SGPC ਨੂੰ ਤੋੜ ਕੇ ਗੁਰਦਵਾਰਾ ਸਾਹਿਬਾਨ ਦਾ ਪ੍ਰਬੰਧ ਟਰੱਸਟਾਂ ਨੂੰ ਸੌਂਪਣਾ ਚਾਹੁੰਦੀ ਹੈ ਕੇਂਦਰ-ਜਥੇਦਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ੍ਰੋਮਣੀ ਕਮੇਟੀ ਦੇ 100ਵੇਂ ਸਥਾਪਨਾ ਦਿਵਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਦਾ ਬਿਆਨ

Giani Harpreet Singh

ਅੰਮ੍ਰਿਤਸਰ: ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਸਿੱਖਾਂ ਦੀ ਹਮਦਰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਜਨਮ ਤੋਂ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਨੇ ਗੁਰਬਾਣੀ, ਨਿਤਨੇਮ, ਇਤਿਹਾਸ, ਸੰਪਰਦਾਵਾਂ, ਸੰਸਥਾਵਾਂ, ਅੰਮ੍ਰਿਤ ਅਤੇ ਸਿੱਖ ਸਿਧਾਂਤਾਂ ਨੂੰ ਚੁਣੌਤੀ ਦੇਣ ਵਾਲੇ ਲੋਕਾਂ ਤੋਂ ਸੰਗਤ ਨੂੰ ਸੁਚੇਤ ਕੀਤਾ। ਉਹਨਾਂ ਆਖਿਆ ਕਿ ਅੱਜ ਅਜਿਹੀਆਂ ਸ਼ਕਤੀਆਂ ਦਾ ਸਾਂਝੇ ਯਤਨਾਂ ਨਾਲ ਮੁਕਾਬਲਾ ਕਰਨਾ ਜ਼ਰੂਰੀ ਹੈ। 

ਸ਼੍ਰੋਮਣੀ ਅਕਾਲੀ ਦਲ ਨੂੰ ਮੁਖ਼ਾਤਬ ਹੁੰਦਿਆਂ ਉਨ੍ਹਾਂ ਕਿਹਾ ਕਿ ਇਹ ਵੀ ਅਪਣੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਹੁੰਦਿਆਂ ਪਿੰਡ ਪੱਧਰ ਤੋਂ ਅਪਣੇ ਪੰਥਕ ਸਫ਼ਰ ਦਾ ਨਵਾਂ ਅਧਿਆਇ ਸ਼ੁਰੂ ਕਰੇ। ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਸਥਾ ਸ੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਅਜਿਹੀਆਂ ਸ਼ਕਤੀਆਂ ਦੇ ਮੁਕਾਬਲੇ ਲਈ ਸਮੁੱਚਾ ਪੰਥ ਇਕਜੁਟ ਹੋਵੇ।

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ  ਸ਼੍ਰੋਮਣੀ ਕਮੇਟੀ ਨੂੰ ਅੱਜ ਉਸੇ ਤਰੀਕੇ ਦੀਆਂ ਚੁਣੌਤੀਆਂ ਦਰਪੇਸ਼ ਹਨ ਜੋ 1984 ਵਿਚ ਸਨ।  ਉਨ੍ਹਾਂ ਕਿਹਾ ਕਿ ਉਸ ਵੇਲੇ ਕਾਂਗਰਸ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਚਾਹੁੰਦੀ ਸੀ ਪਰ ਇਸ ਦੇ ਚੌਕਸ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਹ ਸਾਜ਼ਸ਼ ਸਫ਼ਲ ਨਹੀਂ ਹੋਣ ਦਿਤੀ। 

ਹੁਣ ਵੀ ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਸਾਰੇ ਗੁਰਦਵਾਰਾ ਸਾਹਿਬਾਨ ਦਾ ਪ੍ਰਬੰਧ ਉਸ ਦੇ ਕੰਟਰੋਲ ਵਾਲੇ ਟਰੱਸਟਾਂ ਨੂੰ ਸੌਂਪਣਾ ਚਾਹੁੰਦੀ ਹੈ ਜਿਵੇਂ ਉਹ ਮੰਦਰਾਂ ਦਾ ਸੰਭਾਲ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਤਾਂ ਇਕ ਰਾਜ ਵਿਚ ਅਪਣੇ ਆਪ ਵਿਚ ਰਾਜ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਮੌਕੇ ਕੀਤੇ ਗਏ ਪੰਥਕ ਸਮਾਗਮ ਦੌਰਾਨ 11 ਅਹਿਮ ਮਤੇ ਪਾਸ ਕੀਤੇ ਗਏ।