Panthak News: ਅਕਾਲੀ ਦਲ ਦੀ ਅੱਜ ਹੋਣ ਵਾਲੀ ਮੀਟਿੰਗ ’ਤੇ ਸੱਭ ਨਜ਼ਰਾਂ ਟਿਕੀਆਂ

ਏਜੰਸੀ

ਪੰਥਕ, ਪੰਥਕ/ਗੁਰਬਾਣੀ

Panthak News: ਸੁਖਬੀਰ ਦੇ ਅਸਤੀਫ਼ੇ ਬਾਰੇ ਹੋਣਾ ਹੈ ਫ਼ੈਸਲਾ, ਪੰਥਕ ਹਲਕਿਆਂ ਵੱਡੀ ਹਿਲਜੁਲ

All eyes are on the Akali Dal meeting to be held today

 

 

Panthak News: ਸ਼੍ਰੋਮਣੀ ਅਕਾਲੀ ਦਲ ਦੀ 18 ਨਵੰਬਰ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਬੈਠਕ ਉਪਰ ਹੁਣ ਸੱਭ ਨਜ਼ਰਾਂ ਟਿਕੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਤੋਂ ਤਨਖ਼ਾਹੀਆ ਐਲਾਨੇ ਹੋਣ ਕਾਰਨ ਮੁਸ਼ਕਲਾਂ ਵਿਚ ਘਿਰੇ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੀਤੇ ਦਿਨ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਇਸ ਅਸਤੀਫ਼ੇ ਬਾਅਦ ਪੰਥਕ  ਹਲਕਿਆਂ ਵਿਚ ਵੱਡੀ ਹਿਲਜੁਲ ਹੈ।

ਸੁਖਬੀਰ ਤੋਂ ਅਸਤੀਫ਼ੇ ਦੀ ਮੰਗ ਭਾਵੇਂ ਕਾਫ਼ੀ ਦਿਨਾਂ ਤੋਂ ਜ਼ੋਰ ਫੜ ਰਹੀ ਸੀ ਪਰ ਉਨ੍ਹਾਂ ਅਕਾਲ ਤਖ਼ਤ ਉਪਰ ਪੇਸ਼ ਹੋ ਕੇ ਤਨਖ਼ਾਹ ਲਾਉਣ ਬਾਰੇ ਜਲਦੀ ਫ਼ੈਸਲਾ ਕਰਨ ਦੀ ਜਥੇਦਾਰ ਨੂੰ ਬੇਨਤੀ ਕਰਨ ਬਾਅਦ ਫ਼ੈਸਲਾ ਸੁਣਾਏ ਜਾਣ ਤੋਂ ਪਹਿਲਾਂ ਅਚਾਨਕ ਅਸਤੀਫ਼ਾ ਦੇਣ ਦੀ ਨਵੀਂ ਚਾਲ ਚਲੀ ਹੈ। ਇਸ ਤੋਂ ਬਾਅਦ ਪਾਰਟੀ ਦੀ ਵਰਕਿੰਗ ਕਮੇਟੀ ਦੀ ਪਾਰਟੀ ਦੀ ਕਾਰਜਕਾਰਨੀ ਦੀ ਮੀਟਿੰਗ 18 ਨਵੰਬਰ ਨੂੰ ਸੱਦੀ ਹੈ। ਇਸ ਮੀਟਿੰਗ ਵਿਚ ਅਸਤੀਫ਼ਾ ਮੰਜ਼ੂਰ ਕਰਨ ਵਾਲੇ ਫ਼ੈਸਲਾ ਹੋਣਾ ਹੈ।

ਪੰਥਕ ਜਥੇਬੰਦੀਆਂ ਤੇ ਬਾਗ਼ੀ ਅਕਾਲੀ ਧੜੇ ਦੇ ਆਗੂ ਚਾਹੁੰਦੇ ਹਨ ਕਿ ਅਸਤੀਫ਼ਾ ਤੁਰਤ ਮੰਜ਼ੂਰ ਹੋਣਾ ਚਾਹੀਦਾ ਹੈ ਅਤੇ ਹੇਠਲੇ ਪੱਧਰ ਤੋਂ ਨਵੀਂ ਮੈਂਬਰਸ਼ਿਪ ਸ਼ੁਰੂ ਕਰ ਕੇ ਨਵੀਂ ਚੋਣ ਹੋਣੀ ਚਾਹੀਦੀ ਹੈ। ਦੇਖਣ ਵਾਲੀ ਗੱਲ ਹੋਵੇਗੀ ਕਿ ਵਰਕਿੰਗ ਕਮੇਟੀ ਅਸਤੀਫ਼ੇ ਬਾਰੇ ਕੀ ਫ਼ੈਸਲਾ ਲੈਂਦੀ ਹੈ। ਸੁਖਬੀਰ ਦੇ ਅਸਤੀਫ਼ੇ ਬਾਅਦ ਹੁਣ ਪੰਥਕਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਅਕਾਲ ਤਖ਼ਤ ਹੁਣ ਸਾਰੇ ਧੜਿਆਂ ਤੋਂ ਅਸਤੀਫ਼ੇ ਲੈ ਕੇ ਕੋਈ ਨਵਾਂ ਫ਼ੁਰਮਾਨ ਸੁਣਾ ਸਕਦਾ ਹੈ।

 ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਚਰਚਾ ਦਾ ਵਿਸ਼ਾ ਬਣਿਆ ਹੈ। ਕੁੱਝ ਸਿਆਸਤਦਾਨ ਇਸ ਅਸਤੀਫ਼ੇ ਨੂੰ ਡਰਾਮਾ ਕਰਾਰ ਦੇਣ ਤੋਂ ਇਲਾਵਾ, ਕਿਸੇ ਸਾਜ਼ਸ਼ ਨਾਲ ਜੋੜ ਕੇ ਵੇਖ ਰਹੇ ਹਨ। ਅਸਤੀਫ਼ੇ ਦੀ ਪ੍ਰਵਾਨਗੀ ਜਾਂ ਰੱਦ ਕਰਨ ਲਈ ਅੱਜ ਵਰਕਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਹੋ ਰਹੀ ਹੈ। ਇਹ ਵੀ ਚਰਚਾ ਹੈ ਕਿ ਭਾਜਪਾ ਹਾਈ ਕਮਾਂਡ ਨਾਲ ਅਕਾਲੀ ਦਲ ਦੀ ਉਚ ਪਧਰੀ ਬੈਠਕ ਬਾਅਦ ਸੁਖਬੀਰ ਸਿੰਘ ਬਾਦਲ ਨੇ ਅਸਤੀਫ਼ਾ ਦਿਤਾ ਹੈ ਕਿ ਅਮਿਤ ਸ਼ਾਹ ਚਾਹੁੰਦੇ ਸਨ ਕਿ ਸੁਖਬੀਰ ਪਹਿਲਾਂ ਪ੍ਰਧਾਨਗੀ ਛੱਡੇ ਫਿਰ ਗਠਜੋੜ ਬਾਰੇ ਗੱਲਬਾਤ ਸੰਭਵ ਹੋ ਸਕੇਗੀ। ਅਸਤੀਫ਼ੇ ਦੀ ਘਟਨਾ ਨੇ ਪੰਜਾਬ ਦਾ ਰਾਜਸੀ ਦ੍ਰਿਸ਼ ਹੀ ਬਦਲ ਦਿਤਾ ਹੈ। ਸਿੱਖ ਪੰਥ ਦੇ ਕੱੁਝ ਨੇਤਾਵਾਂ ਨੇ ਮੌਜੂਦਾ ਸਥਿਤੀ ਤੋਂ ਸੁਚੇਤ ਰਹਿਣ ਦੀ ਗੱਲ ਕੀਤੀ ਹੈ। ਦੂਸਰੇ ਪਾਸੇ ਸ੍ਰੀ ਅਕਾਲ ਤਖ਼ਤ ਸਹਿਬ ਦੇ ਜਥੇਦਾਰ ਦੀ ਅਗਵਾਈ ਹੇਠ ਸਿੰਘ ਸਾਹਿਬਾਨ ਨੇ ਸੁਖਬੀਰ ਬਾਦਲ ਨੂੰ ਬੜੀ ਫੁਰਤੀ ਨਾਲ ਤਨਖ਼ਾਹੀਆ ਕਰਾਰ ਦਿਤਾ ਸੀ ਪਰ ਸਜ਼ਾ ਸੁਣਾਉਣ ਵਿਚ ਦੇਰੀ ਹੋਣ ਨਾਲ ਮਸਲਾ ਦਿਨ ਬ ਦਿਨ ਉਲਝਦਾ ਜਾ ਰਿਹਾ ਹੈ। ਸਿੱਖ ਪੰਥ ਤੇ ਸੰਗਤ ਬੜੀ ਉਤਸੁਕਤਾ ਨਾਲ ਉਡੀਕ ਰਹੀ ਹੈ ਜਥੇਦਾਰਾਂ ਦੇ ਫ਼ੈਸਲੇ ਦੀ ਘੜੀ ਨੂੰ। 

