ਹਰਿਆਣਾ ਗੁ. ਪ੍ਰਬੰਧਕ ਕਮੇਟੀ ਲਈ ਸੌਦਾ ਸਾਧ ਦੇ ਚੇਲਿਆਂ ਦੀਆਂ ਵੋਟਾਂ ਸਿੱਖਾਂ ਤੋਂ 3 ਗੁਣਾ ਵੱਧ ਬਣ ਰਹੀਆਂ ਹਨ : ਭਾਈ ਮਾਝੀ
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਕਲਾਂ, ਅੰਮ੍ਰਿਤਸਰ ਖੁਰਦ ਅਤੇ ਪ੍ਰਤਾਪ ਨਗਰ ਵਿਚੋਂ ਹੀ 4 ਹਜ਼ਾਰ ਤੋਂ ਵੱਧ ਸਿੱਖ ਵਿਰੋਧੀ ਡੇਰੇਦਾਰਾਂ ਦੇ ਚੇਲਿਆਂ ਦੀਆਂ ਵੋਟਾਂ ਬਣਾਈਆਂ ਗਈਆਂ
ਸੰਗਰੂਰ, 17 ਅਕਤੂਬਰ (ਗੁਰਦਰਸ਼ਨ ਸਿੰਘ ਸਿੱਧੂ) : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸੌਦਾ ਸਾਧ ਦੇ ਚੇਲਿਆਂ ਦੀਆਂ ਵੋਟਾਂ ਸਿੱਖਾਂ ਤੋਂ 3 ਗੁਣਾ ਵੱਧ ਬਣ ਰਹੀਆਂ ਹਨ| ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ ਏ ਖ਼ਾਲਸਾ ਨੇ ਇਹ ਪ੍ਰਗਟਾਵਾ ਕਰਦਿਆਂ ਦਸਿਆ ਕਿ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਤਹਿਸੀਲ ਐਲਣਾਵਾਦ ਦੇ ਪਿੰਡ ਅੰਮ੍ਰਿਤਸਰ ਖੁਰਦ ਦੀਆਂ ਕੁੱਲ 925 ਵੋਟਾਂ ਹਨ, ਜਿਨ੍ਹਾਂ ਵਿਚੋਂ ਹਰਿਆਣਾ ਗੁ. ਪ੍ਰਬੰਧਕ ਕਮੇਟੀ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਿਆਂ ਦੀਆਂ 180 ਵੋਟਾਂ ਬਣੀਆਂ ਹਨ ਜਦੋ ਕਿ ਸੌਦਾ ਸਾਧ ਦੇ ਚੇਲਿਆਂ ਅਤੇ ਸਿੱਖ ਵਿਰੋਧੀਆਂ ਦੀਆਂ 600 ਤੋਂ ਵੱਧ ਵੋਟਾਂ ਬਣ ਗਈਆਂ ਹਨ| ਉਨ੍ਹਾਂ ਕਿਹਾ ਕਿ ਪਿੰਡ ਅੰਮ੍ਰਿਤਸਰ ਕਲਾਂ, ਅੰਮ੍ਰਿਤਸਰ ਖੁਰਦ ਅਤੇ ਪ੍ਰਤਾਪ ਨਗਰ ਵਿਚੋਂ ਹੀ 4 ਹਜ਼ਾਰ ਤੋਂ ਵੱਧ ਸਿੱਖ ਵਿਰੋਧੀ ਡੇਰੇਦਾਰਾਂ ਦੇ ਚੇਲਿਆਂ ਦੀਆਂ ਵੋਟਾਂ ਬਣਾਈਆਂ ਗਈਆਂ ਹਨ|
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕਿ ਤੁਰਤ ਸਾਰੀਆਂ ਵੋਟਾਂ ਰੱਦ ਕਰ ਕੇ ਫਿਰ ਤੋਂ ਵੋਟਾਂ ਬਣਾਈਆਂ ਜਾਣ| ਭਾਈ ਮਾਝੀ ਨੇ ਦਸਿਆ ਕਿ ਹਰਿਆਣਾ ਗੁ. ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੀ ਚੋਣ ਲਈ ਵੋਟਰ ਫ਼ਾਰਮ ਤਕਰੀਬਨ ਮਿਲਦਾ-ਜੁਲਦਾ ਹੈ, ਸਿਰਫ਼ ਇਕ ਹੀ ਅੰਤਰ ਹੈ ਸ਼੍ਰੋਮਣੀ ਕਮੇਟੀ ਦਾ ਵੋਟਰ ਬਣਨ ਲਈ ਘੱਟ ਤੋਂ ਘੱਟ ਉਮਰ 21 ਸਾਲ ਜਦੋਂ ਕਿ ਹਰਿਆਣਾ ਕਮੇਟੀ ਦਾ ਵੋਟਰ ਬਣਨ ਲਈ ਘੱਟ ਤੋਂ ਘੱਟ ਉਮਰ 18 ਸਾਲ ਹੈ| ਉਨ੍ਹਾਂ ਕਿਹਾ ਸਿੱਖ ਕੌਮ ਨੂੰ ਜੋ ਸਮੱਸਿਆ ਹਰਿਆਣਾ ਵਿਚ ਆਈ ਹੈ ਭਵਿੱਖ ਵਿਚ ਇਹ ਸਮੱਸਿਆ ਪੰਜਾਬ ’ਚ ਵੀ ਆ ਸਕਦੀ ਹੈ| ਉਨ੍ਹਾਂ ਕਿਹਾ ਕਿ ਹਰਿਆਣਾ ਗੁ. ਪ੍ਰਬੰਧਕ ਕਮੇਟੀ ਅਤੇ ਸ਼੍ਰੋ. ਕਮੇਟੀ ਦੇ ਵੋਟਰ ਫ਼ਾਰਮਾਂ ਤੇ ਸਿੱਖ ਮਰਿਆਦਾ ਵਿਚ ਅੰਕਿਤ ਸਿੱਖ ਦੀ ਪਰਿਭਾਸ਼ਾ ਨੂੰ ਵੀ ਦਰਜ ਕੀਤਾ ਜਾਵੇ ਤਾਂ ਜੋ ਗੁਰਧਾਮਾਂ ਦਾ ਪ੍ਰਬੰਧ ਸੌਦਾ ਸਾਧ ਦੇ ਚੇਲਿਆਂ ਜਾਂ ਸਿੱਖ ਵਿਰੋਧੀਆਂ ਕੋਲ ਸਿੱਧੇ ਰੂਪ ਵਿਚ ਹੀ ਨਾ ਚਲਾ ਜਾਵੇ| ਉਨ੍ਹਾਂ ਸਮੁੱਚੀ ਕੌਮ ਨੂੰ ਇਕਮੁੱਠ ਹੋ ਕੇ ਇਸ ਮਸਲੇ ’ਤੇ ਡਟ ਕੇ ਆਵਾਜ਼ ਬੁਲੰਦ ਕਰਨ ਲਈ ਬੇਨਤੀ ਵੀ ਕੀਤੀ|
ਫੋਟੋ-੧੭ SN7-੦੩ 2