ਸਿੱਖ ਕੌਮ ਨਿਰਦੋਸ਼ ਕਸ਼ਮੀਰੀ ਵਿਦਿਆਰਥੀਆਂ ਦੀ ਰਾਖੀ ਲਈ ਮੈਦਾਨ 'ਚ ਆਵੇ : ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਕਸ਼ਮੀਰੀ ਵਿਦਿਆਰਥੀਆਂ ਅਤੇ ਰੋਜ਼ੀ ਰੋਟੀ ਕਮਾਉਣ ਆਏ ਕਸ਼ਮੀਰੀ ਲੋਕਾਂ ਉਪਰ ਹੋ ਰਹੇ ਹਮਲਿਆਂ ਪ੍ਰਤੀ ਚਿੰਤਾ.......

Jagtar Singh Jachak

ਕੋਟਕਪੂਰਾ  : ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਕਸ਼ਮੀਰੀ ਵਿਦਿਆਰਥੀਆਂ ਅਤੇ ਰੋਜ਼ੀ ਰੋਟੀ ਕਮਾਉਣ ਆਏ ਕਸ਼ਮੀਰੀ ਲੋਕਾਂ ਉਪਰ ਹੋ ਰਹੇ ਹਮਲਿਆਂ ਪ੍ਰਤੀ ਚਿੰਤਾ ਦਾ ਇਜ਼ਹਾਰ ਕਰਦਿਆਂ ਗਿਆਨੀ ਜਗਤਾਰ ਸਿੰਘ ਜਾਚਕ ਨੇ ਸਿੱਖ ਕੌਮ ਨੂੰ ਬਿਪਤਾ 'ਚ ਫਸੇ ਬੇਦੋਸ਼ੇ ਕਸ਼ਮੀਰੀਆਂ ਦੀ ਰਾਖੀ ਲਈ ਡਟਣ ਦਾ ਸੱਦਾ ਦਿਤਾ ਹੈ। ਗਿਆਨੀ ਜਾਚਕ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪੁਲਵਾਮਾ 'ਚ ਵਾਪਰੇ ਹੌਲਨਾਕ ਹਾਦਸੇ ਨਾਲ ਉਨ੍ਹਾਂ ਕਸ਼ਮੀਰੀਆਂ ਦਾ ਕੋਈ ਸਬੰਧ ਨਹੀਂ ਜਿਨ੍ਹਾਂ ਨੂੰ ਥਾਂ-ਥਾਂ ਜ਼ਲੀਲ ਕਰ ਕੇ ਮਾਰਕੁੱਟ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਕਸ਼ਮੀਰ ਸਮੱਸਿਆ ਦਾ ਹੱਲ ਰਾਜਨੀਤਕ ਪੱਧਰ ਉਪਰ ਨਿਕਲਣਾ ਚਾਹੀਦਾ ਹੈ ਪਰ ਆਮ ਕਸ਼ਮੀਰੀਆਂ ਨੂੰ ਆਮ ਭਾਰਤੀਆਂ ਵਲੋਂ ਇੰਜ ਨਿਸ਼ਾਨਾ ਬਣਾਉਣਾ ਬੇਹੱਦ ਗ਼ਲਤ ਹੈ। ਉਨ੍ਹਾਂ ਆਖਿਆ ਕਿ ਨਵੰਬਰ 1984 'ਚ ਸਿੱਖ ਵੀ ਇਹੋ ਜਿਹੇ ਮਾਹੌਲ 'ਚੋਂ ਲੰਘੇ ਸਨ, ਜਿਹੋ ਜਿਹੇ ਮਾਹੌਲ 'ਚ ਅੱਜ ਕਸ਼ਮੀਰੀ ਲੋਕ ਫਸ ਗਏ ਹਨ। ਉਨ੍ਹਾਂ ਕਿਹਾ ਕਿ ਮੁਸ਼ਕਲ ਦੀ ਘੜੀ 'ਚ ਸਿੱਖਾਂ ਨੂੰ ਕਸ਼ਮੀਰੀ ਮੁਸਲਮਾਨਾਂ ਦੀ ਹਮਾਇਤ 'ਚ ਉਵੇਂ ਹੀ ਆਉਣਾ ਚਾਹੀਦਾ ਹੈ ਜਿਵੇਂ ਗੁਰੂਘਰ ਨੇ ਕਸ਼ਮੀਰੀ ਪੰਡਤਾਂ ਦੀ ਬਾਂਹ ਫੜੀ ਸੀ।

ਉਨ੍ਹਾਂ ਇਤਿਹਾਸਿਕ ਪ੍ਰਸੰਗ ਸਾਂਝਾ ਕਰਦਿਆਂ ਕਿਹਾ ਕਿ ਜਦ ਕਲਗ਼ੀਧਰ ਸ਼ਹਿਨਸ਼ਾਹ ਚਮਕੌਰ ਦੀ ਗੜ੍ਹੀ 'ਚੋਂ ਨਿਕਲ ਕੇ ਮਾਛੀਵਾੜੇ ਪਹੁੰਚੇ ਤਾਂ ਦੁਸ਼ਮਣ ਫ਼ੌਜਾਂ ਹਰਲ-ਹਰਲ ਕਰਦੀਆਂ ਫਿਰਦੀਆਂ ਸਨ ਤਾਂ ਉਸ ਮੌਕੇ ਭਾਈ ਗਨੀ ਖ਼ਾਂ ਤੇ ਭਾਈ ਨਬੀ ਖ਼ਾਂ ਨੇ ਸਤਿਗੁਰਾਂ ਨੂੰ 'ਉੱਚ ਦਾ ਪੀਰ' ਬਣਾ ਕੇ ਜਿਵੇਂ ਦੁਸ਼ਮਣ ਦੇ ਘੇਰੇ 'ਚੋਂ ਬਾਹਰ ਲਿਜਾ ਕੇ ਆਲਮਗੀਰ ਸਾਹਿਬ ਵਲ ਚਾਲੇ ਪਾਏ ਸਨ

ਜਿਸ ਇਤਿਹਾਸਿਕ ਘਟਨਾਕ੍ਰਮ ਨੂੰ ਅੱਜ ਤਕ ਸਿੱਖ ਚੇਤੇ ਕਰਦੇ ਹਨ। ਉਨ੍ਹਾਂ ਕਿਹਾ ਕਿ ਬੇਦੋਸ਼ੇ ਕਸ਼ਮੀਰੀਆਂ ਦਾ ਘਾਣ ਕਰਨ ਲਈ ਮਾੜੀ ਬਿਰਤੀ ਦੇ ਲੋਕ ਕਮਰਕੱਸੇ ਕਰੀ ਫਿਰਦੇ ਹਨ ਤਾਂ ਸਿੱਖ ਕੌਮ ਦਾ ਫ਼ਰਜ਼ ਬਣਦਾ ਹੈ ਕਿ ਕਸ਼ਮੀਰੀ ਲੋਕਾਂ ਦੀ ਰਾਖੀ ਕੀਤੀ ਜਾਵੇ। ਉਨ੍ਹਾਂ ਕਸ਼ਮੀਰੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਬਿਪਤਾ ਪਵੇ ਤਾਂ ਨੇੜਲੇ ਗੁਰਦਵਾਰੇ ਸਾਹਿਬ ਚਲੇ ਜਾਣ ਜਾਂ ਕਿਸੇ ਸਿੱਖ ਨੂੰ ਮਿਲ ਕੇ ਦਸਣ।