ਸ਼੍ਰੋਮਣੀ ਅਕਾਲੀ ਦਲ ਦੀ ਪਤਲੀ ਹਾਲਤ ਦਾ ਮੁੱਖ ਕਾਰਨ ਧਰਮੀ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਅਣਡਿੱਠ ਕਰਨਾ
ਅੱਜ ਦੀ ਮੀਟਿੰਗ ਦੌਰਾਨ ਜੂਨ 1984 ਦੇ ਫ਼ੌਜੀ ਹਮਲੇ ਤੇ ਪੀੜਤਾਂ 'ਤੇ ਵੀ ਵਿਚਾਰ ਹੋਵੇ: ਧਰਮੀ ਫ਼ੌਜੀ
ਧਾਰੀਵਾਲ : ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪ੍ਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਸਿੱਖ ਧਰਮ ਅਤੇ ਸਿੱਖ ਕੌਮ ’ਤੇ ਸੱਭ ਤੋਂ ਵੱਡਾ ਹਮਲਾ 1984 ਦੌਰਾਨ ਫ਼ੌਜੀ ਹਮਲਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕੀਤਾ ਜਿਸ ਦੌਰਾਨ ਨਿਰਦੋਸ਼ ਹਜ਼ਾਰਾਂ ਸੰਗਤਾਂ ਪ੍ਰਕਰਮਾ ਅਤੇ ਸ੍ਰੀ ਦਰਬਾਰ ਸਾਹਿਬ ਵਿਚ ਮਾਰੀਆਂ ਗਈਆਂ ਜਿਸ ਦੇ ਰੋਸ ਵਜੋਂ ਸਿੱਖ ਧਰਮੀ ਫ਼ੌਜੀਆਂ ਨੇ ਬੈਂਰਕਾਂ ਛੱਡ ਸ੍ਰੀ ਅਕਾਲ ਤਖ਼ਤ ਸਾਹਿਬ ਫ਼ੌਜ ਤੋਂ ਆਜ਼ਾਦ ਕਰਵਾਉਣ ਲਈ ਸ੍ਰੀ ਅੰਮ੍ਰਿਤਸਰ ਵਲ ਕੂਚ ਕੀਤਾ ਜਿਸ ਦੌਰਾਨ ਧਰਮੀ ਫ਼ੌਜੀਆਂ ਦਾ ਅਤੇ ਉਨ੍ਹਾਂ ਦੇ ਪ੍ਰਵਾਰਾਂ ਦਾ ਭਾਰੀ ਨੁਕਸਾਨ ਹੋਇਆ। ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਕਿਹਾ ਕਿ ਜੂਨ 1984 ਦਾ ਫ਼ੌਜੀ ਹਮਲਾ ਕਾਂਗਰਸ ਪਾਰਟੀ ਨੇ ਕੀਤਾ।
ਭਾਜਪਾ, ਸ਼੍ਰੋਮਣੀ ਅਕਾਲੀ ਦਲ ਨੇ ਹਮਾਇਤ ਕੀਤੀ ਜਦਕਿ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦੇ 40 ਸਾਲ ਬੀਤ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਰਮੀ ਫ਼ੌਜੀਆਂ ਨੂੰ ਕੋਈ ਖ਼ਾਸ ਇਨਸਾਫ਼ ਦੇਣ ਵਿਚ ਨਾਕਾਮ ਰਹੀ ਜਦਕਿ ਜੂਨ 1984 ਦੇ ਹਮਲੇ ਨੂੰ ਅਤਿਵਾਦ ਨਾਲ ਜੋੜ ਕੇ ਬਦਨਾਮ ਕੀਤਾ ਗਿਆ ਅਤੇ ਸਿੱਖ ਯੋਧਿਆਂ ਨੂੰ ਬੰਦੀ ਸਿੰਘ ਬਣਾ ਦਿਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਵਿਚ ਰਹਿੰਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕਦੇ ਕੋਈ ਯਤਨ ਨਹੀਂ ਕੀਤਾ। ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਸ਼੍ਰੋਮਣੀ ਕਮੇਟੀ ਸਮੇਤ ਹੋਰ ਧਾਰਮਕ ਸ਼ਖ਼ਸੀਅਤਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਧਾਰਮਕ ਪ੍ਰੋਗਰਾਮ ਹੋਣ ਤਾਂ ਉਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਢਹਿ-ਢੇਰੀ ਹੋਣ ਦੇ ਬੈਨਰ ਲਗਾਏ ਜਾਣ ਅਤੇ ਪ੍ਰੋਗਰਾਮ ਦੌਰਾਨ ਸਟੇਜਾਂ ਤੇ ਢਾਡੀ-ਰਾਗੀ, ਕਥਾਵਾਚਕ, ਅਕਾਲੀ ਦਲ ਅਤੇ ਐਸ.ਜੀ.ਪੀ.ਸੀ. ਜ਼ਰੂਰ 5 ਮਿੰਟ ਜੂਨ 1984 ਦੇ ਫ਼ੌਜੀ ਹਮਲੇ ਦਾ ਜ਼ਿਕਰ ਕਰਨ ਤਾਂ ਜੋ ਸਿੱਖ ਨੌਜਵਾਨਾਂ ਨੂੰ ਗਿਆਨ ਹੋਵੇ ਕਿ ਸਿੱਖ ਕੌਮ ਉਪਰ ਸਮੇਂ ਸਮੇਂ ਤੇ ਕਿਵੇਂ ਤਸ਼ੱਦਦ ਹੁੰਦੇ ਹਨ।
ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਹੋਣ ਜਾ ਰਹੀ ਮੀਟਿੰਗ ਸਬੰਧੀ ਅਪਣੇ ਵਿਚਾਰ ਪੇਸ਼ ਕਰਦੇ ਹੋਏ ਦਸਿਆ ਕਿ ਜੂਨ 1984 ਦੇ ਫ਼ੌਜੀ ਹਮਲੇ ਦਾ ਇਨਸਾਫ਼ ਨਾ ਕਰਨ, ਧਰਮੀ ਫ਼ੌਜੀਆਂ ਦੀਆਂ ਕੁਰਬਾਨੀ ਦਾ ਮੁਲ ਨਾ ਪਾਉਣ, 1984 ਦੇ ਪੀੜਤਾਂ ਨੂੰ ਅਣਡਿੱਠਾ ਕਰਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਠੋਸ ਨੀਤੀ ਨਾ ਅਪਣਾਉਣ ਕਰ ਕੇ ਸ਼੍ਰ੍ਰੋਮਣੀ ਅਕਾਲੀ ਦਲ ਦਾ ਇਹ ਹਸ਼ਰ ਹੋਇਆ ਹੈ ਜਿਸ ’ਤੇ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬਚਾਉਣ ਦੀ ਲੋੜ ਹੈ।