ਗੁਰੂ-ਸਾਹਿਬਾਨ ਤੇ ਬਾਣੀਕਾਰ ਭਗਤ-ਜਨਾਂ ਦੇ ਬੁੱਤ ਬਣਾਉਣੇ ਗੁਰੂ ਦੇ ਗੁਨਾਹਗਾਰ ਹੋਣਾ ਹੈ : ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦੋਸ਼! ਸਿੱਖ ਵਿਰੋਧੀ ਤਾਕਤਾਂ ਵਲੋਂ ਸਿੱਖਾਂ ਨੂੰ ਨਾਗਵੇਲ ਵਿਚ ਲਪੇਟਣ ਦੀ ਤਿਆਰੀ

Jagtar Singh Jachak

ਕੋਟਕਪੂਰਾ, 17 ਅਕਤੂਬਰ (ਗੁਰਿੰਦਰ ਸਿੰਘ) : ਦੇਸ਼ ਦੀ ਮੌਜੂਦਾ ਹਕੂਮਤ ਉਨ੍ਹਾਂ ਲੋਕਾਂ ਦੇ ਹੱਥ ਵਿਚ ਹੈ, ਜੋ ਬੁੱਤਪ੍ਰਸਤੀ ਵਿਚ ਵਿਸ਼ਵਾਸ਼ ਰੱਖਦੇ ਹਨ| ਉਨ੍ਹਾਂ ਦਾ ਨਿਸ਼ਾਨਾ ਬਿਪਰਵਾਦੀ ਰਾਸ਼ਟਰ ਸਥਾਪਤ ਕਰਨਾ ਹੈ, ਜਿਸ ਨੂੰ ਉਹ ਹਿੰਦੂ ਰਾਸ਼ਟਰ ਕਹਿ ਕੇ ਉਨ੍ਹਾਂ ਦੁਆਰਾ ਹੀ ਹਰ ਪੱਖੋਂ ਦਲੇ-ਮਲੇ (ਦਲਿਤ) ਲੋਕਾਂ ਸਮੇਤ ਸਮੂਹ ਘੱਟ-ਗਿਣਤੀ ਕੌਮਾਂ ਨੂੰ ਅਪਣੇ ਨਾਗਵੇਲ ਵਿਚ ਲਪੇਟ ਰਹੇ ਹਨ| ਇਹੀ ਕਾਰਨ ਹੈ ਕਿ ਗੁਰੂ ਸਾਹਿਬਾਨ ਦੀ ਕਲਪਤ ਤਸਵੀਰਾਂ ਉਪਰੰਤ ਉਨ੍ਹਾਂ ਦੇ ਛੋਟੇ-ਛੋਟੇ ਬੁੱਤ ਬਣਾ ਕੇ ਮਾਰਕੀਟ ’ਚ ਭੇਜੇ, ਫਿਰ ਬਾਣੀਕਾਰ ਭਗਤ-ਜਨਾਂ ਦੀ ਅਜਿਹੀਆਂ ਤਸਵੀਰਾਂ ਗੂਗਲ ’ਤੇ ਪਵਾਈਆਂ, ਜਿਨ੍ਹਾਂ ’ਚ ਭਗਤ ਕਬੀਰ ਜੀ ਸਮੇਤ ਬ੍ਰਾਹਮਣ ਜਾਤੀ ’ਚੋਂ ਬਾਗ਼ੀ ਹੋਏ ਭਗਤ-ਜਨਾਂ ਦੀਆਂ ਘੋਨ-ਮੋਨ ਕਲਪਤ ਤਸਵੀਰਾਂ ਘੜੀਆਂ| ਹੁਣ ਸੋਸ਼ਲ-ਮੀਡੀਆ ’ਤੇ ਸਿੱਖ ਸਰੂਪ ਵਾਲੇ ਕਿਸੇ ਅਗਿਆਨੀ ਕਲਾਕਾਰ ਪਾਸੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰ ਭਗਤਾਂ ਦੇ ਬੁੱਤ ਬਣਵਾਏ ਜਾ ਰਹੇ ਹਨ, ਜੋ ਛੇਤੀ ਹੀ ਮਾਰਕੀਟ ਵਿਚ ਪਹੁੰਚ ਜਾਣਗੇ| ਚੰਗਾ ਹੋਵੇ ਜੇ ਸਾਡੀਆਂ ਪ੍ਰਮੱੁਖ ਸਿੱਖ ਸੰਸਥਾਵਾਂ ਹੋਰ ਸਿੰਘ ਸਭਾਵਾਂ ਉਸ ਨੌਜਵਾਨ ਨੂੰ ਸਮਝਾ ਕੇ ਇਸ ਪੱਖੋਂ ਰੋਕਣ, ਕਿਉਂਕਿ ਅਜਿਹਾ ਵਰਤਾਰਾ ਗੁਰੂ-ਸਾਹਿਬਾਨ ਤੇ ਭਗਤ-ਜਨਾਂ ਦੇ ਵਿੱਢੇ ਸੰਘਰਸ਼ ਤੇ ਉਨ੍ਹਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਵਿਰੁਧ ਹੈ| 

ਇਹ ਵਿਚਾਰ ਹਨ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨੇ ‘ਰੋਜ਼ਾਨਾ ਸਪੋਕਸਮੈਨ’ ਨਾਲ ਸਾਂਝੇ ਕਰਦਿਆਂ ਦਸਿਆ ਕਿ ਜਦੋਂ ਕਿਸੇ ਪੱਤਰਕਾਰ ਨੇ ਭਗਤਾਂ ਦੇ ਬੁੱਤ ਵੇਖੇ ਤੇ ਕਲਾਕਾਰ ਨੌਜਵਾਨ ਨੂੰ ਕੁੱਝ ਸੁਆਲ ਕੀਤੇ ਤਾਂ ਜਵਾਬ ’ਚ ਉਹ ਕਹਿੰਦਾ ਹੈ ਕਿ ਸਿੱਖ ਨੌਜਵਾਨੀ ਨੂੰ ਉਨ੍ਹਾਂ ਚਿਹਰਿਆਂ ਦੀ ਪਛਾਣ ਕਰਵਾਉਣੀ ਚਾਹੁੰਦਾ ਹਾਂ, ਜਿੰਨ੍ਹਾਂ ਨੂੰ ਇਹ ਜਾਣਕਾਰੀ ਵੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਵਿਖੇ ਕਿੰਨੇ ਤੇ ਕਿਹੜੇ ਭਗਤਾਂ ਦੀ ਬਾਣੀ ਦਰਜ ਹੈ| ਉਸ ਵੀਰ ਨੂੰ ਸਮਝਾਉਣ ਦੀ ਲੋੜ ਹੈ ਕਿ ਭਗਤਾਂ ਦੇ ਕਲਪਤ ਤੇ ਘੋਨ-ਮੋਨ ਚਿਹਰੇ ਵਿਖਾਉਣ ਦੀ ਲੋੜ ਨਹੀਂ, ਲੋੜ ਹੈ ਉਨ੍ਹਾਂ ਦੀ ਬਾਣੀ ਵਿਚਲੀ ਕ੍ਰਾਂਤੀਕਾਰੀ ਵਿਚਾਰਧਾਰਾ ਸਮਝਾਉਣ ਦੀ| 

ਬ੍ਰਾਹਮਣਾਂ ਨੇ ਚਲਾਕੀ ਨਾਲ ਲੋਕਾਈ ਨੂੰ ਬੁੱਤ-ਪੂਜਾ ਵਿਚ ਲਿਆ ਕੇ ਜਿਥੇ ਲੋਕਾਂ ਦੀ ਮਾਇਕ ਲੁੱਟ-ਘਸੁੱਟ ਕੀਤੀ, ਉਥੇ ਗ੍ਰੰਥਕ-ਵਿਚਾਰਧਾਰਾ ਨਾਲੋਂ ਤੋੜਿਆ| ਇਸ ਦਾ ਹੀ ਨਾਂ ਬਿਪਰਵਾਦ ਹੈ| ਬਾਈਧਾਰ ਦੇ ਰਾਜੇ ਬੁੱਤ-ਪ੍ਰਸਤ ਸਨ ਅਤੇ ਖ਼ਾਲਸੇ ਦੇ ਸੁਆਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੁੱਤ-ਪੂਜਾ ਦੇ ਖ਼ਿਲਾਫ਼ ਸਨ| ਜ਼ਫ਼ਰਨਾਮੇ ਮੁਤਾਬਕ ਇਹੀ ਵੱਡਾ ਕਾਰਨ ਸੀ ਪਹਾੜੀ ਰਾਜਿਆਂ ਦੀ ਵਿਰੋਧਤਾ ਦਾ| ਹੈਰਾਨੀ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਬਾਣੀਕਾਰਾਂ ਨੇ ਬੁੱਤ-ਪੂਜਾ ਦੀ ਵਿਰੋਧਤਾ ਕੀਤੀ ਹੈ, ਉਨ੍ਹਾਂ ਦੇ ਹੀ ਬੁੱਤ ਬਣਾਏ ਜਾ ਰਹੇ ਹਨ, ਜਿਨ੍ਹਾਂ ਨੂੰ ਛੇਤੀ ਹੀ ਪੂਜਾ ਲਈ ਘਰਾਂ ਤੇ ਦੁਕਾਨਾਂ ਦੇ ਥਾਲਾਂ ’ਚ ਸਜਾ ਦਿਤਾ ਜਾਵੇਗਾ| ਸ਼੍ਰੀ ਗੁਰੂ ਗ੍ਰੰਥ ਸਾਹਿਬ ’ਚ ਅਜਿਹੇ ਕਿਸੇ ਭਗਤ ਦੀ ਬਾਣੀ ਦਰਜ ਨਹੀਂ, ਜਿਹੜਾ ਰੱਬੀ ਹੁਕਮ ਦੀ ਉਲੰਘਣਾ ਕਰ ਕੇ ਰੱਬ ਦੀ ਬਣਾਈ ਸਾਬਤ-ਸੂਰਤ ਨੂੰ ਭੰਨ ਕੇ ਬੇਈਮਾਨ ਬਣੇ ਪਰ ਅਜਿਹਾ ਹੋਣ ਦੇ ਬਾਵਜੂਦ ਵੀ ਭਗਤਾਂ ਨੂੰ ਘੋਨ-ਮੋਨ ਵਿਖਾ ਕੇ ਗੁਰੂ ਗ੍ਰੰਥ ਸਾਹਿਬ ਦੇ ਉਪਾਸਕ ਸ਼ਰਧਾਲੂਆਂ ਨੂੰ ਕੇਸ ਕਤਲ ਕਰਾਉਣ ਲਈ ਉਤਸ਼ਾਹਤ ਕੀਤਾ ਜਾ ਰਿਹਾ| ਇਸ ਲਈ ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਵਰਤਾਰੇ ਨੂੰ ਬਿਨਾਂ ਦੇਰੀ ਤੋਂ ਰੋਕਣ, ਕਿਉਂਕਿ ਗੱਲ ਸਹੇ ਦੀ ਨਹੀਂ, ਪਹੇ ਦੀ ਹੈ|
ਫੋਟੋ :- ਕੇ.ਕੇ.ਪੀ.-ਗੁਰਿੰਦਰ-17-1ਏ
ਕੈਪਸ਼ਨ :- ਸਿੱਖਾਂ ਸਮੇਤ ਘੱਟ ਗਿਣਤੀਆਂ ਨੂੰ ਬੁੱਤ-ਪ੍ਰਸਤੀ ’ਚ ਉਲਝਾਉਣ ਦੀਆਂ ਸਾਜਿਸ਼ਾਂ ਬਾਰੇ ਜਾਣਕਾਰੀ ਦਿੰਦਾ ਹੋਇਆ ਸਿੱਖ ਨੌਜਵਾਨ|