ਸੁਖਬੀਰ ਬਾਦਲ ਆਰਐਸਐਸ ਅਤੇ ਭਾਜਪਾ ਨੂੰ ਖੁਸ਼ ਕਰਨ ਲਈ ਸਿੱਖ ਕੌਮ ਨੂੰ ਗੁਮਰਾਹ ਕਰ ਰਿਹੈ : ਜੀਰਾ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਾਮਲਾ ਗੁਰੂ ਨਾਨਕ ਦੇਵ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਸ੍ਰੋਮਨੀ ਕਮੇਟੀ ਵਲੋਂ ਵੱਖਰੀ ਸਟੇਜ ਲਗਾਉਣ ਦਾ

Inderjit Singh Zira

ਜ਼ੀਰਾ : ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਨੂੰ ਸਿੱਖ ਸੰਗਤ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਲਿਖੇ ਇਕ ਪੱਤਰ ਵਿਚ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੁਧ ਕਈ ਗੰਭੀਰ ਦੋਸ਼ ਲਗਾਏ ਹਨ।

ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖੇ ਪੱਤਰ ਵਿਚ ਲਿਖਿਆ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੀ ਸਿੱਖਾਂ ਨੂੰ ਸੇਧ ਦੇਣ ਲਈ ਕੀਤੀ ਸੀ ਅਤੇ ਇਸੇ ਅਕਾਲ ਤਖ਼ਤ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਵੀ ਸੁਣਾਈ ਗਈ, ਪਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਪਣੇ ਆਕਾ ਆਰਐੱਸਐੱਸ ਅਤੇ ਭਾਜਪਾ ਨੂੰ ਖੁਸ਼ ਕਰਨ ਲਈ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਰੰਪਰਾ ਨੂੰ ਢਾਹ ਲਾ ਰਹੇ ਹਨ, ਜਿਸ ਦੇ ਲਈ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਸਮਾਗਮ ਵਿਚ ਸ੍ਰੋਮਨੀ ਕਮੇਟੀ ਵਲੋਂ ਅਪਣੀ ਵੱਖਰੀ ਸਟੇਜ ਲਗਾਉਣ ਦਾ ਫ਼ੈਸਲਾ ਕੀਤਾ ਹੈ।

ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਦੋਸ਼ ਲਗਾਉਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਪੰਜਾਬ ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਸਭ ਸੰਗਤਾਂ ਵਲੋਂ ਇਕੱਠੇ ਮਨਾਉਣ ਦੇ ਸੁਣਾਏ ਗਏ ਹੁਕਮ ਦੀ ਅਦੂਲੀ ਕਰ ਕੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਤੇ ਸ੍ਰੋਮਨੀ ਕਮੇਟੀ ਵਲੋਂ ਵੱਖਰੀ ਸਟੇਜ ਲਗਵਾਉਣ ਕਰ ਕੇ ਸਿੱਖ ਕੌਮ ਦੁਬਿਧਾ ਵਿਚ ਪਾ ਦਿਤਾ ਹੈ। ਜਥੇਦਾਰ ਜੀਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਪ੍ਰਕਾਸ਼ ਪੁਰਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਉਣ ਸਮੇਂ ਵੀ ਸੁਖਬੀਰ ਸਿੰਘ ਬਾਦਲ ਨੇ ਅਪਣੇ ਸਿਆਸੀ ਆਕਾ ਆਰਐੱਸਐੱਸ ਅਤੇ ਭਾਜਪਾ ਨੂੰ ਖੁਸ਼ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨੂੰ ਬਦਲਿਆ ਅਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਵੀ ਅਪਣੇ ਅਹੁਦੇ ਤੋਂ ਹਟਾ ਦਿਤਾ ਸੀ। 

ਜਥੇਦਾਰ ਜੀਰਾ ਨੇ ਕਿਹਾ ਕਿ ਹੁਣ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸ਼ਵ ਨੂੰ ਸਾਰੀ ਸਿੱਖ ਕੌਮ ਵਲੋਂ ਸ਼ਰਧਾ ਭਾਵਨਾ ਨਾਲ ਰਾਜਨੀਤੀ ਤੋਂ ਉੱਪਰ ਉੱਠ ਕੇ ਮਨਾਉਣ ਲਈ ਹੁਕਮਨਾਮਾ ਜਾਰੀ ਕੀਤਾ ਹੈ ਤਾਂ ਸੁਖਬੀਰ ਸਿੰਘ ਬਾਦਲ ਵਲੋਂ ਇਸ ਹੁਕਮਨਾਮੇ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਕਰ ਕੇ ਨਾਨਕ ਨਾਮ ਲੇਵਾ ਸੰਗਤ ਦੇ ਮਨ ਬਹੁਤ ਹੀ ਦੁਖੀ ਹਨ। ਜਥੇਦਾਰ ਜੀਰਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਰ ਕੇ ਨਾਨਕ ਨਾਮ ਲੇਵਾ ਸਿੱਖ ਕੌਮ ਆਪ ਤੋਂ ਆਸ ਕਰਦੀ ਹੈ ਕਿ ਆਪ ਇਨ੍ਹਾਂ ਦੇ ਦਬਾਅ ਵਿਚ ਆ ਕੇ ਅਕਾਲ ਤਖ਼ਤ ਦੀ ਪਰੰਪਰਾ ਨੂੰ ਭੰਗ ਨਹੀਂ ਹੋਣ ਦੇਵੋਗੇ ਜਿਸ ਤਰ੍ਹਾਂ ਕਿ ਪਹਿਲੇ ਜਥੇਦਾਰਾਂ ਨੇ ਇਨ੍ਹਾਂ ਦੇ ਇਸ਼ਾਰੇ ਤੇ ਕੀਤਾ ਸੀ। ਜਥੇਦਾਰ ਇੰਦਰਜੀਤ ਸਿੰਘ ਜੀਰਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਤੁਹਾਡੇ ਹੁਕਮਨਾਮੇ ਤੋਂ ਬਾਅਦ ਵੀ ਜੋ ਇਸ ਮਾਮਲੇ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਹਨ ਉਨ੍ਹਾਂ ਨੂੰ ਤੁਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੁਲਾ ਕੇ ਹੁਕਮਨਾਮਾ ਸੁਣਾਇਆ ਜਾਵੇ ਅਤੇ ਸਿੱਖ ਕੌਮ ਨੂੰ ਇਸ ਗੰਭੀਰ ਦੁਬਿਧਾ ਵਿਚੋਂ ਕੱਢਿਆ ਜਾਵੇ।