 

ਰਾਜ ਵਾਂਗ ਹੋਣ ਕਰ ਕੇ ਸਰਕਾਰਾਂ ਨੂੰ ਰੜਕਦੀ ਹੈ ਸ਼੍ਰੋਮਣੀ ਕਮੇਟੀ : ਐਡਵੋਕੇਟ ਧਾਮੀ

ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 104 ਸਾਲਾ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਸਿੱਖ ਸੰਸਥਾ ਨੇ ਇਕ ਸਦੀ ਤੋਂ ਵੱਧ ਦੇ ਅਪਣੇ ਸ਼ਾਨਾਮਤੇ ਸਫ਼ਰ ਦੌਰਾਨ ਜਿਥੇ ਗੁਰਦੁਆਰਾ ਪ੍ਰਬੰਧਾਂ ਨੂੰ ਪੰਥਕ ਭਾਵਨਾ ਅਨੁਸਾਰ ਚਲਾਇਆ ਹੈ, ਉਥੇ ਹੀ ਸਿੱਖੀ ਪ੍ਰਚਾਰ ਅਤੇ ਸਿੱਖ ਸਰੋਕਾਰਾਂ ਦੀ ਪਹਿਰੇਦਾਰੀ ਲਈ ਵੀ ਹਮੇਸ਼ਾ ਮੋਹਰੀ ਰੋਲ ਨਿਭਾਇਆ।

ਸਿੱਖਾਂ ਦੀ ਅੱਡਰੀ ਹੋਂਦ ਹਸਤੀ ਨੂੰ ਉਭਾਰਨ ਲਈ ਸ਼੍ਰੋਮਣੀ ਕਮੇਟੀ ਨੇ ਸਰਗਰਮ ਰਹਿੰਦਿਆਂ ਸਦਾ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ। ਇਸੇ ਦਾ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਰਾਜ ਅੰਦਰ ਰਾਜ ਵਾਂਗ ਹੁੰਦਿਆਂ ਹਮੇਸ਼ਾ ਸਰਕਾਰਾਂ ਨੂੰ ਰੜਕਦੀ ਰਹੀ ਹੈ।

ਅਖੌਤੀ  ਮਹੰਤਾਂ ਪਾਸੋਂ ਪਾਵਨ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਲਈ ਵੱਡੀਆਂ ਕੁਰਬਾਨੀਆਂ ਨਾਲ ਹੋਂਦ ’ਚ ਆਈ ਸਿੱਖ ਸੰਸਥਾ ਦੇ ਵਜੂਦ ਨੂੰ ਢਾਅ ਲਗਾਉਣ ਲਈ ਅੱਜ ਲਗਾਤਾਰ ਕੋਝੇ ਯਤਨ ਹੋ ਰਹੇ ਹਨ। ਸਰਕਾਰਾਂ ਵਲੋਂ ਇਸ ਦੇ ਖੇਤਰ ਨੂੰ ਲਗਾਤਾਰ ਸੀਮਤ ਕਰਨ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ।

ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਅਸਿੱਧੇ ਤੌਰ ’ਤੇ ਸਰਕਾਰਾਂ ਵਲੋਂ ਅਪਣੇ ਹੱਥਾਂ ਵਿਚ ਲੈਣ ਤੋਂ ਬਾਅਦ ਹੁਣ ਉਨ੍ਹਾਂ ਦੀ ਮਨਸ਼ਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਨੂੰ ਹਥਿਆਉਣ ਦੀ ਹੈ।

ਉਨ੍ਹਾਂ ਪੰਥ ਵਿਰੋਧੀ ਤਾਕਤਾਂ ਦੇ ਟਾਕਰੇ ਲਈ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕਜੁਟ ਹੋਣ ਦੀ ਅਪੀਲ ਕੀਤੀ ਅਤੇ ਵਚਨਬਧਤਾ ਪ੍ਰਗਟਾਈ ਕਿ ਸ਼੍ਰੋਮਣੀ ਕਮੇਟੀ ਆਪਣੇ ਇਤਿਹਾਸ, ਰਵਾਇਤਾਂ ਅਤੇ ਕਾਰਜਾਂ ਦੀ ਸੇਧ ਵਿਚ ਸਿੱਖੀ ਦੀ ਚੜ੍ਹਦੀ ਕਲਾ ਲਈ ਸਦਾ ਤਤਪਰ ਰਹੇਗੀ।