਡਰ, ਸੱਚਖੰਡ ਸ੍ਰੀ ਦਰਬਾਰ ਸਾਹਿਬ ਪੁਲਿਸ ਦਾਖ਼ਲੇ ਆਦਿ ਬਾਰੇ ਸਖ਼ਤ ਸਜ਼ਾਵਾਂ ਦਿਤੀਆਂ ਗਈਆਂ ਜੋ ਸਿੱਖ ਇਤਿਹਾਸ ਦੇ ਪੰਨਿਆਂ ਵਿਚ ਉਕਰੀਆਂ ਪਈਆਂ ਹਨ।

ਹੁਣ ਸੱਭ ਦੀਆਂ ਨਜ਼ਰਾਂ ਤਨਖ਼ਾਹੀਆ ਕਰਾਰ ਸੁਖਬੀਰ ਸਿੰਘ ਬਾਦਲ ਵਲ  ਲੱਗੀਆਂ ਹਨ ਕਿ ਉਸ ਦੇ ਗ਼ੁਨਾਹ  ਵੀ ਬਖ਼ਸ਼ਣਯੋਗ ਨਹੀਂ ਤੇ ਉਹ ਸੰਗੀਨ ਅਪਰਾਧ ਵਿਚ ਵੱਡੀ ਸਜ਼ਾ ਦਾ ਹੱਕਦਾਰ ਹੈ। ਜਥੇਦਾਰਾਂ ਦੀਆਂ ਨਿਯੁਕਤੀਆਂ ਬਾਦਲਾਂ ਵਲੋਂ ਹੋਣ ਕਾਰਨ, ਸੰਗਤ ਨੂੰ ਸ਼ੱਕ ਹੈ ਕਿ ਇਸ  ਮਸਲੇ ਵਿਚ ਨਰਮੀ ਨਾ ਵਰਤੀ ਜਾਵੇ ਭਾਵ ਲਿਹਾਜ ਨੂੰ ਦੂਰ ਰਖਿਆ ਜਾਵੇ। ਇਹ ਵੀ ਚਰਚਾ ਹੈ ਕਿ ਅਕਾਲੀ ਸਾਬਕਾ ਵਜ਼ੀਰ, ਇਸ ਕਾਰਨ ਸੱਦੇ ਗਏ ਤਾਂ ਜੋ ਬਰਾਬਰ ਦੀ ਲੀਕ ਖਿੱਚੀ ਜਾ ਸਕੇ।