1984 ਦੇ ਸੰਘਰਸ਼ ਲਈ ਐਡਵੋਕੇਟ ਫੂਲਕਾ ਤੇ ਬੀਬੀ ਨਿਰਪ੍ਰੀਤ ਕੌਰ ਦਾ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਵਿਚ ਸਿੱਖ ਫ਼ੋਰਮ ਜਥੇਬੰਦੀ ਵਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁਖ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਦੇ ਸੰਘਰਸ਼ ਲਈ.........

Advocate HS Phoolka and Bibi Nirpreet Kaur

ਨਵੀਂ ਦਿੱਲੀ : ਦਿੱਲੀ ਵਿਚ ਸਿੱਖ ਫ਼ੋਰਮ ਜਥੇਬੰਦੀ ਵਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁਖ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਦੇ ਸੰਘਰਸ਼ ਲਈ ਪ੍ਰਸਿੱਧ ਵਕੀਲ ਐਚ.ਐਸ.ਫੂਲਕਾ ਤੇ ਚਸ਼ਮਦੀਦ ਗਵਾਹ ਬੀਬੀ ਨਿਰਪ੍ਰੀਤ ਕੌਰ ਨੂੰ ਸਨਮਾਨਤ ਕਰਦਿਆਂ ਉਨ੍ਹਾਂ ਦੇ ਸੰਘਰਸ਼ ਨੂੰ ਲਾਮਿਸਾਲ ਦਸਿਆ ਗਿਆ। ਇਥੋਂ ਦੇ ਇੰਡੀਆ ਇੰਟਰਨੈਸ਼ਨਲ, ਲੋਧੀ ਰੋਡ ਦੇ ਕਾਨਫ਼ਰੰਸ ਹਾਲ ਵਿਖੇ ਕਈ ਜੱਥੇਬੰਦੀਆਂ ਦੇ ਨੁਮਾਇੰਦਿਆਂ ਤੇ ਸਿੱਖ ਕਤਲੇਆਮ ਪੀੜਤਾਂ ਦੀ ਹਾਜ਼ਰੀ ਵਿਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਫੂਲਕਾ ਨੇ ਨਵੰਬਰ 1984 ਤੋਂ ਲੈ ਕੇ

ਹੁਣ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਸਮੁੱਚੇ ਸੰਘਰਸ਼ ਤੋਂ ਜਾਣੂ ਕਰਵਾਇਆ ਤੇ ਦਸਿਆ ਕਿ ਕਿਸ ਤਰ੍ਹਾਂ ਪੈਰ ਪੈਰ 'ਤੇ ਇਹ ਰਾਹ ਔਕੜਾਂ ਭਰਿਆ ਸੀ ਪਰ ਉਨ੍ਹਾਂ ਸਿਦਕ ਨਾ ਛਡਿਆ। ਫੂਲਕਾ ਨੇ ਨਵੰਬਰ 84 ਦੇ ਸੰਘਰਸ਼ ਵਿਚ ਉੱਘੇ ਕਾਨੂੰਨਦਾਨ ਸੋਲੀ ਸੋਰਾਭਜੀ ਵਲੋਂ ਦਿਤੀ ਗਈ ਸੇਧ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਉਂਕਿ ਉਨ੍ਹਾਂ ਦੀ ਨਸੀਹਤ ਹੇਠ ਇਹ ਔਖੀ ਕਾਨੂੰਨੀ ਲੜਾਈ ਲੜੀ ਗਈ, ਜਿਨ੍ਹਾਂ ਦਾ ਕਾਇਦੇ ਕਾਨੂੰਨ 'ਤੇ ਅਪਣਾ ਵਖਰਾ ਭੈ ਤੇ ਪ੍ਰਭਾਵ ਸੀ। ਨਹੀਂ ਤਾਂ ਇਸ ਮਾਮਲੇ ਦਾ ਹਸ਼ਰ ਵੀ ਮਰਹੂਮ ਜਸਵੰਤ ਸਿੰਘ ਖਾਲੜਾ ਵਰਗਾ ਹੋਣਾ ਸੀ,

ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਚੁੱਕ ਕੇ, ਕਤਲ ਕਰਨ ਪਿਛੋਂ ਲਾਪਤਾ ਕਰ ਦਿਤਾ। ਫੂਲਕਾ ਨੇ ਦਸਿਆ ਕਿ ਕਿਸ ਤਰ੍ਹਾਂ ਬੜੀਆਂ ਔਕੜਾਂ ਪੇਸ਼ ਆਈਆਂ, ਗਵਾਹਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਹੋਈ, ਧਮਕਾਇਆ ਗਿਆ, ਸਰਕਾਰਾਂ ਵਲੋਂ ਦੋਸ਼ੀਆਂ ਵਿਰੁਧ ਕਾਨੂੰਨੀ ਅਮਲ ਨੂੰ ਲਟਕਾਇਆ ਗਿਆ। ਉਨ੍ਹਾਂ ਬੀਬੀ ਨਿਰਪ੍ਰੀਤ ਕੌਰ ਵਲੋਂ ਡਟ ਕੇ, ਗਵਾਹੀ ਦੇਣ ਲਈ ਉਨ੍ਹਾਂ ਦੇ ਸਿਦਕ ਤੇ ਹੌਂਸਲੇ ਦੀ ਦਾਦ ਦਿਤੀ।